ਪੰਜਾਬ ਦੇ ਕੈਮਿਸਟ ਹੁਣ ਹੋ ਜਾਣ ਸਾਵਧਾਨ! ਸਖ਼ਤ ਐਕਸ਼ਨ ਲੈਣ ਜਾ ਰਹੀ ਪੰਜਾਬ ਪੁਲਸ

ਜਲੰਧਰ : ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਨੂੰ ਧਿਆਨ ’ਚ ਰੱਖਦੇ ਹੋਏ ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲੈਂਦੇ ਹੋਏ ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੂਬੇ ’ਚ ਨੌਜਵਾਨਾਂ ਨੂੰ ਬਿਨਾਂ ਡਾਕਟਰ ਦੀ ਪਰਚੀ ਦੇ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਡੀ. ਜੀ. ਪੀ. ਗੌਰਵ ਯਾਦਵ ਵਲੋਂ ਭੇਜੇ ਗਏ ਪੱਤਰ ’ਚ ਕਿਹਾ ਗਿਆ ਹੈ ਕਿ ਪੁਲਸ ਦੇ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਅਤੇ ਪੁਲਸ ਥਾਣੇ ਦੇ ਐੱਸ. ਐੱਚ. ਓ. ਨੂੰ ਡਰੱਗ ਇੰਸਪੈਕਟਰ ਨਾਲ ਮਿਲ ਕੇ ਅਚਾਨਕ ਚੈਕਿੰਗ ਕਰਨੀ ਹੋਵੇਗੀ।
ਪੱਤਰ ’ਚ ਡੀ. ਜੀ. ਪੀ. ਨੇ ਕਿਹਾ ਹੈ ਕਿ ਸੂਬੇ ਦੇ ਕੁੱਝ ਹਿੱਸਿਆਂ ’ਚ ਡਾਕਟਰ ਦੀ ਪਰਚੀ ਤੋਂ ਬਿਨਾਂ ਪਾਬੰਦੀਸ਼ੁਦਾ ਦਵਾਈਆਂ ਦਿੱਤੀਆ ਜਾ ਰਹੀਆਂ ਹਨ, ਜਿਸ ਨਾਲ ਨੌਜਵਾਨਾਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਸ ਪੱਤਰ ਦੀਆਂ ਕਾਪੀਆਂ ਐੱਸ. ਟੀ. ਐੱਫ. ਪੰਜਾਬ ਦੇ ਸਪੈਸ਼ਲ ਡੀ. ਜੀ. ਪੀ., ਪੰਜਾਬ ਇੰਟੈਲੀਜੈਂਸ ਵਿੰਗ ਦੇ ਏ. ਡੀ. ਜੀ. ਪੀ., ਸਾਰੇ ਸੂਬਿਆਂ ਦੇ ਆਈ. ਜੀਜ਼ ਅਤੇ ਡੀ. ਆਈ. ਜੀਜ਼ ਨੂੰ ਵੀ ਭੇਜੀਆਂ ਗਈਆਂ ਹਨ। ਪੱਤਰ ’ਚ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਨਸ਼ੇ ’ਤੇ ਕੰਟਰੋਲ ਪਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਾਰੇ ਹਲਕਿਆਂ ਦੇ ਡੀ. ਐੱਸ. ਪੀਜ਼ ਅਤੇ ਐੱਸ. ਐੱਚ. ਓਜ਼ ਵਲੋਂ ਡਰੱਗ ਇੰਸਪੈਕਟਰਾਂ ਦੇ ਨਾਲ ਤਾਲਮੇਲ ਕਰ ਕੇ ਅਚਾਨਕ ਕੈਮਿਸਟ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇਗੀ, ਜਿਸ ਨਾਲ ਪਤਾ ਲੱਗ ਸਕੇ ਕਿ ਦਵਾਈਆਂ ਡਾਕਟਰ ਦੀ ਪਰਚੀ ਮੁਤਾਬਕ ਵੇਚੀਆਂ ਜਾ ਰਹੀਆਂ ਹਨ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਬਿਨਾਂ ਡਾਕਟਰ ਦੀ ਪਰਚੀ ਦੇ ਪਾਬੰਦੀਸ਼ੁਦਾ ਅਤੇ ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ 1985 ਦੇ ਨਿਯਮਾਂ ਮੁਤਾਬਕ ਅਪਰਾਧਿਕ ਕੇਸ ਦਰਜ ਕੀਤਾ ਜਾਵੇਗਾ ਅਤੇ ਕਾਨੂੰਨ ਮੁਤਾਬਕ ਉਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ’ਚ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਸਾਰੇ ਹਲਕਿਆਂ ਦੇ ਡੀ. ਐੱਸ. ਪੀਜ਼ ਅਤੇ ਐੱਸ. ਐੱਚ. ਓਜ਼ ਦੀ ਹੋਵੇਗੀ। ਪੰਜਾਬ ਸਰਕਾਰ ਨੇ ਸੂਬੇ ’ਚ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਮੁੱਦੇ ਨੂੰ ਆਪਣੀ ਚੋਣ ਗਾਰੰਟੀ ’ਚ ਸ਼ਾਮਲ ਕੀਤਾ ਸੀ। ਪਿਛਲੇ ਕੁੱਝ ਸਮੇਂ ਦੌਰਾਨ ਭਾਰੀ ਮਾਤਰਾ ’ਚ ਹੈਰੋਇਨ, ਚੂਰਾ-ਪੋਸਟ, ਅਫ਼ੀਮ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਫੜ੍ਹਨ ’ਚ ਪੰਜਾਬ ਪੁਲਸ ਨੇ ਕਾਮਯਾਬੀ ਹਾਸਲ ਕੀਤੀ ਹੈ। ਹੁਣ ਸੂਬਾ ਪੁਲਸ ਫੋਰਸ ਕੈਮਿਸਟਾਂ ਦੀ ਦੁਕਾਨਾਂ ਤੋਂ ਖ਼ਤਰਨਾਕ ਤੌਰ ’ਤੇ ਵੇਚੀਆਂ ਜਾਣ ਵਾਲੀਆਂ ਦਵਾਈਆਂ ਨੂੰ ਲੈ ਕੇ ਸ਼ਿਕੰਜਾ ਕੱਸਣ ਜਾ ਰਹੀ ਹੈ। ਇਸ ਲਈ ਆਉਣ ਵਾਲੇ ਦਿਨਾਂ ’ਚ ਪੰਜਾਬ ਪੁਲਸ ਦਾ ਐਕਸ਼ਨ ਉਨ੍ਹਾਂ ਕੈਮਿਸਟਾਂ ਦੇ ਖ਼ਿਲਾਫ਼ ਹੋ ਸਕਦਾ ਹੈ, ਜੋ ਸਿਹਤ ਲਈ ਹਾਨੀਕਾਰਕ ਦਵਾਈਆਂ ਨੂੰ ਵੇਚਦੇ ਹਨ।