ਲੁਧਿਆਣਾ : ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਕਾਫਲੇ ’ਚ ਸ਼ਾਮਲ ਇਕ ਪਾਇਲਟ ਗੱਡੀ ਨਾਲ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ। ਦਰਅਸਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜਦੋਂ ਮੰਗਲਵਾਰ ਨੂੰ ਲੁਧਿਆਣਾ ਪੱਛਮੀ ਤਹਿਸੀਲ ’ਚ ਆਏ ਤਾਂ ਉਨ੍ਹਾਂ ਦੀ ਸੁਰੱਖਿਆ ’ਚ ਲੱਗੀ ਇਕ ਪਾਇਲਟ ਜਿਪਸੀ ਦੇ ਮੁਲਾਜ਼ਮ ਬਿਜਲੀ ਦੇ ਟ੍ਰਾਂਸਫਾਰਮਰ ਦੀ ਲਪੇਟ ’ਚ ਆਉਣ ਤੋਂ ਵਾਲ-ਵਾਲ ਬਚ ਗਏ। ਜਾਣਕਾਰੀ ਮੁਤਾਬਕ ਜਿਓਂ ਹੀ ਜਿਪਸੀ ਦਾ ਡਰਾਈਵਰ ਜਿਪਸੀ ਨੂੰ ਲੈ ਕੇ ਅੱਗੇ ਵਧਣ ਲੱਗਾ ਤਾਂ ਜਿਪਸੀ ਦਾ ਇਕ ਹਿੱਸਾ ਟ੍ਰਾਂਸਫਾਰਮਰ ਦੀਆਂ ਤਾਰਾਂ ਨਾਲ ਉਲਝ ਗਿਆ। ਇਸ ਦੌਰਾਨ ਗਨੀਮਤ ਇਹ ਰਹੀ ਕਿ ਗੱਡੀ ਵਿਚ ਕਰੰਟ ਨਹੀਂ ਆਇਆ।
ਇਸ ਦੌਰਾਨ ਫੁਰਤੀ ਨਾਲ ਸਭ ਤੋਂ ਪਹਿਲਾਂ ਏ. ਸੀ. ਪੀ. ਮਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਜਿਪਸੀ ਵਿਚ ਸਵਾਰ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਉਸ ਤੋਂ ਬਾਅਦ ਏ. ਸੀ. ਪੀ. ਨੇ ਖੁਦ ਰਿਸਕ ਲੈ ਕੇ ਡੰਡੇ ਦੀ ਮਦਦ ਨਾਲ ਤਾਰਾਂ ਦੇ ਜਾਲ ’ਚ ਉਲਝੀ ਜਿਪਸੀ ਨੂੰ ਬਾਹਰ ਕੱਢਣ ਵਿਚ ਮਦਦ ਕੀਤੀ। ਜੇਕਰ ਏ. ਸੀ. ਪੀ. ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਸਮੇਂ ’ਤੇ ਐਕਸ਼ਨ ਵਿਚ ਨਾ ਆਉਂਦੇ ਤਾਂ ਅੱਜ ਮੰਤਰੀ ਦੇ ਜਿਪਸੀ ਡਰਾਈਵਰ ਜਾਂ ਹੋਰ ਕਿਸੇ ਮੁਲਾਜ਼ਮ ਨੂੰ ਕਰੰਟ ਵੀ ਲੱਗ ਸਕਦਾ ਸੀ।