ਗੁਜਰਾਤ ਪੁਲ ਹਾਦਸੇ ਕਾਰਨ ਕੇਜਰੀਵਾਲ ਨੇ ਹਰਿਆਣਾ ਦੇ ਆਦਮਪੁਰ ‘ਚ ਰੋਡ ਸ਼ੋਅ ਕੀਤਾ ਰੱਦ

ਹਰਿਆਣਾ – ਗੁਜਾਰਤ ‘ਚ ਮੋਰਬੀ ਪੁਲ ਟੁੱਟਣ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਹਰਿਆਣਾ ਦੇ ਆਦਮਪੁਰ ‘ਚ ਸੋਮਵਾਰ ਨੂੰ ਹੋਣ ਵਾਲਾ ਰੋਡ ਸ਼ੋਅ ਰੱਦ ਹੋ ਗਿਆ ਹੈ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਇਹ ਜਾਣਕਾਰੀ ਦਿੱਤੀ। 3 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਪ੍ਰਚਾਰ ਖ਼ਤਮ ਹੋਣ ਤੋਂ ਇਕ ਦਿਨ ਪਹਿਲਾਂ ਕੇਜਰੀਵਾਲ ਨੇ ਆਦਮਪੁਰ ‘ਚ ਰੋਡ ਸ਼ੋਅ ਕਰਨਾ ਸੀ। ਪਾਰਟੀ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਅੇਤ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੁਸ਼ੀਲ ਗੁਪਤਾ ਨੇ ਦੱਸਿਆ,”ਗੁਜਰਾਤ ਪੁਲ ਹਾਦਸੇ ਨੂੰ ਦੇਖਦੇ ਹੋਏ ਅਰਵਿੰਦ ਜੀ ਦਾ ਸੋਮਵਾਰ ਨੂੰ ਹੋਣ ਵਾਲਾ ਰੋਡ ਸ਼ੋਅ ਰੱਦ ਕਰ ਦਿੱਤਾ ਗਿਆ ਹੈ।” ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਛੋਟੇ ਪੁੱਤਰ ਕੁਲਦੀਪ ਬਿਸ਼ਨੋਈ ਨੇ ਸੀਟ ਤੋਂ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਅਤੇ ਅਗਸਤ ‘ਚ ਭਾਜਪਾ ‘ਚ ਸ਼ਾਮਲ ਹੋਣ ਦੇ ਬਾਅਦ ਤੋਂ ਜ਼ਿਮਨੀ ਚੋਣ ਦੀ ਲੋੜ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਦਮਪੁਰ ‘ਚ ‘ਆਪ’ ਲਈ ਪ੍ਰਚਾਰ ਕੀਤਾ ਸੀ। ਕੇਜਰੀਵਾਲ ਨੇ ਪਿਛਲੇ ਮਹੀਨੇ ਹਿਸਾਰ ਤੋਂ ਪਾਰਟੀ ਦੀ ਰਾਸ਼ਟਰਵਿਆਪੀ ‘ਮੇਕ ਇੰਡੀਆ ਨੰਬਰ1’ ਮੁਹਿੰਮ ਲਾਂਚ ਕੀਤਾ ਸੀ। ਐਤਵਾਰ ਨੂੰ ਗੁਪਤਾ ਨੇ ਬਾਲਸਮੰਦ ਪਿੰਡ ‘ਚ ਘਰ-ਘਰ ਜਾ ਕੇ ਪਾਰਟੀ ਉਮੀਦਵਾਰ ਸਤੇਂਦਰ ਸਿੰਘ ਲਈ ਵੋਟ ਮੰਗੀ। ਦੱਸਣਯੋਗ ਹੈ ਕਿ ਮੋਰਬੀ ਪੁਲ ਟੁੱਟਣ ਨਾਲ ਮਰਨ ਵਾਲਿਆਂ ਦੀ ਗਿਣਤੀ 132 ਹੋ ਗਈ ਹੈ ਅਤੇ ਬਚਾਅ ਕਰਮੀ ਲਾਪਤਾ ਦੱਸੇ ਜਾ ਰਹੇ 2 ਲੋਕਾਂ ਦੀ ਭਾਲ ਕਰ ਰਹੇ ਹਨ।