ਪੈਰੋਲ ਦੇ ਨਿਯਮਾਂ ’ਚ ਹੋਵੇਗਾ ਬਦਲਾਅ? ਸਵਾਤੀ ਮਾਲੀਵਾਲ ਨੇ PM ਮੋਦੀ ਨੂੰ ਚਿੱਠੀ ਲਿਖ ਚੁੱਕਿਆ ਵੱਡਾ ਮੁੱਦਾ

ਨਵੀਂ ਦਿੱਲੀ – ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਜਿਸ ਵਿਚ Remission ਤੇ Parole ਨਿਯਮਾਂ ’ਚ ਬਦਲਾਅ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਅਤੇ ਰਾਮ ਰਹੀਮ ਨੂੰ ਵਾਪਸ ਜੇਲ੍ਹ ਪਹੁੰਚਾਉਣ ਦੀ ਮੰਗ ਕੀਤੀ ਹੈ।
ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਆਪਣੇ ਟਵਿਟਰ ਹੈਂਡਲ ’ਤੇ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਹੈ ਜਿਸ ਵਿਚ ਉਹ ਪੀ.ਐੱਮ. ਮੋਦੀ ਨੂੰ ਅਪੀਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 2002 ’ਚ ਗੁਜਰਾਤ ਦੰਗਿਆਂ ਦੌਰਾਨ ਜਦੋਂ ਬਿਲਕਿਸ ਬਾਨੋ ਦੇ ਨਾਲ ਸਮੂਹਿਕ ਜ਼ਬਰ-ਜਿਨਾਹ ਕੀਤਾ ਗਿਆਸੀ, ਉਦੋਂ ਇਹ 21 ਸਾਲ ਦੀ ਸੀ। ਬਲਾਤਕਾਰੀਆਂ ਨੇ 5 ਮਹੀਨਿਆਂ ਦੀ ਗਰਭਵਤੀ ਬਿਲਕਿਸ ਬਾਨੋ ’ਤੇ ਨਾ ਸਿਰਫ ਤਸ਼ੱਦਦ ਕੀਤਾ, ਸਗੋਂ ਉਸਦੇ 3 ਸਾਲਾ ਬੱਚੇ ਸਮੇਤ ਪਰਿਵਾਰ ਦੇ 7 ਮੈਂਬਰਾਂ ਨੂੰ ਵੀ ਮਾਰ ਦਿੱਤਾ।
2008 ’ਚ ਮੁੰਬਈ ਦੀ ਇਕ ਸੈਸ਼ਨ ਅਦਾਲਤ ਨੇ ਉਸਦੇ ਮਾਮਲੇ ’ਚ 11 ਲੋਕਾਂ ਨੂੰ ਸਮੂਹਿਕ ਜ਼ਬਰ-ਜਿਨਾਹ ਅਤੇ ਕਤਲ ਲਈ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਹਾਲਾਂਕਿ, ਇਸ ਸਾਲ 15 ਅਗਸਤ ਨੂੰ ਗੁਜਰਾਤ ਸਰਕਾਰ ਨੇ 1992 ਦੀ ਸਜ਼ਾ ’ਚ ਛੋਟ ਦੀ ਨੀਤੀ ਦਾ ਹਵਾਲਾ ਦਿੰਦੇ ਹੋਏ ਬਲਾਤਕਾਰੀਆਂ ਨੂੰ ਛੱਡ ਦਿੱਤਾ, ਜਿਸਨੇ ਕੈਦੀਆਂ ਨੂੰ ਉਨ੍ਹਾਂ ਦੀ ਸਜ਼ਾ ’ਚ ਕਮੀ ਲਈ ਅਪੀਲ ਕਰਨ ਦੀ ਮਨਜ਼ੂਰੀ ਦਿੱਤੀ ਸੀ। ਇਹ ਸੀ.ਬੀ.ਆਈ. ਅਤੇ ਵਿਸ਼ੇਸ਼ ਜੱਜ ਦੁਆਰਾ ਦੋਸ਼ੀਆਂ ਦੀ ਰਿਹਾਈ ਦੇ ਖ਼ਿਲਾਫ਼ ਇਤਰਾਜ਼ ਜਤਾਉਣ ਦੇ ਬਾਵਜੂਦ ਕੀਤਾ ਗਿਆਸੀ।