ਸ਼ਰਮਨਾਕ, ਪਟਵਾਰੀ ਵਲੋਂ ਔਰਤ ਨਾਲ ਜਬਰ-ਜ਼ਿਨਾਹ, ਕਾਨੂੰਨਗੋ ਨੇ ਵੀ ਟੱਪੀਆਂ ਹੱਦਾਂ

ਨਿਹਾਲ ਸਿੰਘ ਵਾਲਾ ਇਕ ਔਰਤ ਨਾਲ ਜਬਰ-ਜ਼ਿਨਾਹ ਦੇ ਮਾਮਲੇ ਨੂੰ ਲੈ ਕੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਇਕ ਰਿਟਾਇਰਡ ਕਾਨੂੰਨਗੋ (ਮੌਜੂਦਾ ਪਟਵਾਰੀ), ਇਕ ਰਿਟਾਇਰਡ ਪਟਵਾਰੀ ਅਤੇ ਪੰਚਾਇਤ ਮੈਂਬਰ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਇਕ ਔਰਤ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੋਸ਼ ਲਗਾਇਆ ਕਿ ਪੰਚ ਤਾਰਾ ਸਿੰਘ ਉਸ ਨੂੰ ਨਿਹਾਲ ਸਿੰਘ ਵਾਲਾ ਵਿਖੇ ਲੈ ਕੇ ਗਿਆ ਸੀ ਅਤੇ ਉਸ ਨੇ ਉਸ ਨੂੰ ਮਲਕੀਤ ਸਿੰਘ ਰਿਟਾਇਰਡ ਪਟਵਾਰੀ ਦੇ ਘਰ ਛੱਡ ਦਿੱਤਾ ਅਤੇ ਆਪ ਉੱਥੋਂ ਚਲਾ ਗਿਆ ਬਾਅਦ ਵਿਚ ਮਲਕੀਤ ਸਿੰਘ ਪਟਵਾਰੀ ਅਤੇ ਕੇਵਲ ਸਿੰਘ ਕਾਨੂੰਨਗੋ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ।
ਪੀੜਤ ਬਲਜੀਤ ਕੌਰ ਦੇ ਬਿਆਨਾਂ ’ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਕਾਨੂੰਨਗੋ ਕੇਵਲ ਸਿੰਘ, ਰਿਟਾਇਰਡ ਪਟਵਾਰੀ ਮਲਕੀਤ ਸਿੰਘ ਅਤੇ ਪੰਚ ਤਾਰਾ ਸਿੰਘ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਬਲਜੀਤ ਕੌਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਭਾਲ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਕੇਵਲ ਸਿੰਘ ਰਿਟਾਇਰਡ ਕਾਨੂੰਨਗੋ ਹੈ ਅਤੇ ਹੁਣ ਨਿਹਾਲ ਸਿੰਘ ਵਾਲਾ ਵਿਖੇ ਬਤੌਰ ਪਟਵਾਰੀ ਕੰਮ ਕਰ ਰਿਹਾ ਹੈ।