ਆਸਾਮ ’ਚ 15 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ, 2 ਗ੍ਰਿਫਤਾਰ

ਦਿਫੂ – ਆਸਾਮ ਦੇ ਕਾਰਬੀ ਐਂਗਲੌਂਗ ਜ਼ਿਲੇ ’ਚ ਸ਼ਨੀਵਾਰ 15 ਕਰੋੜ ਰੁਪਏ ਦੀ ਕੀਮਤ ਦਾ ਨਸ਼ੀਲੇ ਪਦਾਰਥ ਮੋਰਫਿਨ ਜ਼ਬਤ ਕੀਤਾ ਗਿਆ । ਇਸ ਸੰਬੰਧੀ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਸੂਹ ’ਤੇ ਕਾਰਵਾਈ ਕਰਦੇ ਹੋਏ ਦਿਲਈ ਨਾਮੀ ਥਾਂ ’ਤੇ ਇੱਕ ਚੈਕ ਪੋਸਟ ਸਥਾਪਤ ਕੀਤੀ ਗਈ ਸੀ। ਸਵੇਰੇ 11.30 ਵਜੇ ਮਣੀਪੁਰ ਤੋਂ ਆ ਰਹੀ ਉੱਤਰ ਪ੍ਰਦੇਸ਼ ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਇੱਕ ਕਾਰ ਨੂੰ ਰੋਕਿਆ ਗਿਆ। ਬਾਰੀਕੀ ਨਾਲ ਤਲਾਸ਼ੀ ਲੈਣ ’ਤੇ ਕਾਰ ਦੇ ਪਿਛਲੇ ਹਿੱਸੇ ’ਚ ਛੁਪਾ ਕੇ ਰੱਖੀ ਗਈ 4 ਕਿਲੋਗ੍ਰਾਮ ਮੋਰਫਿਨ ਬਰਾਮਦ ਹੋਈ। ਇਸ ਦੀ ਬਾਜ਼ਾਰੀ ਕੀਮਤ ਲਗਭਗ 15 ਕਰੋੜ ਰੁਪਏ ਹੈ।
ਇਹ ਨਸ਼ੀਲੇ ਪਦਾਰਥ ਰਾਜਸਥਾਨ ਲਿਜਾਏ ਜਾ ਰਹੇ ਸਨ। 2 ਅੰਤਰਰਾਜੀ ਸਮੱਗਲਰ ਜਿਨ੍ਹਾਂ ਦੀ ਪਛਾਣ ਭਗਵਤੀ ਲਾਲ (37) ਅਤੇ ਛੋਟੇ ਖਾਨ (26) ਵਾਸੀ ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲੇ ਵਜੋਂ ਹੋਈ ਹੈ, ਨੂੰ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।