ਦਿੱਲੀ ਪੁਲਸ ਨੂੰ ਮਿਲਿਆ ਗੈਂਗਸਟਰ ਦੀਪਕ ਟੀਨੂੰ ਦਾ 3 ਦਿਨਾਂ ਦਾ ਰਿਮਾਂਡ, ਪੰਜਾਬ ਪੁਲਸ ਖ਼ਾਲੀ ਹੱਥ ਪਰਤੀ

ਨਵੀਂ ਦਿੱਲੀ – ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸ਼ੁੱਕਰਵਾਰ ਨੂੰ ਗੈਂਗਸਟਰ ਦੀਪਕ ਟੀਨੂੰ ਦੀ ਤਿੰਨ ਦਿਨ ਦੀ ਪੁਲਸ ਰਿਮਾਂਡ ਵਧਾ ਦਿੱਤੀ ਹੈ। ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਇਕ ਅਕਤੂਬਰ ਨੂੰ ਪੰਜਾਬ ਪੁਲਸ ਦੀ ਹਿਰਾਸਤ ਤੋਂ ਫਰਾਰ ਹੋਏ ਟੀਨੂੰ ਨੂੰ ਪਿਛਲੇ ਹਫ਼ਤੇ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਸੀ। 7 ਦਿਨਾਂ ਦੀ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਟੀਨੂੰ ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਪਟਿਆਲਾ ਹਾਊਸ ਕੋਰਟ ਦੇ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਸ ਵਿਚ ਕੋਰਟ ਨੇ ਦੀਪਕ ਟੀਨੂੰ ਨੂੰ ਟਰਾਂਜਿਟ ਰਿਮਾਂਡ ‘ਤੇ ਪੰਜਾਬ ਭੇਜਣ ਤੋਂ ਵੀ ਇਨਕਾਰ ਕਰ ਦਿੱਤਾ। ਟਰਾਂਜਿਟ ਰਿਮਾਂਡ ਪੰਜਾਬ ਪੁਲਸ ਵਲੋਂ ਮੰਗੀ ਗਈ ਸੀ।
ਲਾਰੈਂਸ ਬਿਸ਼ਨੋਈ ਗਿਰੋਹ ਦਾ ਮੈਂਬਰ ਦੀਪਕ ਹਾਲ ਹੀ ‘ਚ ਪੰਜਾਬ ਦੀ ਮਾਨਸਾ ਪੁਲਸ ਦੀ ਹਿਰਾਸਤ ਤੋਂ ਦੌੜ ਗਿਆ ਸੀ ਅਤੇ ਬਾਅਦ ‘ਚ ਰਾਜਸਥਾਨ ਦੇ ਅਜਮੇਰ ਦੇ ਇਕ ਪਿੰਡ ਤੋਂ ਸਪੈਸ਼ਲ ਸੈੱਲ ਦੀ ਖੁਫ਼ੀਆ ਇਕਾਈ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸਪੈਸ਼ਲ ਸੈੱਲ ਅਨੁਸਾਰ, ਦੀਪਕ ਸਿੱਧੇ ਮਾਨਸਾ ਤੋਂ ਫਰਾਰ ਹੋਣ ਤੋਂ ਬਾਅਦ ਰਾਜਸਥਾਨ ਦੀ ਭਾਰਤ-ਪਾਕਿਸਤਾਨ ਸਰਹੱਦ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸਪੈਸ਼ਲ ਸੈੱਲ ਨੇ ਦੱਸਿਆ ਕਿ ਪਾਕਿਸਤਾਨ ਤੋਂ ਹੱਥਗੋਲੇ ਅਤੇ ਹਥਿਆਰਾਂ ਦੀ ਇਕ ਖੇਪ ਡਰੋਨ ਰਾਹੀਂ ਲਾਰੈਂਸ ਗੈਂਗ ਤੱਕ ਪਹੁੰਚੀ ਸੀ, ਜਿਸ ਦਾ ਇਸਤੇਮਾਲ ਵੱਡੇ ਹਾਈਪ੍ਰੋਫਾਈਲ ਕਤਲੇਆਮ ਨੂੰ ਅੰਜਾਮ ਦੇਣ ਲਈ ਕੀਤਾ ਜਾਣਾ ਸੀ। ਦੀਪਕ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਹਿਯੋਗੀ ਹੈ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀਆਂ ‘ਚੋਂ ਇਕ ਹੈ।