ਹਫਤੇ ਦੇ ਅੰਦਰ ਯੂਰਪ ’ਚ ਫਿਰ ਤੋਂ ਆ ਸਕਦੀ ਹੈ ਕੋਰੋਨਾ ਦੀ ਜਾਨਲੇਵਾ ਲਹਿਰ, ਚਿਤਾਵਨੀ ਜਾਰੀ

ਇੰਟਰਨੈਸ਼ਨਲ ਡੈਸਕ– ਪੂਰੀ ਦੁਨੀਆ ਇਸ ਸਾਲ ਕੋਵਿਡ ਮਹਾਮਾਰੀ ਦੇ ਅੰਤ ਦੇ ਅਧਿਕਾਰਤ ਐਲਾਨ ਦਾ ਇੰਤਜ਼ਾਰ ਕਰ ਰਹੀ ਹੈ, ਕਿ ਇਸ ਦਰਮਿਆਨ ਇਕ ਵਾਰ ਫਿਰ ਤੋਂ ਖੌਫਨਾਕ ਜਾਣਕਾਰੀ ਸਾਹਮਣੇ ਆਈ ਹੈ। ਯੂਰਪੀਅਨ ਮੈਡੀਸਨ ਏਜੰਸੀ (ਈ. ਐੱਮ. ਏ.) ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ ਦੀ ਬਹੁਤ ਹੀ ਖ਼ਤਰਨਾਕ ਲਹਿਰ ਸਾਹਮਣੇ ਆਉਣ ਵਾਲੀ ਹੈ।
ਏਜੰਸੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਯੂਰਪ ’ਚ ਕੋਵਿਡ ਦੀ ਨਵੀਂ ਲਹਿਰ ਇਕ ਹਫ਼ਤੇ ਦੇ ਅੰਦਰ ਆ ਸਕਦੀ ਹੈ। ਸਿਹਤ ਏਜੰਸੀ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਟੀਕਿਆਂ ਦੀ ਸਪਲਾਈ ਦੇ ਮੁਕਾਬਲੇ ਵਾਇਰਸ ਦੇ ਨਵੇਂ ਵੇਰੀਐਂਟ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ।
ਪੰਜ ਦੇਸ਼ਾਂ ’ਚ ਕਰੋਨਾ ਦਾ ਕਹਿਰ
ਯੂਰਪੀਅਨ ਯੂਨੀਅਨ ਵੱਲੋਂ ਕਿਹਾ ਗਿਆ ਹੈ ਕਿ ਕੋਵਿਡ ਮਹਾਮਾਰੀ ਅਜੇ ਖਤਮ ਨਹੀਂ ਹੋਈ ਹੈ। ਸਾਰਿਆਂ ਨੂੰ ਕੋਰੋਨਾ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਪਵੇਗੀ, ਨਾਲ ਹੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਲੋਕਾਂ ਨੂੰ ਕਿਹਾ ਗਿਆ ਹੈ ਕਿ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨ ਵਿੱਚ ਲਾਪਰਵਾਹੀ ਨਾ ਵਰਤਣ। ਵੈਕਸੀਨ ਸਟ੍ਰੈਟੇਜੀ ਦੇ ਮੁਖੀ ਡਾ. ਮਾਰਕੋ ਕੈਵੇਲਰੀ ਦੇ ਅਨੁਸਾਰ, ਪਿਛਲੇ ਹਫਤੇ ਯੂਰਪੀਅਨ ਯੂਨੀਅਨ ਅਤੇ ਯੂਰਪੀਅਨ ਆਰਥਿਕ ਖੇਤਰ ਦੇ ਘੱਟ ਤੋਂ ਘੱਟ ਪੰਜ ਦੇਸ਼ਾਂ ’ਚ ਓਮਿਕਰੋਨ ਦੇ ਨਵੇਂ ਵੇਰੀਐਂਟ ਦੀ ਪਛਾਣ ਕੀਤੀ ਗਈ ਸੀ। ਜਿਨ੍ਹਾਂ ’ਚੋਂ ਇਕ ਨੂੰ ਬੀ. ਕਿਊ-1 ਕਿਹਾ ਗਿਆ ਹੈ।
ਡਾ. ਮਾਰਕੋ ਮੁਤਾਬਕ ਨਵੰਬਰ ਤੋਂ ਦਸੰਬਰ ਦੀ ਸ਼ੁਰੂਆਤ ਤਕ ਭਾਰੀ ਤਬਾਹੀ ਸਾਹਮਣੇ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਨਵੀਂ ਲਹਿਰ ਬੇਹੱਦ ਜਾਨਲੇਵਾ ਸਾਬਤ ਹੋ ਸਕਦੀ ਹੈ।
ਕੋਵਿਡ ਵੈਕਸੀਨ ਅਜੇ ਵੀ ਪ੍ਰਭਾਵਸ਼ਾਲੀ
ਸਿਹਤ ਏਜੰਸੀ ਨੇ ਕਿਹਾ ਕਿ ਹਾਲਾਂਕਿ ਇਸ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ ਟੀਕੇ ਕੋਵਿਡ ਨਾਲ ਲੜਨ ਵਿਚ ਅਜੇ ਵੀ ਕਾਰਗਰ ਹਨ। ਸਿਹਤ ਏਜੰਸੀ ਨੇ ਕਿਹਾ ਕਿ ਟੀਕੇ ਕੋਵਿਡ ਵਿਰੁੱਧ ਪ੍ਰਭਾਵੀ ਹਨ।
ਇਸ ਤੋਂ ਇਲਾਵਾ ਯੂਰਪੀਅਨ ਸਿਹਤ ਅਧਿਕਾਰੀਆਂ ਨੇ ਉੱਚ ਜੋਖਮ ਵਾਲੇ ਲੋਕਾਂ ਨੂੰ ਐਂਟੀ ਇਨਫਲੂਐਂਜ਼ਾ ਵਾਇਰਸ ਦਾ ਟੀਕਾ ਲਗਵਾਉਣ ਲਈ ਕਿਹਾ ਹੈ। ਇਹ ਵਾਇਰਸ ਇਸ ਸਰਦ ਰੁੱਤ ’ਚ ਫੈਲ ਸਕਦਾ ਹੈ।
ਇਹ ਚਿਤਾਵਨੀ ਅਜਿਹੇ ਸਮੇਂ ’ਚ ਆਈ ਹੈ ਜਦੋਂ ਓਮੀਕ੍ਰੋਨ ਦਾ ਨਵਾਂ ਵੇਰੀਐਂਟ ਅਮਰੀਕਾ ’ਚ ਕਹਿਰ ਵਰ੍ਹਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਵੀ ਇਹ ਕਿਹਾ ਹੈ ਕਿ ਬੀ. ਕਿਊ-1.1 ਸਬਵੇਰਐਂਟ ਘੱਟ ਤੋਂ ਘੱਟ 29 ਦੇਸ਼ਾਂ ’ਚ ਤੇਜ਼ੀ ਨਾਲ ਫੈਲ ਰਿਹਾ ਹੈ।