ਜਦੋਂ ਮੈਂ ਗੁਰਚਰਨ ਸੱਗੂ ਦੀ ਸਵੈ-ਜੀਵਨੀ ਵੇਖਿਆ ਸ਼ਹਿਰ ਬੰਬਈ ਪੜ੍ਹਨ ਲੱਗਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਆਸਟਰੀਆ ਦੇ ਜੰਮਪਲ ਅਤੇ ਪਿੱਛੋਂ ਜਰਮਨੀ ਦੇ ਬਣੇ ਤਾਨਾਸ਼ਾਹ ਐਡੌਲਫ਼ ਹਿਟਲਰ ਦੀ ਸਵੈ-ਜੀਵਨੀ ਮੇਰੀ ਜੰਗ (Mein Kampf) ਪੜ੍ਹ ਰਿਹਾਂ। ਚਾਹੇ ਮੈਂ ਹਿਟਲਰ ਦੀਆਂ ਦਲੀਲਾਂ ਨਾਲ ਅੱਸੀ ਪ੍ਰਤੀਸ਼ਤ ਸਹਿਮਤ ਨਹੀਂ, ਪਰ ਉਸ ਦੀਆਂ ਕੁਝ ਦਲੀਲਾਂ ਝੁਠਲਾਈਆਂ ਵੀ ਨਹੀਂ ਜਾ ਸਕਦੀਆਂ। ਓਸ਼ੋ ਰਜਨੀਸ਼ ਦੀਆਂ ਦਲੀਲਾਂ ਨਾਲ ਵੀ ਮੇਰੀ ਬਹੁਤੀ ਸਹਿਮਤੀ ਨਹੀਂ ਰਹੀ, ਪਰ ਫ਼ਿਰ ਵੀ ਮੈਂ ਉਨ੍ਹਾਂ ਦੀ ਜੱਦੋਜਹਿਦ ਨੂੰ ਕੋਈ ਅੱਖੋਂ ਪਰੋਖੇ ਨਹੀਂ ਕਰ ਸਕਦਾ ਕਿ ਉਹ ਕਿੱਥੋਂ ਕਿੱਥੇ ਅੱਪੜੇ। ਕੋਈ ਵੀਰ ਕਿਸੇ ਭੁਲੇਖੇ ਜਾਂ ਗ਼ਲਤਫ਼ਹਿਮੀਂ ਦਾ ਸ਼ਿਕਾਰ ਨਾ ਹੋ ਜਾਵੇ, ਮੈਂ ਇੱਥੇ ਗੁਰਚਰਨ ਸੱਗੂ ਦੇ ਵਿਅਕਤੀਤਵ ਦੀ ਐਡੌਲਫ਼ ਹਿਟਲਰ ਜਾਂ ਓਸ਼ੋ ਰਜਨੀਸ਼ ਨਾਲ ਤੁਲਨਾ ਨਹੀਂ ਕਰ ਰਿਹਾ ਸਗੋਂ ਮੈਂ ਸਿਰਫ਼ ਰਚਨਾ ਦੀ ਸਮਾਨਤਾ ਦੀ ਗੱਲ ਕਰ ਰਿਹਾਂ।
ਹਾਸੇ ਅਤੇ ਹਾਦਸੇ ਦਾ ਨਾਂ ਹੀ ਜ਼ਿੰਦਗੀ ਹੈ। ਬੰਦਾ ਜਨਮ ਤੋਂ ਲੈ ਕੇ ਮਰਨ ਤਕ ਮੁਸ਼ਕਿਲਾਂ ਨਾਲ ਛਿੱਤਰੋ-ਛਿੱਤਰੀ ਹੁੰਦਾ ਰਹਿੰਦਾ ਹੈ। ਮਿਹਨਤ ਅਤੇ ਜੱਦੋਜਹਿਦ ਸਾਡੀ ਜ਼ਿੰਦਗੀ ਦੇ ਅਜੀਬ ਅਤੇ ਅਟੁੱਟ ਪਹਿਲੂ ਹਨ। ਤਾਂਤੀਆ ਤੋਪੇ ਅਤੇ ਵਿਲੀਅਮ ਟੈੱਲ ਕਿਸੇ ਹਥਿਆਰ ਕਰ ਕੇ ਮਸ਼ਹੂਰ ਨਹੀਂ ਸਨ, ਦੁਨੀਆਂ ਉਹਨਾਂ ਦੇ ਅਚੁੱਕ ਨਿਸ਼ਾਨੇ ਕਰ ਕੇ ਉਹਨਾਂ ਨੂੰ ਹੀਰੋ ਮੰਨਦੀ ਸੀ। ਹਰ ਬੰਦੇ ਅੱਗੇ ਵੀ ਕੋਈ ਨਾ ਕੋਈ ਨਿਸ਼ਾਨਾ ਹੁੰਦਾ ਹੈ, ਪਰ ਉਸ ‘ਚੋਂ ਬਹੁਤ ਵਾਰ ਸਾਨੂੰ ਨਮੋਸ਼ੀ ਜਾਂ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁੱਖ ਉਸ ਵੇਲੇ ਲੱਗਦਾ ਹੈ ਜਦੋਂ ਸ਼ੇਰਾਂ ਦੀਆਂ ਮਾਰਾਂ ਉੱਪਰ ਗਿੱਦੜ ਕਲੋਲਾਂ ਕਰਦੇ ਹਨ, ਅਤੇ ਦੋ ਬਿੱਲੀਆਂ ਸੰਨ੍ਹ ਬਾਂਦਰ ਜੱਜ ਬਣਿਆਂ ਬੈਠਾ ਹੁੰਦਾ ਹੈ ਜਿਸ ਨੇ ਆਪਣੇ ਹਿਸਾਬ ਨਾਲ ਨਿਆਂ ਕਰਨਾ ਹੁੰਦਾ ਹੈ। ਕਿਤਾਬ ਪੜ੍ਹਦਿਆਂ ਠੀਕ ਓਹੀ ਹਾਲਤ ਬਹੁਤ ਵਾਰੀ ਮੈਨੂੰ ਗੁਰਚਰਨ ਸੱਗੂ ਦੀ ਲੱਗੀ। ਬੰਬਈ ਬੈਠੇ ਬਾਂਦਰ ਵਾਰ-ਵਾਰ ਉਸ ਦੀ ਰੋਟੀ ਨੂੰ ਬੁਰਕ ਮਾਰਦੇ ਹਨ, ਪਰ ਸੱਗੂ ਬੇਵੱਸ ਹੋਇਆ ਉਹਨਾਂ ਵੱਲ ਤੱਕਦਾ ਰਹਿੰਦਾ ਹੈ, ਅਤੇ ਬਲੀ ਦਾ ਬੱਕਰਾ ਬਣਨ ਲਈ ਖ਼ੁਦ ਉਹਨਾਂ ਦੇ ਦਰਵਾਜ਼ੇ ‘ਤੇ ਦਸਤਕਾਂ ਦਿੰਦਾ ਹੈ। ਇਹ ਉਸ ਦਾ ਸ਼ੌਕ ਨਹੀਂ ਸਗੋਂ ਇੱਕ ਲਾਚਾਰੀ, ਬੇਵੱਸੀ ਅਤੇ ਮਜਬੂਰੀ ਹੈ! ਇਸ ਮਜਬੂਰੀ ਨੂੰ ਬੰਬਈ ਦੇ ਲੰਡੇ ਲੂੰਬੜ ਬੜੀ ਭਲੀ-ਭਾਂਤ ਸਮਝਦੇ ਨੇ ਅਤੇ ਬੜੀ ਹਸਰਤ, ਬੜੀ ਰੀਝ ਨਾਲ ਹਲਾਲ ਕਰਦੇ ਨੇ। ਇਹ ਦੁਖਾਂਤ ਇਕੱਲੇ ਸੱਗੂ ਦਾ ਹੀ ਨਹੀਂ, ਲੰਡਨ ਵਸਦੇ ਜੋਸ਼ੀ ਵਰਗੇ ਹੋਰ ਬਹੁਤ ਸਾਰੇ ਪ੍ਰੋਡਿਊਸਰਾਂ ਦਾ ਵੀ ਸੀ।
