ਮੁੱਖ ਮੰਤਰੀ ਮਾਨ ਨੇ ਗੁਜਰਾਤ ‘ਚ ਸਟੇਜ ‘ਤੇ ਪਾਈ ਧੱਕ, ਗਰਬੇ ਤੇ ਭੰਗੜੇ ਨਾਲ ਮੋਹਿਆ ਲੋਕਾਂ ਦਾ ਮਨ

ਗੁਜਰਾਤ : ਗੁਜਰਾਤ ‘ਚ ਚੋਣ ਪ੍ਰਚਾਰ ਕਰਨ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਵੇਲੇ ਸਟੇਜ ‘ਤੇ ਧੱਕ ਪਾ ਦਿੱਤੀ, ਜਦੋਂ ਉਨ੍ਹਾਂ ਨੇ ਇਕ ਗਰਬਾ ਪ੍ਰੋਗਰਾਮ ‘ਚ ਗਰਬਾ ਕੀਤਾ। ਸਿਰਫ ਇੰਨਾ ਹੀ ਨਹੀਂ, ਉਨ੍ਹਾਂ ਨੇ ਲੋਕਾਂ ਦੀ ਫਰਮਾਇਸ਼ ‘ਤੇ ਸਟੇਜ ‘ਤੇ ਭੰਗੜਾ ਵੀ ਪਾਇਆ। ਇਸ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਸਾਡੇ ਸ਼ੇਰ ਨੇ ਗੁਜਰਾਤ ‘ਚ ਵੀ ਭੰਗੜੇ ਦਾ ਰੰਗ ਜਮਾ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਹੁਣ ਗੁਜਰਾਤ ‘ਚ ਵੀ ਝਾੜੂ ਚੱਲੇਗਾ ਅਤੇ ਕਮਲ ਦਾ ਚਿੱਕੜ ਸਾਫ਼ ਕਰੇਗਾ। ਉਨ੍ਹਾਂ ਨੇ ਆਪਣੇ ਟਵੀਟ ‘ਚ ਮੁੱਖ ਮੰਤਰੀ ਮਾਨ ਦੀ ਭੰਗੜਾ ਪਾਉਂਦਿਆਂ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੁਜਰਾਤ ਦੌਰੇ ‘ਤੇ ਹਨ।
ਇੱਥੇ ਆਮ ਆਦਮੀ ਪਾਰਟੀ ਲਗਾਤਾਰ ਚੋਣ ਪ੍ਰਚਾਰ ‘ਚ ਲੱਗੀ ਹੋਈ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਅਦ ਪੰਜਾਬ ‘ਚ ਪਹਿਲੀ ਵਾਰ ਆਪਣੀ ਸਰਕਾਰ ਬਣਾਈ ਹੈ, ਜਿਸ ਤੋਂ ਬਾਅਦ ਹੁਣ ਪਾਰਟੀ ਦੀ ਨਜ਼ਰ ਗੁਜਰਾਤ ‘ਤੇ ਹੈ। ਅਰਵਿੰਦ ਕੇਜਰੀਵਾਲ ਨੇ ਇੱਥੇ ਖ਼ੁਦ ਕਮਾਨ ਸੰਭਾਲੀ ਹੋਈ ਹੈ ਅਤੇ ਮੁੱਖ ਮੰਤਰੀ ਮਾਨ ਉਨ੍ਹਾਂ ਦੇ ਨਾਲ ਹਨ।