ਪਿੱਛੇ ਪਰਤਣਾ ਪੈਣੈ ਸਾਨੂੰ

ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
ਇਹ ਲਿਖਤ ਪੜਨ ਵਾਲੇ ਪਹਿਲਾਂ ਹੀ ਜਾਣਦੇ ਨੇ ਕਿ ਮੈਂ ਕਿਸੇ ਵੀ ਪਾਰਟੀ ਦਾ ਸਿਆਸੀ ਰੱਸਾ ਨਹੀਂ ਹਾਂ ਕਿ ਜਿਸ ਦੇ ਮਰਜ਼ੀ ਗਲ ਪੈ ਜਾਵਾਂ, ਮੈਂ ਸਰਬਸਾਂਝਾ ਹਾਂ ਅਤੇ ਸਿਰਫ਼ ਇੱਕ ਲੇਖਕ ਹਾਂ ਅਤੇ ਕਲਮਾਂ ਵਾਲੇ ਬੰਦੇ ਹਮੇਸ਼ਾ ਸਾਂਝੇ ਹੀ ਹੋਣੇ ਚਾਹੀਦੇ ਨੇ।
ਫ਼ੇਸਬੁੱਕ ‘ਤੇ ਇਕ ਫ਼ੋਟੋ ਦੇਖੀ ਹੈ, ਇਕ ਸਿੱਖ ਯੁਵਾ ਨੇਤਾ ਕਿਸੇ ਪਿੰਡ ‘ਚ ਸੱਥਰ ‘ਤੇ ਬੈਠਾ ਹੋਇਆ ਹੈ। ਕਿਸੇ ਦਾ ਮੁੰਡਾ ਮਰਿਆ ਹੈ, ਕਹਿੰਦੇ ਨੇ ਦਸ਼ਮੇਸ਼ ਨਗਰ ਕੋਠਿਆਂ ਦਾ ਇੱਕੋ ਇੱਕ ਸੀ ਮੁੰਡਾ ਅਤੇ ਫ਼ਾਹਾ ਲੈ ਗਿਆ, ਗਿਦੜਬਾਹੇ ਦੀ ਫ਼ੋਟੋ ਹੈ। ਉਹ ਯੁਵਾ ਨੇਤਾ ਮਰੇ ਮੁੰਡੇ ਦੀ ਮਾਂ ਕੋਲ ਅਫ਼ਸੋਸ ਕਰਨ ਗਿਆ ਹੈ। ਮਾਂ ਦਾ ਹੱਥ ਆਪਣੇ ਹੱਥ ‘ਚ ਲਿਆ ਹੋਇਆ ਹੈ ਉਸ ਨੇ, ਅਤੇ ਮਾਂ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਝਾਕ ਰਿਹਾ ਹੈ ਉਹ। ਮਾਂ ਸੱਥਰ ‘ਤੇ ਬੈਠੀ ਉਸ ਨੂੰ ਕਹਿੰਦੀ ਹੈ, ”ਵੇ ਪੁੱਤ,ਮੈਨੂੰ ਇਨਸਾਫ਼ ਚਾਹੀਦੈ, ਕੌਣ ਦੇਊ ਮੈਨੂੰ ਇਨਸਾਫ਼ ਵੇ ਪੁੱਤਰਾ?”
ਉਹ ਨਿਆਣਾ ਨੇਤਾ ਬੋਲਦਾ ਹੈ, ”ਮਾਂ ਫ਼ਿਕਰ ਨਾ ਕਰ, ਮੈਂ ਲੜੂੰਗਾ ਤੇਰੇ ਵਾਸਤੇ, ਮੈਂ ਤੇਰਾ ਪੁੱਤ ਆਂ।”
ਮਾਂ ਬੋਲੀ, ”ਵੇ ਪੁੱਤਰਾ, ਤੂੰ ਅੱਜ ਤੋਂ ਮੇਰਾ ਪੁੱਤ ਈ ਐਂ, ਵੇ ਰੱਬ ਤੈਨੂੰ ਲੱਖਾਂ ਸਾਲ ਉਮਰ ਦੇਵੇ।”
***
ਫ਼ੋਟੋ ਬੜੀ ਦੁਖਦਾਈ ਹੈ। ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਗਿੱਦੜਬਾਹੇ ਫ਼ੋਨ ਕਰ ਕੇ ਪੁੱਛਿਆ(ਏਸੇ ਸ਼ਹਿਰ ਅਤੇ ਇਸੇ ਇਲਾਕੇ ‘ਚ ਮੇਰੀਆਂ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਨੇ, ਅਤੇ ਮੇਰਾ ਬਚਪਨ ਕੋਟ ਭਾਈ ਪਿੰਡ ਅਤੇ ਗਿੱਦੜਬਾਹੇ ‘ਚ ਈ ਬਹੁਤਾ ਬੀਤਿਆ ਹੈ) ਤਾਂ ਉਸ ਰਿਸ਼ਤੇਦਾਰ ਨੇ ਮੈਨੂੰ ਦੱਸਿਆ ਕਿ ਏਹ ਫ਼ੋਟੋ ਚੰਨੂ ਵਾਲੇ ਸਰਦਾਰ ਸ਼ਿਵਰਾਜ ਸਿੰਘ ਢਿਲੋਂ ਦੇ ਪੋਤੇ ਦੀ ਐ, ਉਹ ਅੱਜਕੱਲ੍ਹ ਅਕਾਲੀ ਦਲ ਦਾ ਯੁਵਾ ਲੀਡਰ ਐ ਤੇ ਉਸ ਦਾ ਇਲਾਕੇ ‘ਚ ਚੰਗਾ ਅਸਰ ਰਸੂਖ਼ ਬਣਦਾ ਜਾ ਰਿਹੈ। ਉਹਦਾ ਨਾਂ ਅਭੈ ਸਿੰਘ ਢਿੱਲੋਂ ਐਂ ਅਤੇ ਇਹ ਸਨੀ ਢਿਲੋਂ ਦਾ ਮੁੰਡਾ ਐ। ਸੁਖਬੀਰ ਬਾਦਲ ਏਸ ਮੁੰਡੇ ਨੂੰ ਆਪਣੇ ਢਿੱਡੋਂ ਭਵਿੱਖ ਦਾ ਲੀਡਰ ਬਣਿਆ ਦੇਖਣਾ ਚਾਹੁੰਦੈ, ਅਤੇ ਡਿੰਪੀ ਢਿੱਲੋਂ ਏਹਦਾ ਤਾਇਆ ਲਗਦੈ। ਰਿਸ਼ਤੇਦਾਰ ਨੇ ਐਨੀ ਦੱਸ ਕੇ ਫ਼ੋਨ ਬੰਦ ਕਰ ਦਿੱਤਾ, ਪਰ ਮੇਰਾ ਧਿਆਨ ਉਸੇ ਤਸਵੀਰ ‘ਤੇ ਹੀ ਟਿਕਿਆ ਹੋਇਆ ਹੈ ਜੋ ਤੁਸੀਂ ਛਪੀ ਹੋਈ ਦੇਖ ਰਹੇ ਓ।
***
ਮੈਂ ਸੋਚਿਆ ਕਿ ਇਹ ਢਿੱਲੋਂ ਤਾਂ ਦੀਪ ਟਰਾਂਸਪੋਰਟ ਵਾਲੇ ਹੋਏ ਜੋ ਗਿੱਦੜਬਾਹੇ ਦੇ ਹੀ ਨੇ। ਇਹ ਤਾਂ ਬਾਦਲਾਂ ਦੇ ਖਾਸਮ ਖਾਸ ਨੇ। ਉਨ੍ਹਾਂ ਦੀਆਂ ਬੱਸਾਂ ਤਾਂ ਦਿਨ ਦੀਵੀਂ ਬੰਦੇ ਮਿੱਧਦੀਆਂ ਫ਼ਿਰਦੀਆਂ ਨੇ ਸੜਕਾਂ ‘ਤੇ, ਅਤੇ ਇਹ ਅਭੈ ਸਿੰਘ ਢਿਲੋਂ ਜੇਕਰ ਇਕ ਦੁਖਿਆਰੀ ਮਾਂ ਦੀਆਂ ਅੱਖਾਂ ‘ਚ ਝਾਕ ਕੇ ਉਹਦਾ ਦਰਦ ਜਾਣ ਰਿਹੈ, ਦੁਖਿਆਰੀ ਮਾਂ ਦਾ ਪੁੱਤਰ ਬਣ ਰਿਹੈ ਤਾਂ ਇਹ ਇੱਕ ਚੰਗੀ ਗੱਲ ਹੈ। ਇਹ ਤਸਵੀਰ ਨਵੀਨ ਨੇਤਾਵਾਂ ਨੂੰ, ਚਾਹੇ ਕਿਸੇ ਪਾਰਟੀ ਦੇ ਵੀ ਹੋਣ, ਆਪਣੇ ਮਨ-ਮਸਤਕ ‘ਚ ਵਸਾ ਲੈਣੀ ਚਾਹੀਦੀ ਹੈ ਅਭੈ ਸਿੰਘ ਵਾਂਗਰਾਂ। ਅਤੇ ਸਿਰਫ਼ ਤਸਵੀਰਾਂ ਨਾਲ ਈ ਨਹੀਂ ਸਰਨਾ, ਜ਼ਮੀਰਾਂ ਨੂੰ ਵੀ ਹਲੂਣ ਕੇ ਰੱਖਣਾ! ਸਾਨੂੰ ਬੜਾ ਪਿੱਛੇ ਪਰਤਣਾ ਪੈਣੈ। ਸਮਾਂ, ਸਮਾਜ ਅਤੇ ਸਿਆਸਤ ਦਿਨੋਂ ਦਿਨ ਰੰਗ ਬਦਲ ਰਹੇ ਨੇ। ਫ਼ਿਲਹਾਲ ਅਭੈ ਸਿੰਘ ਢਿਲੋਂ ਨੂੰ ਸ਼ਾਬਾਸ਼ ਦੇਂਦਾ ਹਾਂ। ਇਹ ਵੀ ਪਤਾ ਲਗਿਐ ਕਿ ਅਭੈ ਸਿੰਘ ਤਾਂ ਇੰਗਲੈਂਡ ਤੋਂ ਵੀ ਪੜ੍ਹ ਚੁੱਕਾ ਹੈ। ਸ਼ੁਰੂ ਤੋਂ ਹੀ ਪੰਜਾਬ ਤੋਂ ਬਾਹਰ ਪੜ੍ਹਿਐ, ਪਰ ਲਗਾਓ ਉਸ ਨੂੰ ਇੱਥੋਂ ਦੇ ਪਿੰਡਾਂ ਨਾਲ ਹੈ। ਆਪਣੇ ਹਲਕੇ ਨਾਲ ਹੈ। ਬਾਕੀ ਸਮਾਂ ਦੱਸੇਗਾ।