ਰਾਜਸਭਾ ਮੈਂਬਰ ਰਾਘਵ ਚੱਢਾ ਨੇ ਵਿਰੋਧੀਆਂ ‘ਤੇ ਵਿੰਨ੍ਹੇ ਨਿਸ਼ਾਨੇ

ਨੈਸ਼ਨਲ ਡੈਸਕ : ਰਾਜਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਗੁਜਰਾਤ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਰਾਜਕੋਟ ਪਹੁੰਚ ਕੇ ਵਿਰੋਧੀਆਂ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੀ ਵੱਧਦੀ ਲੋਕਪ੍ਰੀਅਤਾ ਵੇਖ ਕੇ ਵਿਰੋਧੀ ਘਬਰਾ ਗਏ ਹਨ। ਗੁਜਰਾਤ ਦੇ ਲੋਕ ਭਾਰਤੀ ਜਨਤਾ ਪਾਰਟੀ ਤੋਂ ਪਿਛਲੇ 27 ਸਾਲਾਂ ਦਾ ਹਿਸਾਬ ਮੰਗ ਰਹੇ ਹਨ। ਹਾਰ ਤੋਂ ਬਚਣ ਲਈ ਭਾਜਪਾ ਹਰ ਪੈਂਤੜਾ ਖੇਡ ਰਹੀ ਹੈ। ਭਾਜਪਾ ਵੱਲੋਂ ‘ਆਪ’ ਵਰਕਰਾਂ ‘ਤੇ ਹਮਲੇ ਕਰਵਾਏ ਜਾ ਰਹੇ ਹਨ, ਪਾਰਟੀ ਵੱਲੋਂ ਭਗਵਾਨ ਗਣੇਸ਼ ਜੀ ਦੀ ਪੂਜਾ ਲਈ ਲਗਾਏ ਪੰਡਾਲ ਪੁੱਟ ਕੇ ਸੁੱਟੇ ਜਾ ਰਹੇ ਹਨ। ਜਿਸ ਬਿਲਡਿੰਗ ‘ਚ ਆਪ ਵੱਲੋਂ ਸਮਾਗਮ ਕੀਤੇ ਜਾਂਦੇ ਹਨ, ਅਗਲੇ ਦਿਨ ਹੀ ਉਸ ਹਾਲ ਨੂੰ ਬੁਲਡੋਜ਼ਰ ਫੇਰ ਕੇ ਢਹਿ-ਢੇਰੀ ਕਰ ਦਿੱਤਾ ਜਾਂਦਾ ਹੈ। ਅੱਜ ਪ੍ਰਧਾਨਮੰਤਰੀ ਸੌਰਾਸ਼ਟਰ ਹਨ ਤਾਂ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ।
ਕਾਂਗਰਸ ਪਾਰਟੀ ‘ਤੇ ਨਿਸ਼ਾਨੇ ਵਿੰਨ੍ਹਦਿਆਂ ਚੱਡਾ ਨੇ ਕਿਹਾ ਕਿ ਗੁਜਰਾਤ ਦੀ ਰਾਜਨੀਤੀ ਤੋਂ ਕਾਂਗਰਸ ਪੂਰੀ ਤਰ੍ਹਾਂ ਸਾਫ਼ ਹੁੰਦੀ ਨਜ਼ਰ ਆ ਰਹੀ ਹੈ। ਕਾਂਗਰਸ ਪਾਰਟੀ 95 ਸਾਲਾਂ ਦੀ ਬੁੱਢੀ ਔਰਤ ਹੈ , ਇਸ ਲਈ ਉਸ ਨੂੰ ਆਈ. ਸੀ. ਯੂ. ‘ਚ ਦਾਖਲ ਕਰਵਾਉਣ ਦੀ ਲੋੜ ਹੈ। ਸਰਦਾਰ-ਗਾਂਧੀ ਦੇ ਗੁਜਰਾਤ ‘ਚੋਂ ਭਾਜਪਾ ਪਿਛਲੇ 27 ਸਾਲਾਂ ਤੋਂ ਇਸ ਲਈ ਜਿੱਤਦੀ ਆ ਰਹੀ ਹੈ, ਕਿਉਂਕਿ ਉਸ ਦਾ ਮੁਕਾਬਲਾ ਇਕ ਨਿਕੰਮੀ ਤੇ ਥੱਕੀ ਹੋਈ ਪਾਰਟੀ ਕਾਂਗਰਸ ਨਾਲ ਹੋ ਰਿਹਾ ਸੀ। ਜਦੋਂ ਭਾਜਪਾ ਦਾ ਮੁਕਾਬਲਾ ਕੇਜਰੀਵਾਲ ਨਾਲ ਹੁੰਦਾ ਹੈ ਤਾਂ ਉਨ੍ਹਾਂ ਨੂੰ ਨਾਨੀ ਯਾਦ ਆ ਜਾਂਦੀ ਹੈ। ਇਸ ਪ੍ਰੈ੍ੱਸ ਕਾਨਫਰੰਸ ‘ਚ ਰਾਘਵ ਚੱਢਾ ਦੇ ਨਾਲ ਪਾਰਟੀ ਦੇ ਕੌਮੀ ਸੰਯੁਕਤ ਸਕੱਤਰ ਇੰਦਰਨੀਲ ਰਾਜਗੁਰੂ ਵੀ ਹਾਜ਼ਰ ਸਨ।