ਐੱਫ. ਡੀ. ਰੂਜ਼ਵੈੱਲਟ ਕਹਿੰਦਾ ਹੈ ਕਿ ਮਾਨਵੀ ਜੀਵਨ ਘਟਨਾਵਾਂ ਦਾ ਇੱਕ ਰਹੱਸਪੂਰਨ ਗੇੜ ਹੈ। ਕੁਝ ਨਸਲਾਂ ਨੂੰ ਬਹੁਤ ਕੁਝ ਮਿਲ ਜਾਂਦਾ ਹੈ, ਅਤੇ ਕੁਝ ਨਸਲਾਂ ਤੋਂ ਬਹੁਤ ਆਸ ਕੀਤੀ ਜਾਂਦੀ ਹੈ। ਬਰਟਰੈਂਡ ਰਸਲ ਦਾ ਇਸ ਤੋਂ ਵੱਖਰਾ ਕਥਨ ਹੈ ਕਿ ਇਹ ਬੌਧਿਕਤਾ ਹੀ ਹੈ ਜੋ ਸਿਆਣਪ ਪ੍ਰਦਾਨ ਕਰਦੀ ਹੈ, ਸ਼ਾਇਦ ਇਸੇ ਕਾਰਨ ਮੈਂ ਭਾਵਨਾਂ ਨਾਲੋਂ ਬੁੱਧੀ ਦੀ ਵਧੇਰੇ ਕਦਰ ਕਰਦਾਂ। ਪਰ ਜੋ ਖ਼ੂਨ ਸਫ਼ੈਦ ਹੋਣ ਦੀ ਗੱਲ ਹੈ, ਉਹ ਸਿਰਫ਼ ਸਾਡੇ ਹੀ ਬਜ਼ੁਰਗਾਂ ਨੇ ਕਹੀ ਹੈ। ਖ਼ੂਨ ਸਫ਼ੈਦ ਹੁੰਦਾ ਤਾਂ ਮੈਂ ਖ਼ੁਦ ਵੀ ਬਹੁਤ ਵਾਰ ਅੱਖੀਂ ਦੇਖਿਆ ਅਤੇ ਹੱਡੀਂ ਹੰਢਾਇਆ ਹੈ। ਕਈ ਅਖੌਤੀ ਨੇਕ ਨੀਅਤਾਂ ਮੈਂ ਬਦਨੀਤ ਅਤੇ ਬੇਈਮਾਨ ਹੁੰਦੀਆਂ ਵੀ ਆਪਣੀ ਅੱਖੀਂ ਦੇਖੀਆਂ ਨੇ।
ਵੈਸੇ ਗੁਰਚਰਨ ਸੱਗੂ ਨਾਲ ਵੀ ਘੱਟ ਨਹੀਂ ਬੀਤੀ। ਉਹ ਵੀ ਅਖੀਰ ਮੱਛੀ ਵਾਂਗ ਪੱਥਰ ਚੱਟ ਕੇ ਮੁੜਿਆ। ਜਿਵੇਂ ਸਿਆਣੇ ਕਹਿੰਦੇ ਨੇ, ”ਪਰ ਹੱਥੀਂ ਵਣਜ ਸੁਨੇਹੀਂ ਖੇਤੀ, ਕਦੇ ਨਾ ਹੁੰਦੇ ਬੱਤੀਆਂ ਤੋਂ ਤੇਤੀ।” ਜਦ ਸੱਗੂ ਨੇ ਆਪਣੀ ਫ਼ਿਲਮ ਦੀ ਡੋਰ ਆਪਣੇ ਸੱਕੇ ਭਾਣਜੇ ਦੇ ਹੱਥੀਂ ਪਰੋਸ ਦਿੱਤੀ, ਉਸ ਨੇ ਫ਼ਿਰ ਕੀ-ਕੀ ਤਾਰੇ ਵਿਖਾਏ, ਕਿਤਾਬ ਵੇਖਿਆ ਸ਼ਹਿਰ ਬੰਬਈ ਪੜ੍ਹ ਕੇ ਹੀ ਪਤਾ ਲੱਗਦਾ ਹੈ। ਇਹ ਬ੍ਰਿਤਾਂਤ ਪੜ੍ਹ ਕੇ ਬੰਦੇ ਨੂੰ ਮਹਿਸੂਸ ਹੁੰਦਾ ਹੈ ਕਿ ਆਪਦਾ ਮਾਰੂ ਪਰ ਛਾਂਵੇਂ ਸਿੱਟੂ ਵਾਲਾ ਕਥਨ ਵੀ ਬਕਵਾਸ ਅਤੇ ਸਰਾਸਰ ਝੂਠ ਹੈ! ਗਰਜ਼ਾਂ ਦੇ ਗ਼ੁਲਾਮ ਤੁਹਾਡੇ ਆਪਦੇ ਤਾਂ ਬਿਗਾਨਿਆਂ ਨਾਲੋਂ ਵੀ ਵੱਧ ਕਪਟ ਅਤੇ ਬੇਈਮਾਨੀ ਕਰ ਕੇ ਪਿੱਠ ‘ਚ ਛੁਰਾ ਮਾਰਦੇ ਨੇ!
