ਪਾਬੰਦੀ ਦੇ ਬਾਵਜੂਦ ਦਿੱਲੀ ’ਚ ਖ਼ੂਬ ਚੱਲੇ ਪਟਾਕੇ, ਰਾਜਧਾਨੀ ਦੀ ਆਬੋ-ਹਵਾ ਹੋਈ ‘ਬੇਹੱਦ ਖਰਾਬ’

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਐੱਨ. ਸੀ. ਆਰ. ਖੇਤਰ ’ਚ ਦੀਵਾਲੀ ’ਤੇ ਪਟਾਕਿਆਂ ’ਤੇ ਪਾਬੰਦੀ ਦੇ ਬਾਵਜੂਦ ਹੋਈ ਆਤਿਸ਼ਬਾਜ਼ੀ ਕਾਰਨ ਮੰਗਲਵਾਰ ਨੂੰ ਹਵਾ ਪ੍ਰਦੂਸ਼ਣ ਬੇਹੱਦ ਖਰਾਬ ਪੱਧਰ ’ਤੇ ਦਰਜ ਕੀਤਾ ਗਿਆ ਹੈ। ਦਿੱਲੀ ਪ੍ਰਦੂਸ਼ਣ ਕਮੇਟੀ ਨੇ ਅੱਜ ਜਾਰੀ ਡਾਟਾ ਮੁਤਾਬਕ ਦਿੱਲੀ-ਐੱਨ. ਸੀ. ਆਰ. ਵਿਚ ਪਟਾਕਿਆਂ ’ਤੇ ਪਾਬੰਦੀ ਦੇ ਬਾਵਜੂਦ ਦੇਰ ਰਾਤ ਤੱਕ ਹੋਈ ਆਤਿਸ਼ਬਾਜ਼ੀ ਕਾਰਨ ਮੰਗਲਵਾਰ ਸਵੇਰੇ ਪ੍ਰਦੂਸ਼ਣ ਦਾ ਪੱਧਰ ਬੇਹੱਦ ਖਰਾਬ ਰਿਹਾ ਅਤੇ ਹਵਾ ਗੁਣਵੱਤਾ ਪੱਧਰ (AQI) ਵੱਧ ਕੇ 323 ਪਹੁੰਚ ਗਿਆ।
ਜ਼ਹਿਰੀਲੀ ਹੋਈ ਦਿੱਲੀ ਦੀ ਹਵਾ
ਕਮੇਟੀ ਮੁਤਾਬਕ ਦਿੱਲੀ ਦੇ ਜਹਾਂਗੀਰਪੁਰੀ ਵਿਚ ਆਮ ਨਾਲੋਂ 10 ਗੁਣਾ ਵੱਧ ਹਵਾ ਪ੍ਰਦੂਸ਼ਣ ਦਰਜ ਕੀਤਾ ਗਿਆ ਹੈ। ਰਾਤ ਦਾ AQI 770 ਦਰਜ ਕੀਤਾ ਗਿਆ। ਇਨ੍ਹਾਂ ’ਚ IIT ਦਿੱਲੀ ਵਿਚ 334, ਪੂਸਾ ’ਚ 304, ਮਥੁਰਾ ਰੋਡ ’ਚ 323, ਗੁਰੂਗ੍ਰਾਮ ’ਚ 245, ਆਰ.ਕੇ ਪੁਰਮ ਵਿਚ 208, ਪੰਜਾਬੀ ਬਾਗ ’ਚ 202, ਦਿੱਲੀ ਯੂਨੀਵਰਸਿਟੀ ’ਚ 365, ਓਖਲਾ ’ਚ 262, ਗਾਜ਼ੀਆਬਾਦ ’ਚ 278, ਦਿੱਲੀ ਹਵਾਈ ਅੱਡੇ ’ਚ 354 ਆਨੰਦ ਵਿਹਾਰ ’ਚ 374 AQI ਦਰਜ ਕੀਤਾ ਗਿਆ।
ਦੱਸ ਦੇਈਏ ਕਿ 0 ਅਤੇ 50 ਵਿਚਕਾਰ AQI ਨੂੰ ‘ਚੰਗਾ’, 51 ਅਤੇ 100 ਨੂੰ ‘ਤਸੱਲੀਬਖਸ਼’, 101 ਅਤੇ 200 ਨੂੰ ‘ਮੱਧਮ’, 201 ਅਤੇ 300 ‘ਖਰਾਬ’, 301 ਅਤੇ 400 ‘ਬਹੁਤ ਖਰਾਬ’ ਅਤੇ 401 ਅਤੇ ਇਸ ਤੋਂ ਉੱਪਰ ਦਾ AQI 500 ਦੇ ਵਿਚਕਾਰ ‘ਗੰਭੀਰ’ ਸ਼੍ਰੇਣੀ ’ਚ ਮੰਨਿਆ ਜਾਂਦਾ ਹੈ।
ਖੂਬ ਚੱਲੇ ਪਟਾਕੇ
ਦੱਸਣਯੋਗ ਹੈ ਕਿ ਦਿੱਲੀ ਸਰਕਾਰ ਵਲੋਂ ਪਾਬੰਦੀ ਲਾਏ ਜਾਣ ਦੇ ਬਾਵਜੂਦ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਨੇ ਦੀਵਾਲੀ ਦੀ ਰਾਤ ਜੰਮ ਕੇ ਆਤਿਸ਼ਬਾਜ਼ੀ ਕੀਤੀ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਦੀਵਾਲੀ ’ਤੇ ਰਾਸ਼ਟਰੀ ਰਾਜਧਾਨੀ ’ਚ ਪਟਾਕੇ ਚਲਾਉਣ ’ਤੇ 6 ਮਹੀਨੇ ਦੀ ਜੇਲ੍ਹ ਹੋ ਸਕਦੀ ਹੈ ਅਤੇ 200 ਰੁਪਏ ਜੁਰਮਾਨਾ ਲਾਇਆ ਜਾ ਸਕਦਾ ਹੈ। ਕਾਨੂੰਨੀ ਰੋਕ ਦੇ ਬਾਵਜੂਦ ਦੱਖਣੀ ਅਤੇ ਉੱਤਰੀ ਪੱਛਮੀ ਦਿੱਲੀ ਸਮੇਤ ਵੱਖ-ਵੱਖ ਹਿੱਸਿਆਂ ਵਿਚ ਲੋਕਾਂ ਨੇ ਸੋਮਵਾਰ ਨੂੰ ਸ਼ਾਮ ਹੁੰਦੇ ਹੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ।