ਸੈਨ ਫ਼ਰਾਂਸਿਸਕੋ: ਅਮਰੀਕਾ ਦੀ ਮਹਾਨ ਟੈਨਿਸ ਖਿਡਾਰਨ ਸਰੀਨਾ ਵਿਲੀਅਮਜ਼ ਨੇ ਸੰਨਿਆਸ ਲੈਣ ਨਾਲ ਜੁੜੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਉਸ ਦੇ ਟੈਨਿਸ ਕੋਰਟ ‘ਤੇ ਵਾਪਸੀ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ। ਇੱਥੇ ਆਪਣੀ ਨਿਵੇਸ਼ ਕੰਪਨੀ ਸਰੀਨਾ ਵੈਂਚਰਜ਼ ਦੇ ਪ੍ਰਚਾਰ ਦੌਰਾਨ ਉਸ ਨੇ ਕਿਹਾ, ”ਮੈਂ ਸੰਨਿਆਸ ਨਹੀਂ ਲਿਆ। ਮੇਰੀ ਵਾਪਸੀ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਤੁਸੀਂ ਮੇਰੇ ਘਰ ਆ ਕੇ ਦੇਖ ਸਕਦੇ ਹੋ, ਇੱਥੇ ਇਕ ਕੋਰਟ ਵੀ ਹੈ।” ਜ਼ਿਕਰਯੋਗ ਹੈ ਕਿ 41 ਸਾਲਾ ਸਰੀਨਾ ਨੇ ਅਗਸਤ ‘ਚ ਜਾਰੀ ਇਕ ਬਿਆਨ ‘ਚ ਕਿਹਾ ਸੀ ਕਿ ਉਹ ਟੈਨਿਸ ਤੋਂ ਬਾਹਰ ਹੋ ਰਹੀ ਹੈ।
ਉਸ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ 2022 US ਓਪਨ, ਜੋ 29 ਅਗਸਤ ਤੋਂ ਸੁਰੂ ਹੋਇਆ ਸੀ, ਉਸ ਦੇ ਕਰੀਅਰ ਦਾ ਆਖਰੀ ਟੂਰਨਾਮੈਂਟ ਹੋਵੇਗਾ ਹਾਲਾਂਕਿ ਟੂਰਨਾਮੈਂਟ ਦੇ ਤੀਜੇ ਦੌਰ ‘ਚ ਬਾਹਰ ਹੋਣ ਤੋਂ ਪਹਿਲਾਂ ਉਸ ਦਾ ਹਰ ਮੈਚ ‘ਚ ਖੜ੍ਹੇ ਹੋ ਕੇ ਸਵਾਗਤ ਕੀਤਾ ਗਿਆ ਸੀ। 23 ਵਾਰ ਦੀ ਅਮਰੀਕੀ ਗ੍ਰੈਂਡ ਸਲੈਮ ਚੈਂਪੀਅਨ ਨੇ ਕਿਹਾ ਕਿ ਕਿਸੇ ਘਰੇਲੂ ਟੂਰਨਾਮੈਂਟ ਤੋਂ ਬਾਅਦ ਅਗਲੇ ਟੂਰਨਾਮੈਂਟ ਦੀ ਤਿਆਰੀ ਨਾ ਕਰਨਾ ਉਸ ਲਈ ਸੁਭਾਵਕ ਨਹੀਂ ਸੀ।
ਸਰੀਨਾ ਨੇ ਕਿਹਾ, ”ਮੈਂ ਅਜੇ ਤਕ (ਰਿਟਾਇਰਮੈਂਟ) ਬਾਰੇ ਨਹੀਂ ਸੋਚਿਆ। ਮੈਂ ਯੂਐਸ ਓਪਨ ਦੇ ਦੂਜੇ ਦਿਨ ਉੱਠੀ ਅਤੇ ਕੋਰਟ ‘ਤੇ ਆ ਗਈ। ਮੈਂ ਮਹਿਸੂਸ ਕੀਤਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਮੁਕਾਬਲੇ ‘ਚ ਨਹੀਂ ਖੇਡ ਰਹੀ, ਅਤੇ ਅਸਲ ਵਿੱਚ ਮੈਨੂੰ ਅਜੀਬ ਮਹਿਸੂਸ ਹੋਇਆ।” ਉਸ ਨੇ ਕਿਹਾ, ”ਉਹ ਮੇਰੀ ਬਚੀ ਹੋਈ ਜ਼ਿੰਦਗੀ ਦੇ ਪਹਿਲੇ ਦਿਨ ਵਰਗਾ ਸੀ। ਮੈਂ ਉਸ ਦਾ ਅਨੰਦ ਲੈ ਰਹੀ ਹਾਂ, ਪਰ ਮੈਂ ਅਜੇ ਵੀ ਸੰਤੁਲਨ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ।”