ਮੀਡੀਆ ਨੇ ਇਹ ਵੀ ਦੱਸਿਆ ਹੈ ਕਿ ਬਿਲਕਿਸ ਬਾਨੋ ਦੇ ਕੁਝ ਬਲਾਤਕਾਰੀਆਂ ’ਤੇ ਪੈਰੋਲ ’ਤੇ ਰਿਹਾਅ ਹੋਣ ’ਤੇ ‘ਜਨਾਨੀਆਂ ਦਾ ਮਰਿਆਦਾ ਨੂੰ ਭੜਕਾਉਣ’ ਵਰਗੇ ਅਪਰਾਧਾਂ ਦੇ ਦੋਸ਼ ਵੀ ਲੱਗੇ ਸਨ। ਇਸਦੇ ਬਾਵਜੂਦ ਉਨ੍ਹਾਂ ਦੀ ਸਜ਼ਾ ਘੱਟ ਕਰ ਦਿੱਤੀ ਗਈ ਕਿਉਂਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਨੇ ਵੀ ਬਿਲਕਿਸ ਬਾਨੋ ਦੇ ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦਿ ਸ਼ਿਫਾਰਿਸ਼ ਕੀਤੀ ਸੀ।
ਇਕ ਹੋਰ ਮਾਮਲੇ ’ਚ ਹਾਲ ਹੀ ’ਚ ਹਰਿਆਣਾ ਸਰਕਾਰ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ’ਤੇ ਰਿਹਾਅ ਕੀਤਾ ਹੈ, ਜੋ ਬਲਾਤਕਾਰ ਅਤੇ ਕਤਲ ਦਾ ਦੋਸ਼ ਹੈ ਅਤੇ ਰੋਹਤਕ ਦੀ ਜੇਲ੍ਹ ’ਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ। ਇਹ ਵੇਖਿਆ ਗਿਆ ਹੈ ਕਿ ਕੈਦ ਦੌਰਾਨ ਦੋਸ਼ੀ ਨੂੰ ਕਈ ਵਾਰ ਪੈਰੋਲ ’ਤੇ ਰਿਹਾਅ ਕੀਤਾ ਜਾ ਚੁੱਕਾ ਹੈ। ਇਸ ਵਾਰ ਪੈਰੋਲ ’ਤੇ ਬਾਹਰ ਹੋਣ ’ਤੇ ਉਸਨੇ ਕਈ ‘ਪ੍ਰਵਚਨ ਸਭਾਵਾਂ’ ਦਾ ਆਯੋਜਨ ਕੀਤਾ ਹੈ ਅਤੇ ਖੁਦ ਨੂੰ ਉਤਸ਼ਾਹ ਦੇਣ ਵਾਲੇ ਸੰਗੀਤ ਵੀਡੀਓ ਜਾਰੀ ਕੀਤੇ ਹਨ। ਹਾਲ ਹੀ ’ਚ ਹਰਿਆਣਾ ਦੇ ਵਿਧਾਨ ਸਭਾ ਉਪ ਪ੍ਰਧਾਨ ਅਤੇ ਇਕ ਮਹਾਪੌਰ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਟਰਾਂਸਪੋਰਟ ਮੰਤਰੀ ਸਮੇਤ ਕਈ ਵੱਡੇ ਅਧਿਕਾਰੀਆਂ ਨੇ ਉਨ੍ਹਾਂ ਦੀ ਸਤਸੰਗ ’ਚ ਹਿੱਸਾ ਲਿਆ ਅਤੇ ਉਨ੍ਹਾਂ ਪ੍ਰਤੀ ਪੂਰੀ ਲਗਨ ਅਤੇ ਸਮਰਥਨ ਦਾ ਵਾਅਦਾ ਕੀਤਾ। ਉਹ ਹੱਥ ਜੋੜ ਕੇ ਰਾਮ ਰਹੀਮ ਦੀ ਸਤਸੰਗ ’ਚ ਲਾਈਨਾ ’ਚ ਲੱਗੇ ਨਜ਼ਰ ਆਏ ਅਤੇ ਉਸਦਾ ਆਸ਼ੀਰਵਾਦ ਲਿਆ ਅਤੇ ਦੋਸ਼ੀ ਦੇ ਕੰਮ ਦੀ ਪ੍ਰਸ਼ੰਸਾ ਕੀਤੀ।
ਸਵਾਤੀ ਮਾਲੀਵਾਲ ਨੇ ਇਨ੍ਹਾਂ ਘਟਨਾਵਾਂ ਨੂੰ ਬੇਹੱਦ ਹੈਰਾਨ ਕਰਨ ਵਾਲਾ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਦੇਸ਼ ’ਚ ਸਜ਼ਾ ’ਚ ਛੋਟ, ਪੈਰੋਲ ਅਤੇ ਇੱਥੋਂ ਤਕ ਕਿ ਫਰਲੋ ਦੇ ਮਾਮਲੇ ’ਚ ਮੌਜੂਦਾ ਨਿਯਮ ਅਤੇ ਨੀਤੀਆਂ ਬੇਹੱਦ ਕਮਜ਼ੋਰ ਹਨ ਅਤੇ ਇਨ੍ਹਾਂ ’ਚ ਰਾਜਨੇਤਾਵਾਂ ਅਤੇ ਦੋਸ਼ੀਆਂ ਦੁਆਰਾ ਆਪਣੇ ਫਾਇਦੇ ਲਈ ਆਸਾਨੀ ਨਾਲ ਹੇਰਫੇਰ ਕੀਤਾ ਜਾ ਸਕਦਾ ਹੈ। ਇਨ੍ਹਾਂ ਨਿਯਮਾਂ ਨੂੰ ਸਖ਼ਤ ਕੀਤਾ ਜਾਵੇ।