ਪਿੰਡਾਂ ਵਿੱਚ ਇੱਕ ਆਮ ਕਹਾਵਤ ਸੁਣੀਂ ਜਾਂਦੀ ਹੈ ਕਿ ਜਦ ਉਖਲੀ ‘ਚ ਸਿਰ ਦੇ ਹੀ ਦਿੱਤਾ ਤਾਂ ਸੱਟਾਂ ਦਾ ਕੀ ਡਰ? ਇਹੀ ਕੁਛ ਗੁਰਚਰਨ ਸੱਗੂ ਨਾਲ ਫ਼ਿਲਮ ਇੰਡਸਟਰੀ ‘ਚ ਬਾਰ-ਬਾਰ ਹੁੰਦਾ ਹੈ, ਪਰ ਉਹ ਸੱਟਾਂ ਤੋਂ ਨਹੀਂ ਡਰਦਾ ਸਗੋਂ ਸਾਊ ਸੱਗੂ ਬਣ ਕੇ ਆਪਣਾ ਸਿਰ ਮੁੜ-ਮੁੜ ਮੂੰਗਲਿਆਂ ਹੇਠ ਦੇਈ, ਸੱਟਾਂ ਖਾਈ ਅਤੇ ਜਰੀ ਜਾਂਦਾ ਹੈ। ਸੱਟਾਂ ਖਾਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੈ, ਅਤੇ ਉਹ ਗੁਰਚਰਨ ਸੱਗੂ ਕੋਲ ਬੜਾ ਹੀ ਵਿਸ਼ਾਲ ਹੈ ਕਿਉਂਕਿ ਜਦ ਉਸ ਦੇ ਬੇਟੇ ਦਾ ਕਾਰ ਹਾਦਸਾ ਹੋ ਜਾਂਦਾ ਹੈ, ਪਤਨੀ ਰਾਣੀ ਦੇ ਰੋਣ ਕੁਰਲਾਉਣ ਦੇ ਬਾਵਜੂਦ ਉਹ ਪੱਥਰ ਬਣਿਆ ਸੁਣਦਾ ਅਤੇ ਪਿੰਡੇ ਹੰਢਾਉਂਦਾ ਰਹਿੰਦਾ ਹੈ। ਬੇਟੇ ਅਤੇ ਫ਼ਿਲਮ ਦੀ ਚਿੰਤਾ ‘ਚ ਉਹ ਕਦੇ ਬੰਬਈ ਅਤੇ ਕਦੇ ਲੰਡਨ, ਊਰੀ ਵਾਂਗ ਘੁੰਮਦਾ ਰਹਿੰਦੈ। ਇਸ ਦਾ ਕਾਰਨ ਉਸ ਦੀ ਅਣਗਹਿਲੀ ਜਾਂ ਬੇਪ੍ਰਵਾਹੀ ਕਦਾਚਿਤ ਨਹੀਂ, ਬੰਬਈ ਇੰਡਸਟਰੀ ਦੇ ਘੁਲਾੜ੍ਹੇ ਚ ਆਈ ਬਾਂਹ ਹੈ, ਜਿਸ ਨੂੰ ਉਹ ਪਿੱਛੇ ਨਹੀਂ ਖਿੱਚ ਸਕਦਾ। ਉਸ ਦੀ ਹਾਲਤ ਸੱਪ ਦੇ ਮੂੰਹ ਆਈ ਕੋਹੜ ਕਿਰਲੀ ਵਰਗੀ ਹੁੰਦੀ ਹੈ, ਜੇ ਖਾਂਦੈ ਤਾਂ ਕੋਹੜ੍ਹੀ, ਜੇ ਛੱਡਦੈ ਤਾਂ ਕਲੰਕੀ! ਗੱਲਾਂ ਕਹਿਣੀਆਂ ਬਹੁਤ ਸੌਖੀਆਂ ਨੇ, ਪਰ ਪਤਾ ਉਸ ਵਕਤ ਲੱਗਦਾ ਹੈ ਜਦੋਂ ਹਿੱਕ ਡਾਹ ਕੇ ਤੋੜ ਨਿਭਾਉਣੀਆਂ ਪੈਂਦੀਆਂ ਨੇ। ਉਸ ਘਾਤਕ ਮੈਦਾਨ ‘ਚ ਜਾਂ ਤਾਂ ਕੋਈ ਸਿਰੜੀ ਸੂਰਮਾ ਅਤੇ ਜਾਂ ਕੋਈ ਮੂਰਖ ਹੀ ਅੜਿਆ ਰਹਿ ਸਕਦੈ।
