ਤਰਨਤਾਰਨ – ਦੇਸ਼ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ) ਦੀ ਇਕ ਵਿਸ਼ੇਸ਼ ਟੀਮ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਰਮੂੰਵਾਲ ਵਿਖੇ ਅੱਜ ਅਚਾਨਕ ਛਾਪੇਮਾਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਉਰਫ ਅਰਸ਼ ਪੁੱਤਰ ਸਤਪਾਲ ਸਿੰਘ ਨਿਵਾਸੀ ਕਰਮੂਵਾਲ, ਜੋ ਕਸਬਾ ਚੋਹਲਾ ਸਾਹਿਬ ਵਿਖੇ ਸੰਧੂ ਟੂਰ ਐਂਡ ਟ੍ਰੈਵਲ ਦਾ ਕਾਰੋਬਾਰ ਕਰਦਾ ਹੈ, ਦੇ ਖ਼ਿਲਾਫ਼ ਕੋਈ ਅਪਰਾਧਿਕ ਮਾਮਲਾ ਦਰਜ ਹੈ। ਇਸ ਸਬੰਧ ’ਚ ਅੱਜ ਉਸ ਦੇ ਘਰ ਐੱਨ.ਆਈ.ਏ ਵਲੋਂ ਛਾਪੇਮਾਰੀ ਕਰਦੇ ਹੋਏ ਤਲਾਸ਼ੀ ਲਈ ਗਈ।
ਦੱਸ ਦੇਈਏ ਕਿ ਕਈ ਘੰਟੇ ਤੱਕ ਚਲਾਏ ਗਏ ਤਲਾਸ਼ੀ ਅਭਿਆਨ ਤੋਂ ਬਾਅਦ ਐੱਨ.ਆਈ.ਏ. ਦੀ ਟੀਮ ਵਾਪਸ ਪਰਤ ਗਈ। ਇਸ ਛਾਪੇਮਾਰੀ ਸਬੰਧੀ ਸਥਾਨਕ ਪੁਲਸ ਨੂੰ ਵੀ ਭਿਣਕ ਨਹੀਂ ਲੱਗਣ ਦਿੱਤੀ ਗਈ। ਇਸ ਸਬੰਧ ’ਚ ਜਦੋਂ ਐੱਨ.ਆਈ.ਏ. ਟੀਮ ਦੇ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਬਾਬਤ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਐੱਨ.ਆਈ.ਏ. ਦੀ ਟੀਮ ਵਲੋਂ ਜਦੋਂ ਛਾਪੇਮਾਰੀ ਕੀਤੀ ਗਈ ਸੀ, ਉਸ ਸਮੇਂ ਅੰਮ੍ਰਿਤਪਾਲ ਸਿੰਘ ਘਰ ਵਿਚ ਮੌਜੂਦ ਨਹੀਂ ਸੀ। ਪਰਿਵਾਰਕ ਮੈਂਬਰਾਂ ਪਾਸੋਂ ਬਿਆਨ ਦਰਜ ਕਰਦੇ ਹੋਏ ਟੀਮ ਨੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।