ਤਰਨਤਾਰਨ : ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਜਾਰੀ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਪਾਕਿਸਤਾਨੀ ਡਰੋਨ ਵੱਲੋਂ ਬੀਤੀ ਦੇਰ ਰਾਤ ਇਕ ਵਾਰ ਫਿਰ ਤੋਂ ਭਾਰਤੀ ਖੇਤਰ ‘ਚ ਦਸਤਕ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਨਿੱਤ ਦਿਨ ਡਰੋਨ ਦੀ ਮਦਦ ਲੈਂਦੇ ਹੋਏ ਨਸ਼ੀਲੇ ਪਦਾਰਥ, ਅਸਲਾ ਅਤੇ ਵਿਸਫੋਟਕ ਸਮੱਗਰੀ ਦੀਆਂ ਖ਼ੇਪਾਂ ਭੇਜੀਆ ਜਾ ਰਹੀਆਂ ਹਨ।
ਇਨ੍ਹਾਂ ‘ਚੋਂ ਕਈ ਖੇਪਾਂ ਬੀ. ਐੱਸ. ਐੱਫ ਅਤੇ ਪੰਜਾਬ ਪੁਲਸ ਵੱਲੋਂ ਬਰਾਮਦ ਵੀ ਕੀਤੀਆਂ ਜਾ ਚੁੱਕੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਖਾਲੜਾ ਅਧੀਨ ਆਉਂਦੀ ਬੀ. ਓ. ਪੀ. ਖਾਲੜਾ ਦੇ ਪਿੱਲਰ ਨੰਬਰ 129/35 ਰਾਹੀਂ ਬੀਤੀ ਰਾਤ ਕਰੀਬ ਡੇਢ ਵਜੇ ਪਾਕਿਸਤਾਨੀ ਡਰੋਨ ਦਾਖ਼ਲ ਹੋ ਗਿਆ।
ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਸਰਹੱਦ ‘ਤੇ ਤਾਇਨਾਤ ਬੀ. ਐੱਸ. ਐੱਫ. ਦੀ 71 ਬਟਾਲੀਅਨ ਵੱਲੋਂ ਹਰਕਤ ‘ਚ ਆਉਂਦੇ ਹੋਏ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਕਰੀਬ ਅੱਧਾ ਦਰਜਨ ਰਾਊਂਡ ਫਾਇਰਿੰਗ ਕੀਤੀ ਗਈ। ਇਸ ਤੋਂ ਬਾਅਦ ਪਾਕਿਸਤਾਨ ਵੱਲ ਡਰੋਨ ਵਾਪਸ ਪਰਤ ਗਿਆ। ਸੋਮਵਾਰ ਸਵੇਰੇ ਥਾਣਾ ਖਾਲੜਾ ਅਤੇ ਬੀ. ਐੱਸ. ਐੱਫ. ਵੱਲੋਂ ਚਲਾਈ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਇਲਾਕੇ ਦਾ ਚੱਪਾ-ਚੱਪਾ ਖੰਗਾਲਿਆ ਜਾ ਰਿਹਾ ਹੈ।