ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੂਫ਼ਾਨ ‘ਇਆਨ’ ਦੇ ਕਹਿਰ ਤੋਂ ਅਮਰੀਕਾ ’ਚ ਹੋਏ ਜਾਨੀ-ਮਾਲੀ ਨੁਕਸਾਨ ’ਤੇ ਐਤਵਾਰ ਨੂੰ ਸੋਗ ਜਤਾਇਆ। ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਦੱਸ ਦੇਈਏ ਕਿ ਤੂਫ਼ਾਨ ‘ਇਆਨ’ ਨੇ ਫਲੋਰੀਡਾ ਅਤੇ ਦੱਖਣੀ ਕੈਰੋਲੀਨਾ ’ਚ ਕਹਿਰ ਵਰ੍ਹਾਇਆ ਹੈ। ਹੁਣ ਤੱਕ ਇਸ ਤੂਫ਼ਾਨ ਨਾਲ 47 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ, ‘‘ਤੂਫ਼ਾਨ ਇਆਨ ਨਾਲ ਜਨ-ਜੀਵਨ ਦੀ ਹਾਨੀ ਅਤੇ ਤਬਾਹੀ ਲਈ ਮੈਂ ਰਾਸ਼ਟਰਪਤੀ ਜੋਅ ਬਾਈਡੇਨ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਇਸ ਮੁਸ਼ਕਲ ਸਮੇਂ ’ਚ ਸਾਡੀ ਹਮਦਰਦੀ ਅਮਰੀਕੀ ਲੋਕਾਂ ਨਾਲ ਹੈ।’’ ਓਧਰ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਹੈ ਕਿ ਫਲੋਰੀਡਾ ਦੇ ਇਤਿਹਾਸ ’ਚ ਆਇਆ ਇਹ ਸਭ ਤੋਂ ਖ਼ਤਰਨਾਕ ਤੂਫ਼ਾਨ ਹੋ ਸਕਦਾ ਹੈ।