ਰਾਹੁਲ ਗਾਂਧੀ ਨਾਲ ‘ਭਾਰਤ ਜੋੜੋ ਯਾਤਰਾ’ ‘ਚ ਅਦਾਕਾਰਾ ਪੂਜਾ ਭੱਟ ਆਈ ਨਜ਼ਰ, ਤਸਵੀਰਾਂ ਹੋਈਆਂ ਵਾਇਰਲ

ਮੁੰਬਈ : ਬਾਲੀਵੁੱਡ ਅਦਾਕਾਰਾ ਪੂਜਾ ਭੱਟ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋ ਗਈ ਹੈ। ਹਾਲਾਂਕਿ ਇਹ ਯਾਤਰਾ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਪਹੁੰਚ ਗਈ ਹੈ, ਜਿੱਥੇ ਅਦਾਕਾਰਾ ਪੂਜਾ ਭੱਟ ਨਾਲ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਯਾਤਰਾ ‘ਚ ਨਜ਼ਰ ਆਏ।
ਟਵਿੱਟਰ ‘ਤੇ ਸ਼ੇਅਰ ਕੀਤੇ ਗਏ ਵੀਡੀਓ ਅਤੇ ਤਸਵੀਰਾਂ ‘ਚ ਪੂਜਾ ਭੱਟ ਨੇਤਾ ਰਾਹੁਲ ਗਾਂਧੀ ਨਾਲ ਸੈਰ ਦੌਰਾਨ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਪੂਜਾ ਭੱਟ ਇਸ ਯਾਤਰਾ ‘ਚ ਸ਼ਾਮਲ ਹੋਣ ਵਾਲੀ ਪਹਿਲੀ ਬਾਲੀਵੁੱਡ ਹਸਤੀ ਹੈ। ਇਸ ਦੌਰਾਨ ਸਮਰਥਕ ਵੀ ਅਦਾਕਾਰਾ ਨੂੰ ਦੇਖਣ ਲਈ ਕਾਫ਼ੀ ਉਤਸ਼ਾਹਿਤ ਨਜ਼ਰ ਆਏ। ਇਸ ਤੋਂ ਪਹਿਲਾਂ ਅਦਾਕਾਰਾ ਸਵਰਾ ਭਾਸਕਰ ਨੇ ਰਾਹੁਲ ਗਾਂਧੀ ਅਤੇ ਭਾਰਤ ਜੋੜੋ ਦੀ ਯਾਤਰਾ ਦੀ ਤਾਰੀਫ਼ ਕੀਤੀ ਸੀ।
ਅਦਾਕਾਰਾ ਨੇ ਇਕ ਟਵੀਟ ‘ਚ ਲਿਖਿਆ, ”ਚੋਣ ਹਾਰ, ਟ੍ਰੋਲਿੰਗ, ਨਿੱਜੀ ਹਮਲਿਆਂ ਅਤੇ ਲਗਾਤਾਰ ਆਲੋਚਨਾ ਦੇ ਬਾਵਜੂਦ ਰਾਹੁਲ ਗਾਂਧੀ ਨਾ ਤਾਂ ਫਿਰਕੂ ਬਿਆਨਬਾਜ਼ੀ ਅਤੇ ਨਾ ਹੀ ਸਨਸਨੀਖੇਜ਼ ਰਾਜਨੀਤੀ ਅੱਗੇ ਝੁਕਿਆ ਹੈ। ਇਸ ਦੇਸ਼ ਦੀ ਹਾਲਤ ਨੂੰ ਦੇਖਦੇ ਹੋਏ ਭਾਰਤ ਜੋੜੋ ਵਰਗੇ ਉਪਰਾਲੇ ਸ਼ਲਾਘਾਯੋਗ ਹਨ।
ਦੱਸਣਯੋਗ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ‘ਚ ਮਾਰਚ ਬੁੱਧਵਾਰ ਸਵੇਰੇ ਤੇਲੰਗਾਨਾ ਦੇ ਹੈਦਰਾਬਾਦ ਤੋਂ ਸ਼ੁਰੂ ਹੋਇਆ। ਸ਼ਹਿਰ ਦੀ ਟ੍ਰੈਫਿਕ ਪੁਲਸ ਨੇ ਮਾਰਚ ਨੂੰ ਲੈ ਕੇ ਕਈ ਟ੍ਰੈਫਿਕ ਐਡਵਾਈਜ਼ਰੀਆਂ ਜਾਰੀ ਕੀਤੀਆਂ।