“ਆਨੰਦ ਕਾਰਜ” ਬਾਰੇ ਪੰਜਾਬ ਪੁਲਸ ਪ੍ਰੀਖਿਆ ‘ਚ ਪੁੱਛੇ ਸਵਾਲ ਦਾ ਮਾਮਲਾ ਪੁੱਜਾ ਹਾਈਕੋਰਟ

ਚੰਡੀਗੜ੍ਹ : ਪੰਜਾਬ ਪੁਲਸ ਪ੍ਰਮੋਸ਼ਨ ਪ੍ਰੀਖਿਆ ‘ਚ “ਆਨੰਦ ਕਾਰਜ” ਬਾਰੇ ਪੁੱਛੇ ਗਏ ਸਵਾਲ ਦਾ ਮਾਮਲਾ ਹਾਈਕੋਰਟ ਪਹੁੰਚ ਗਿਆ ਹੈ। ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਮਾਮਲੇ ‘ਚ ਐਕਸਪਰਟ ਕਮੇਟੀ ਦਾ ਗਠਨ ਕਰਨ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਉਣ ਦਾ ਕਿਹਾ ਹੈ।
ਜਾਣਕਾਰੀ ਮੁਤਾਬਕ ਪੰਜਾਬ ਪੁਲਸ ‘ਚ ਕਾਂਸਟੇਬਲ ਤੋਂ ਹੈੱਡ ਕਾਂਸਟੇਬਲ ਵਜੋਂ ਪ੍ਰਮੋਸ਼ਨ ਕਰਨ ਲਈ ਕਰਵਾਈ ਗਈ ਪ੍ਰੀਖਿਆ ਦੌਰਾਨ ਇਕ ਸਵਾਲ ਪੁੱਛਿਆ ਗਿਆ ਸੀ ਕਿ ਆਨੰਦ ਕਾਰਜ ਕਿਸ ਸਿੱਖ ਗੁਰੂ ਨੇ ਲਿਖਿਆ ਹੈ। ਇਸ ‘ਤੇ 2 ਪ੍ਰੀਖਿਆਰਥੀਆਂ ਨੇ ਵਿਭਾਗ ਦਾ ਜਵਾਬ ਗਲਤ ਹੋਣ ਦਾ ਦਾਅਵਾ ਕਰਦਿਆਂ ਹਾਈਕੋਰਟ ‘ਚ ਪਟਿਸ਼ਨ ਦਾਇਰ ਕੀਤੀ ਸੀ। ਹੁਸ਼ਿਆਰਪੁਰ ਦੀ ਮਹਿਲਾ ਕਾਂਸਟੇਬਲ ਪ੍ਰਭਜੋਤ ਕੌਰ ਅਤੇ ਇਕ ਹੋਰ ਕਾਂਸਟੇਬਲ ਨੇ ਦਾਇਰ ਕੀਤੀ ਪਟਿਸ਼ਨ ‘ਚ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਸ ਵੱਲੋਂ ਉਕਤ ਸਵਾਲ ਦਾ ਜਵਾਬ ਗਲਤ ਦਿੱਤਾ ਜਾ ਰਿਹਾ ਹੈ।
ਮਹਿਲਾ ਕਾਂਸਟੇਬਲ ਨੇ ਪੀ. ਏ. ਪੀ. ਹੈੱਡਕੁਆਰਟਰ ਜਲੰਧਰ ‘ਚ ਲਈ ਗਈ ਪ੍ਰੀਖਿਆ ‘ਚ 100 ਨੰਬਰਾਂ ‘ਚੋਂ 64 ਨੰਬਰ ਹਾਸਲ ਕੀਤੇ ਸਨ। ਵਿਭਾਗ ਵੱਲੋਂ ਸਾਰੇ ਸਵਾਲਾਂ ਦੇ ਜਵਾਬ ਵੈੱਬਸਾਈਟ ‘ਤੇ ਪਾਏ ਗਏ ਸਨ, ਜਿਸ ਵਿਚ ਕਿਹਾ ਗਿਆ ਹੈ ਕਿ ਗੁਰੂ ਅਮਰਦਾਸ ਜੀ ਵੱਲੋਂ ਆਨੰਦ ਕਾਰਜ ਲਿਖਿਆ ਗਿਆ ਸੀ। ਜਦਕਿ ਉਕਤ ਪ੍ਰੀਖਿਆਰਥੀਆਂ ਦਾ ਦਾਅਵਾ ਹੈ ਕਿ ਗੁਰੂ ਰਾਮਦਾਸ ਜੀ ਨੇ ਆਨੰਦ ਕਾਰਜ ਲਿਖਿਆ ਸੀ। ਪ੍ਰੀਖਿਆਰਥੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਜਵਾਬ ਸਹੀ ਹੈ। ਜੇਕਰ ਇਸ ਸਵਾਲ ਦਾ ਸਹੀ ਮੁਲਾਂਕਣ ਕੀਤਾ ਜਾਵੇ, ਤਾਂ ਉਹ ਇਸ ਪ੍ਰੀਖਿਆ ਨੂੰ ਪਾਸ ਕਰ ਲੈਣਗੇ। ਇਸ ਲਈ ਉਨ੍ਹਾਂ ਨੇ ਹਾਈਕੋਰਟ ‘ਚ ਇਸ ਬਾਰੇ ਪਟਿਸ਼ਨ ਦਾਇਰ ਕੀਤੀ ਹੈ। ਇਸ ਦੇ ਜਵਾਬ ਵਿਚ ਸਰਕਾਰੀ ਵਕੀਲ ਦਾ ਦਾਅਵਾ ਹੈ ਕਿ ਗੁਰੂ ਅਮਰਦਾਸ ਜੀ ਨੇ ਹੀ ਆਨੰਦ ਕਾਰਜ ਦੀ ਪ੍ਰਥਾ ਸ਼ੁਰੂ ਕੀਤੀ ਸੀ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹੈ।
ਹਾਈਕੋਰਟ ਜੱਜ ਜਸਟਿਸ ਜੈ ਸ਼੍ਰੀ ਠਾਕੁਰ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਇਸ ਵਿਸ਼ੇ ‘ਤੇ ਹਾਈਕੋਰਟ ਨਹੀਂ ਸਗੋਂ ਵਿਸ਼ਾ ਮਾਹਰ ਸਹੀ ਜਵਾਬ ਦੇ ਸਕਦੇ ਹਨ। ਇਸ ਲਈ 4 ਹਫ਼ਤਿਆਂ ਦੇ ਅੰਦਰ ਇਕ ਐਕਸਪਰਟ ਕਮੇਟੀ ਦਾ ਗਠਨ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਹੀ ਮਾਮਲੇ ਦਾ ਫ਼ੈਸਲਾ ਕੀਤਾ ਜਾਵੇਗਾ। ਫ਼ੈਸਲੇ ਤੋਂ ਬਾਅਦ ਹੀ ਉਕਤ ਪ੍ਰੀਖਿਆ ਦਾ ਨਤੀਜਾ ਫਾਈਨਲ ਕੀਤਾ ਜਾ ਸਕੇਗਾ।