ਰਸੋਈ ਗੈਸ ਸਿਲੰਡਰ ‘ਚ ਹੋਇਆ ਧਮਾਕਾ, 7 ਪੁਲਸ ਮੁਲਾਜ਼ਮਾਂ ਸਮੇਤ 25 ਲੋਕ ਝੁਲਸੇ

ਔਰੰਗਾਬਾਦ – ਬਿਹਾਰ ਦੇ ਔਰੰਗਾਬਾਦ ਦੇ ਥਾਣਾ ਖੇਤਰ ਸ਼ਾਹਗੰਜ ਮੁਹੱਲੇ ‘ਚ ਸ਼ਨੀਵਾਰ ਨੂੰ ਰਸੋਈ ਗੈਸ ਸਿਲੰਡਰ ਫਟ ਗਿਆ। ਇਸ ਹਾਦਸੇ ‘ਚ 7 ਪੁਲਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 25 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਅਨਿਲ ਗੋਸਵਾਮੀ ਦੇ ਇਕ ਪਰਿਵਾਰ ਦੀਆਂ ਔਰਤਾਂ ਸ਼ਾਹਗੰਜ ਮੁਹੱਲੇ ‘ਚ ਛਠ ਤਿਉਹਾਰ ਦਾ ਪ੍ਰਸ਼ਾਦ ਬਣਾ ਰਹੀਆਂ ਸਨ, ਉਦੋਂ ਰਸੋਈ ਗੈਸ ਸਿਲੰਡਰ ਲੀਕ ਹੋਣ ਲੱਗਾ ਅਤੇ ਉਸ ‘ਚ ਅੱਗ ਲੱਗ ਗਈ।
ਪੁਲਸ ਨੇ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕੇ ਅਤੇ ਹੌਲੀ-ਹੌਲੀ ਘਰ ਦੇ ਵੱਡੇ ਹਿੱਸੇ ‘ਚ ਵੀ ਅੱਗ ਲੱਗ ਗਈ। ਪੁਲਸ ਨੇ ਕਿਹਾ,”ਘਟਨਾ ਬਾਰੇ ਪਤਾ ਲੱਗਣ ‘ਤੇ ਸਥਾਨਕ ਪੁਲਸ ਥਾਣੇ ਦਾ ਇਕ ਗਸ਼ਤੀ ਦਲ ਵੀ ਮੌਕੇ ‘ਤੇ ਪਹੁੰਚ ਗਿਆ।” ਪੁਲਸ ਨੇ ਕਿਹਾ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ ਸਿਲੰਡਰ ‘ਚ ਅਚਾਨਕ ਵਿਸਫ਼ੋਟ ਹੋ ਗਿਆ। ਪੁਲਸ ਨੇ ਅੱਗੇ ਦੱਸਿਆ ਕਿ ਇਸ ਘਟਨਾ ‘ਚ 7 ਪੁਲਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 25 ਲੋਕ ਝੁਲਸ ਗਏ। ਉਨ੍ਹਾਂ ਦੱਸਿਆ,”ਸਾਰੇ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।” ਪੁਲਸ ਨੇ ਕਿਹਾ ਕਿ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਰਾਹਤ ਤੇ ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ।