ਕੀਵ – ਯੂਕ੍ਰੇਨ ’ਤੇ ਰੂਸ ਵਲੋਂ ਲਗਾਤਾਰ ਬੰਬ ਸੁੱਟੇ ਜਾ ਰਹੇ ਹਨ, ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਹਨ। ਰੂਸੀ ਹਮਲਿਆਂ ਵਿਚਾਲੇ ਯੂਕ੍ਰੇਨ ਦੇ ਵੱਡੇ ਹਿੱਸੇ ’ਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਯੁੱਧ ਨਾਲ ਪ੍ਰਭਾਵਿਤ ਯੂਕ੍ਰੇਨ ਦੇ ਲਗਭਗ 40 ਲੱਖ ਲੋਕਾਂ ਨੂੰ ਹਨੇਰੇ ’ਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੇ ਬਿਜਲੀ ਨੈੱਟਵਰਕ ’ਤੇ ਰੂਸ ਲਗਾਤਾਰ ਹਵਾਈ ਹਮਲੇ ਕਰ ਰਿਹਾ ਹੈ, ਜਿਸ ਨਾਲ ਲਗਭਗ 40 ਲੱਖ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਯੂਕ੍ਰੇਨ ਦੇ ਇਲੈਕਟ੍ਰੀਸਿਟੀ ਇੰਫਰਾਸਟ੍ਰਕਚਰ ਨੂੰ ਪਹੁੰਚੇ ਨੁਕਸਾਨ ਦੇ ਮੱਦੇਨਜ਼ਰ ਰਾਜਧਾਨੀ ਕੀਵ ’ਚ ਬਿਜਲੀ ਕੱਟੇ ਜਾਣ ਨੂੰ ਲੈ ਕੇ ਚਿਤਾਵਨੀ ਵੀ ਜਾਰੀ ਕੀਤੀ ਸੀ।
ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਆਪਣੇ ਸੰਬੋਧਨ ’ਚ ਕਿਹਾ ਕਿ ਰੂਸ ਦੇ ਹਵਾਈ ਹਮਲਿਆਂ ਨਾਲ ਯੂਕ੍ਰੇਨ ਦੇ ਬਿਜਲੀ ਨੈੱਟਵਰਕ ਨੂੰ ਨੁਕਸਾਨ ਪਹੁੰਚਿਆ ਹੈ ਤੇ 40 ਲੱਖ ਲੋਕ ਹਨੇਰੇ ’ਚ ਰਹਿਣ ਲਈ ਮਜਬੂਰ ਹਨ। ਅਸੀਂ ਇਸ ਬਲੈਕਆਊਟ ਨੂੰ ਦੂਰ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੇ ਹਾਂ, ਹਰ ਕੋਸ਼ਿਸ਼ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਯੂਕ੍ਰੇਨ ਦੀ ਰਾਜਧਾਨੀ ਕੀਵ ’ਤੇ ਰੂਸ ਦੇ ਡਰੋਨ ਹਮਲੇ ਕਾਰਨ ਬਿਜਲੀ ਸਪਲਾਈ ਕੇਂਦਰ ਨੁਕਸਾਨਿਆ ਗਿਆ ਹੈ। ਰੂਸ ਦੇ ਹਮਲਿਆਂ ’ਚ ਕੀਵ ਸਮੇਤ ਕਈ ਸ਼ਹਿਰਾਂ ’ਚ ਪਾਵਰ ਪਲਾਂਟ ਵੀ ਤਬਾਹ ਹੋਏ ਹਨ। ਯੂਕ੍ਰੇਨ ਦੇ ਬਿਜਲੀ ਪਲਾਂਟਾਂ ਨੂੰ ਨਿਸ਼ਾਨਾ ਬਣਾ ਕੇ ਰੂਸ ਮਿਜ਼ਾਈਲ ਤੇ ਡਰੋਨ ਹਮਲੇ ਕਰ ਰਿਹਾ ਹੈ।