ਹਿਮਾਚਲ ਪ੍ਰਦੇਸ਼/ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 62 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ। ਮੁੱਖ ਮੰਤਰੀ ਜੈਰਾਮ ਠਾਕੁਰ ਆਪਣੇ ਵਿਧਾਨ ਸਭਾ ਖੇਤਰ ਸਿਰਾਜ ਤੋਂ ਚੋਣ ਲੜਨਗੇ। ਸਾਬਕਾ ਮੁੱਖ ਮੰਤਰੀ ਸੁਖਰਾਮ ਦੇ ਪੁੱਤਰ ਅਨਿਲ ਸ਼ਰਮਾ ਮੰਡੀ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ।
62 ਉਮੀਦਵਾਰਾਂ ਦੀ ਇਸ ਸੂਚੀ ‘ਚ 5 ਔਰਤਾਂ ਵੀ ਸ਼ਾਮਲ ਹਨ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਸੋਮਵਾਰ ਨੂੰ ਹੋਈ ਬੈਠਕ ‘ਚ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ‘ਚ ਕੁਝ ਮੌਜੂਦਾ ਵਿਧਾਇਕਾਂ ਦਾ ਟਿਕਟ ਕੱਟਿਆ ਵੀ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਸੀਨੀਅਰ ਨੇਤਾ ਕੇਂਦਰੀ ਚੋਣ ਕਮੇਟੀ ਦੇ ਮੈਂਬਰ ਹਨ। ਰਾਜ ਦੀਆਂ 68 ਵਿਧਾਨ ਸਭਾ ਸੀਟਾਂ ਲਈ ਵੋਟਿੰਗ 12 ਨਵੰਬਰ ਨੂੰ ਹੋਵੇਗੀ। ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ 25 ਅਕਤੂਬਰ ਹੈ।