ਗੈਂਗਸਟਰ ਦੀਪਕ ਟੀਨੂੰ ਨੂੰ ਮਾਨਸਾ ਪੁਲਸ ਨੇ ਕੀਤਾ ਅਦਾਲਤ ’ਚ ਪੇਸ਼, 8 ਦਿਨ ਦਾ ਮਿਲਿਆ ਰਿਮਾਂਡ

ਮਾਨਸਾ : ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ‘ਤੇ ਮਾਨਸਾ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖ਼ਾਸਮ-ਖਾਸ ਦੀਪਕ ਟੀਨੂੰ ਦਾ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਤੋਂ ਬਾਅਦ ਸਖ਼ਤ ਪ੍ਰਬੰਧਾਂ ਹੇਠਾਂ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਪੁਲਸ ਨੂੰ ਟੀਨੂੰ ਦਾ 8 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਹੈ। ਮਾਨਸਾ ਦੇ ਐੱਸ. ਐੱਸ. ਪੀ. ਗੌਰਵ ਤੂਰਾ ਨੇ ਦੱਸਿਆ ਕਿ ਪੁੱਛਗਿੱਛ ਕਰਨ ਤੋਂ ਬਾਅਦ ਗੈਂਗਸਟਰ ਟੀਨੂੰ ਨੂੰ ਰਿਮਾਂਡ ਖ਼ਤਮ ਹੋਣ ‘ਤੇ 9 ਨਵੰਬਰ ਨੂੰ ਮੁੜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਪੁਲਸ ਉਸ ਕੋਲੋਂ ਫ਼ਰਾਰੀ ਮਾਮਲੇ ਤੋਂ ਇਲਾਵਾ ਸਿੱਧੂ ਮੂਸੇਵਾਲਾ ਕਤਲਕਾਂਡ ਬਾਰੇ ਪੁੱਛਗਿੱਛ ਕਰੇਗੀ ਅਤੇ ਇਸ ਵੱਡੇ ਖ਼ੁਲਾਸੇ ਹੋ ਸਕਦੇ ਹਨ।
ਦੱਸ ਦੇਈਏ ਕਿ ਗੈਂਗਸਟਰ ਦੀਪਕ ਟੀਨੂੰ 1 ਅਕਤੂਬਰ ਨੂੰ ਮਾਨਸਾ CIA ਦੇ ਬਰਖ਼ਾਸਤ ਇੰਚਾਰਜ ਪ੍ਰਿਤਪਾਲ ਦੀ ਗ੍ਰਿਫ਼ਤ ‘ਚੋਂ ਫ਼ਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ 19 ਅਕਤੂਬਰ ਨੂੰ ਟੀਨੂੰ ਨੂੰ ਰਾਜਸਥਾਨ ਦੇ ਅਜਮੇਰ ਤੋਂ ਕਾਬੂ ਕਰ ਲਿਆ ਸੀ। ਉਸ ਦਿਨ ਤੋਂ ਟੀਨੂੰ ਦਿੱਲੀ ਪੁਲਸ ਦੀ ਹਿਰਾਸਤ ‘ਚ ਸੀ , ਜਿਸ ਨੂੰ ਕੱਲ੍ਹ ਪਟਿਆਲਾ ਦੇ ਹਾਊਸ ਕੋਰਟ ‘ਚ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਨੇ ਟੀਨੂੰ ਨੂੰ ਮਾਨਸਾ ਪੁਲਸ ਹਵਾਲੇ ਕਰ ਦਿੱਤੀ ਸੀ। ਪੁਲਸ ਉਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਮਾਨਸਾ ਲੈ ਕੇ ਆਈ ਸੀ ਅਤੇ ਅੱਜ ਅਦਾਲਚ ‘ਚ ਪੇਸ਼ ਕਰਕੇ ਉਸ ਦਾ 8 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।