ਜਿਵੇਂ ਕਿ ਗਧੇ ਵਾਲਾ ਸਾਰਾ ਕਰਜ਼ਈ ਅਤੇ ਬੋਤੇ ਵਾਲਾ ਅੱਧਾ – ਗਧੇ ਵਾਲਾ ਸਭ ਤੋਂ ਚੰਗਾ, ਵੱਟਿਆ ਸੋ ਪੱਲੇ ਬੱਧਾ। ਇਹ ਕਹਾਵਤ ਬੰਬਈ ਦੇ ਉਹਨਾਂ ਮਹਾਨ ਐਕਟਰਾਂ ‘ਤੇ ਲਾਗੂ ਹੁੰਦੀ ਹੈ ਜੋ ਵੱਟਿਆ ਸੋ ਪੱਲੇ ਬੱਧਾ ਦੇ ਹੀ ਧਾਰਨੀਂ ਹਨ। ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਤਕੜੇ-ਤਕੜੇ ਮਸ਼ਹੂਰ ਐਕਟਰ ਜਿੰਨ੍ਹਾਂ ਨੂੰ ਅਸੀਂ ਦਿਲੋਂ ਮੁਹੱਬਤ ਕਰਨ ਲੱਗ ਜਾਂਦੇ ਹਾਂ ਅਤੇ ਉਹਨਾਂ ਦੀ ਇੱਕ ਝਲਕ ਵੇਖਣ ਲਈ ਤਰਸਦੇ ਹਾਂ। ਜਦ ਉਹਨਾਂ ਨਾਲ ਤੁਹਾਡਾ ਸਿੱਧਾ ਵਾਹ ਪੈਂਦਾ ਹੈ ਤਾਂ ਜੋ ਕਰੂਰ ਚਿਹਰਾ ਦੇਖਣ ਨੂੰ ਮਿਲਦਾ ਹੈ, ਬੰਦਾ ਮਾਯੂਸੀ ਅਤੇ ਕਰੋਧ ‘ਚ ਮੁੱਠੀਆਂ ਮੀਟ ਕੇ ਕਚੀਚੀਆਂ ਵੱਟਦੈ। ਇੱਧਰ ਗੁਰਚਰਨ ਸੱਗੂ ਦਾ ਸਾਰਾ ਮਾਲ-ਮੱਤਾ, ਫ਼ਿਲਮ ਅਤੇ ਕਾਰੋਬਾਰ ਦਾਅ ‘ਤੇ ਲੱਗਿਆ ਹੁੰਦਾ ਹੈ ਅਤੇ ਉਧਰ ਜੈਕੀ ਸ਼ਰੌਫ਼ ਨਸ਼ੇ ਦੀ ਲੋਰ ‘ਚ ਜਹਾਜ਼ੋਂ ਉਤਰੇ, ਥੱਕੇ-ਟੁੱਟੇ ਸੱਗੂ ਨੂੰ ਬੇਹੂਦਾ ਸੁਆਲ ਕਰਦਾ ਹੈ, ”ਮੇਰੇ ਟਾਇਰ ਲਿਆਂਦੇ …? ‘ ਇਹਨਾਂ ਦੀ ਮਤਲਬ-ਪ੍ਰਸਤੀ, ਖ਼ੁਦਗ਼ਰਜ਼ੀ ਅਤੇ ਉਲੀਕੇ ਕਾਰਜ ਪ੍ਰਤੀ ਲਾਪ੍ਰਵਾਹੀ ਅਤੇ ਗ਼ੈਰ-ਜ਼ਿਮੇਵਾਰੀ ਬੰਦੇ ਨੂੰ ਕੰਧ ‘ਚ ਟੱਕਰ ਮਾਰਨ ਵਾਲਾ ਕਰ ਦਿੰਦੀ ਹੈ।
ਜਿਸ ਧਰਮਿੰਦਰ ਨੂੰ ਅਸੀਂ ਪੰਜਾਬੀ ਪੁੱਤਰ ਸਮਝਦੇ ਹਾਂ, ਉਸ ਦੀਆਂ ਗ਼ੈਰ-ਜ਼ਿੰਮੇਵਾਰਾਨਾ ਹਰਕਤਾਂ ਉਸ ਵਲੋਂ ਨੱਕ ਮੋੜ ਦਿੰਦੀਆਂ ਹਨ, ਅਤੇ ਬੰਦਾ ਉਸ ਨੂੰ ਪੰਜਾਬੀ ਪੁੱਤਰ ਨਹੀਂ ਸਗੋਂ ਪੈਸੇ ਦਾ ਪੁੱਤ ਮੰਨਣ ਲੱਗ ਪੈਂਦਾ ਹੈ। ਉਸ ਨੂੰ ਮੁਹੱਬਤ ਕਰਨ ਵਾਲੇ ਬੰਦੇ ਕੂਹਣੀਂ ਮੋੜ ਕੱਟਦੇ, ਉਸ ਦੇ ਢਿੱਡ ‘ਚ ਟੱਕਰ ਮਾਰਨ ਲਈ ਤਿਆਰ ਹੋ ਜਾਂਦੇ ਹਨ। ਜਦੋਂ ਇਹੋ ਜਿਹੇ ਮਹਾਂਰਥੀ ਪੈਸਾ ਡਕਾਰ ਕੇ ਤੁਹਾਨੂੰ ਚਿਮਟੇ ਨਾਲ ਚੁੱਕਣ ਲਈ ਵੀ ਤਿਆਰ ਨਹੀਂ ਹੁੰਦੇ ਤਾਂ ਗੁਰਚਰਨ ਸੱਗੂ ਵਰਗੇ ਪ੍ਰੋਡਿਊਸਰ, ਨਮੋਸ਼ੀ ਅਤੇ ਨਿਰਾਸ਼ਾ ਦੇ ਮਾਰੇ ਖ਼ੁਦਕਸ਼ੀ ਜਿਹਾ ਭਿਆਨਕ ਕਦਮ ਉਠਾਉਣ ਲਈ ਵੀ ਸੋਚ ਜਾਂਦੇ ਹਨ।
ਚੱਲਦਾ
ਹੈਨਰੀ ਫ਼ਰੈਡਰਿਕ ਐਮੀਅਲ ਦਾ ਕਥਨ ਮੈਨੂੰ ਬਹੁਤ ਵਾਰ ਹੁੱਝ ਮਾਰਦਾ ਹੈ, ”ਜੇਕਰ ਵਿਚਾਰਾਂ ਨੂੰ ਸੰਦੇਹ, ਆਲੋਚਨਾ ਅਤੇ ਚਿੰਤਨ ਦੀ ਖੇਚਲ ਨਾਲ ਪਰੇਸ਼ਾਨ ਨਾ ਕੀਤਾ ਜਾਵੇ ਤਾਂ ਉਹ ਕਾਰਜ ਅਤੇ ਵਿਸ਼ਵਾਸ ਦੇ ਗ਼ੁਲਾਮ ਹੋ ਜਾਂਦੇ ਹਨ।” ਪਰ ਉਪਰੋਕਤ ਕਥਨ ਬੰਬਈ ਦੀ ਫ਼ਿਲਮ ਨਗਰੀ ਵਿੱਚ ਕੱਟੇ ਅੱਗੇ ਵੰਝਲੀ ਵਜਾਉਣ ਵਾਲੀ ਗੱਲ ਹੈ ਕਿਉਂਕਿ ਕੱਟੇ ਨੂੰ ਸੁਰਾਂ ਦਾ ਗਿਆਨ ਨਹੀਂ ਹੁੰਦਾ, ਉਸ ਕੋਲ ਤਾਂ ਮੁਤਰਾਲ ਨਾਲ ਲਿੱਬੜੀ ਪੂਛ ਘੁੰਮਾ ਕੇ ਮੂੰਹ ‘ਤੇ ਮਾਰਨ ਦੀ ਕਲਾ ਹੀ ਹੁੰਦੀ ਹੈ। ਇਹੀ ਹਾਲ ਉਥੋਂ ਦੇ ਵਪਾਰੀ ਕਲਾਕਾਰਾਂ ਦਾ ਹੈ।
ਬੰਬਈ ਦੇ ਇਹ ਮਹਾਂਰਥੀ ਤੁਹਾਨੂੰ ਸ਼ੂਟਿੰਗ ਦੀਆਂ ਤਰੀਕਾਂ ਦੇਣ ਲੱਗੇ ਜੋ ਹੀਲਾਂ, ਡੰਡ ਬੈਠਕਾਂ ਅਤੇ ਫਿਰ ਨੱਕ ਨਾਲ ਲਕੀਰਾਂ ਕਢਵਾਉਂਦੇ ਹਨ, ਇੱਕ ਨਾ ਮੰਨਣਯੋਗ ਗੱਲ ਜਾਪਦੀ ਹੈ, ਪਰ ਹੈ ਇਹ ਹਿਰਦੇਵੇਦਕ ਸੱਚਾਈ! ਇੱਕ ਕੌੜੀ ਸੱਚਾਈ, ਜਿਸ ਤੋਂ ਤੁਸੀਂ ਕਦੇ ਮੁਨੱਕਰ ਨਹੀਂ ਹੋ ਸਕਦੇ। ਜਿਸ ਤਨ ਲੱਗੀਆਂ, ਸੋਈ ਜਾਣੇ, ਕੌਣ ਜਾਣੇ ਪੀੜ ਪਰਾਈ? ਇਹ ਤਾਂ ਉਹਨਾਂ ਨੂੰ ਹੀ ਪਤਾ ਹੈ ਜਿੰਨ੍ਹਾਂ ਦਾ ਇਹਨਾਂ ਜੋਕਾਂ ਨੇ ਕਤਰਾ-ਕਤਰਾ ਖ਼ੂਨ ਪੀਤਾ ਅਤੇ ਸੂਲੀ ਟੰਗੀ ਰੱਖਿਐ। ਗੁਰਚਰਨ ਸੱਗੂ ਦੀ ਜ਼ਿੰਦਗੀ ਵੀ ਬੜੀ ਜੱਦੋਜਹਿਦ ਭਰੀ ਰਹੀ ਹੈ। ਨਕੋਦਰ ਚੌਂਕ ਦੇ ਲਲਾਰੀ ਤੋਂ ਲੈ ਕੇ ਇੰਗਲੈਂਡ ਦੇ ਸਫ਼ਲ ਵਪਾਰੀ ਤਕ ਦਾ ਸਫ਼ਰ ਬੇਹੱਦ ਮੁਸ਼ਕਿਲਾਂ ਭਰਿਆ ਸੀ, ਪਰ ਸਾਰੀ ਕਿਤਾਬ ਵੇਖਿਆ ਸ਼ਹਿਰ ਬੰਬਈ ਵਿੱਚ ਜੇ ਕੋਈ ਮੇਰੇ ਸਾਹਮਣੇ ਅਸਲ ਹੀਰੋ ਹੈ ਤਾਂ ਉਹ ਹੈ ਗੁਰਚਰਨ ਸੱਗੂ ਦੀ ਸੁਪਤਨੀ ਰਾਣੀ ਸੱਗੂ ਜਿਸ ਨੇ ਕਾਰੋਬਾਰ ਤੋਂ ਲੈ ਕੇ ਆਪਣੇ ਬੱਚਿਆਂ ਅਤੇ ਆਪਣੀ ਗ੍ਰਹਿਸਥੀ ਜ਼ਿੰਦਗੀ ਸੰਭਾਲਣ ਤਕ ਕੋਈ ਕਸਰ ਬਾਕੀ ਨਹੀਂ ਛੱਡੀ। ਰਾਣੀ ਸੱਗੂ ਨੂੰ ਜ਼ਰੂਰ ਸਿਜਦਾ ਕਰਨਾ ਬਣਦਾ ਹੈ ਜਿਸ ਨੇ ਭਵਸਾਗਰ ‘ਚ ਵੀ ਆਪਣੇ ਪਤੀ ਦੀ ਡੁਬਦੀ ਬੇੜੀ ਦੇ ਚੱਪੂ ਮਾਰਨੇ ਨਹੀਂ ਛੱਡੇ ਅਤੇ ਮੱਥੇ ਵੱਟ ਤਕ ਵੀ ਨਾ ਪਾਇਆ ਸਗੋਂ ਘਰਵਾਲੇ ਅਤੇ ਪਰਿਵਾਰ ਦੁਆਲੇ ਇੱਕ ਕਿਲ੍ਹਾ ਬਣ ਕੇ ਖੜ੍ਹੀ ਰਹੀ।
ਮਾਲਵੇ ਵਿੱਚ ਇੱਕ ਕਹਵਾਤ ਹੈ ਕਿ ਗਧੀ ਡਿੱਗ ਤਾਂ ਸੀ ਭੱਠੇ ‘ਚ ਪਰ ਮੁੜ ਦੀਵੇ ਵਾਲੇ ਘਰ ਵੀ ਨਹੀਂ ਸੀ ਵੜਦੀ। ਚਾਹੇ ਗੁਰਚਰਨ ਸੱਗੂ ਨੇ ਬੰਬਈ ਫ਼ਿਲਮ ਇੰਡਸਟਰੀ ਨੂੰ ਅਲਵਿਦਾ ਆਖ ਦਿੱਤਾ ਅਤੇ ਕਦੇ ਫ਼ਿਲਮ ਨਾ ਬਣਾਉਣ ਦੀ ਕਸਮ ਖਾਧੀ ਹੈ, ਪਰ ਮੈਨੂੰ ਲੱਗਦਾ ਹੈ ਕਿ ਹਰ ਸ਼ੌਕ ਇੱਕ ਖੁਰਕ ਵਰਗੀ ਬੀਮਾਰੀ ਹੈ। ਨਾ ਬੰਦਾ ਖੁਰਕਣੋਂ ਹਟ ਸਕਦੈ ਅਤੇ ਨਾ ਸੌਂ ਸਕਦੈ। ਵੇਖਿਆ ਸ਼ਹਿਰ ਬੰਬਈ ਬਹੁਤ ਹੀ ਦਿਲਚਸਪ ਵਾਰਤਕ ਦੀ ਪੁਸਤਕ ਹੈ। ਘੱਟੋ ਘੱਟ ਇਹ ਕਿਤਾਬ ਹਰ ਉਸ ਬੰਦੇ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਜਿਸ ਅੰਦਰ ਬੰਬਈ ਜਾ ਕੇ ਫ਼ਿਲਮ ਬਣਾਉਣ ਦਾ ਨਾਗ ਸ਼ੂਕ ਰਿਹਾ ਹੋਵੇ ਕਿਉਂਕਿ ਤੁਹਾਡੇ ਸ਼ੌਕ ਦੇ ਨਾਗ ਨੂੰ ਕੀਲ ਕੇ ਪਟਾਰੀ ‘ਚ ਸੁੱਟਣ, ਅਤੇ ਫ਼ਿਰ ਦੰਦ ਕੱਢ ਕੇ ਮੇਲ੍ਹਣ ਲਾਉਣ ਵਾਲੇ ਕਮੀਨੇ ਮਾਂਦਰੀ ਆਪਣੀਆਂ ਮਧੁਰ ਬੀਨਾਂ ਸ਼ਿੰਗਾਰ ਕੇ ਤੁਹਾਡੀ ਉਡੀਕ ‘ਚ, ਮੁੱਠੀਆਂ ‘ਚ ਥੁੱਕੀ ਬੈਠੇ ਨੇ। ਉਹਨਾਂ ਨੂੰ ਤੁਹਾਡੇ ਸੋਹਲੇ ਗਾਉਣ ਦੀ ਮੁਹਾਰਤ ਹਾਸਿਲ ਹੈ, ਅਤੇ ਉਹ ਤੁਹਾਡੇ ਸੋਹਲੇ ਓਦੋਂ ਤਕ ਹੀ ਗਾਉਂਦੇ ਹਨ ਜਿੰਨਾਂ ਚਿਰ ਉਹ ਤੁਹਾਨੂੰ ਖਾਖੀ ਨੰਗ ਨਹੀਂ ਕਰ ਦਿੰਦੇ। ਅਤੇ ਫ਼ਿਰ ਜਦ ਤੁਹਾਡਾ ਗੀਝਾ ਖਾਲੀ ਅਤੇ ਉਹਨਾਂ ਦਾ ਭਰ ਚੁੱਕਿਆ ਹੁੰਦੈ ਤਾਂ ਉਹ ਕਿਸੇ ਮਿਰਗੀ ਦੇ ਮਰੀਜ਼ ਵਾਂਗ ਅੱਖਾਂ ਫ਼ੇਰ ਕੇ ਤੁਹਾਡੀ ਗੱਲ ਤਕ ਨਹੀਂ ਸੁਣਨਾ ਚਾਹੁੰਦੇ। ਗੱਲੀਂ-ਬਾਤੀਂ ਤੁਹਾਨੂੰ ਡਾਇਰੈਕਟਰ ਅਤੇ ਬੰਬਈ ਦਾ ਨੰਬਰ ਇੱਕ ਪ੍ਰੋਡਿਊਸਰ ਬਣਾਉਣ ਵਾਲੇ ਇਹ ਬੁਰਕੇ ਵਾਲੇ ਲੁਟੇਰੇ ਤੁਹਾਨੂੰ ਲੁੱਟ-ਪੱਟ ਕੇ ਫ਼ਿਰ ਬੰਬਈ ਦੀਆਂ ਗਲੀਆਂ ‘ਚ ਰੁਲਣ ਲਈ ਛੱਡ ਦਿੰਦੇ ਹਨ। ਉਹਨਾਂ ਗਲੀਆਂ ਵਿੱਚ ਘੁੰਮਦਾ ਬੰਦਾ ਆਪਣੇ ਜਣਦਿਆਂ ਨੂੰ ਰੋਂਦਾ, ਅਤੇ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ ਹੈ। ਮੇਰਾ ਦਾਅਵਾ ਹੈ ਕਿ ਜੇ ਸੱਗੂ ਨੂੰ ਨਕੋਦਰ ਚੌਂਕ ਵਾਲਾ ਪ੍ਰਕਾਸ਼ ਨਹੀਂ ਭੁੱਲਿਆ ਤਾਂ ਅੱਖਾਂ ਚੁੰਧਿਆ ਦੇਣ ਵਾਲੀ, ਚਮਕ-ਦਮਕ ਵਾਲੀ ਅਤੇ ਰੰਗੀਲੀ ਬੰਬਈ ਦਾ ਇਹ ਸ਼ੌਂਕ ਵੀ ਨਹੀਂ ਭੁੱਲਣਾ। ਅਖੀਰ ‘ਚ ਮੈਂ ਗੁਰਚਰਨ ਸੱਗੂ ਨੂੰ ਇਸ ਬੇਹੱਦ ਦਿਲਚਸਪ ਕਿਤਾਬ ਲਈ ਹਾਰਦਿਕ ਮੁਬਾਰਕਬਾਦ ਦਿੰਦਾ ਹੋਇਆ ਪਾਠਕਾਂ ਨੂੰ ਇਹ ਕਿਤਾਬ ਪੜ੍ਹਨ ਲਈ ਪੁਰਜ਼ੋਰ ਅਪੀਲ ਕਰਾਂਗਾ। ਰੱਬ ਥੋਨੂੰ ਰਾਜ਼ੀ ਰੱਖੇ!
-ਸ਼ਿਵਚਰਨ ਜੱਗੀ ਕੁੱਸਾ