ਚੰਡੀਗੜ੍ਹ : ਪੰਜਾਬ ਦੇ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਸ਼ੁੱਕਰਵਾਰ ਨੂੰ ਸਦਨ ’ਚ ਹੰਗਾਮਾ ਕਰ ਕਾਰਵਾਈ ਪ੍ਰਭਾਵਿਤ ਕਰਨ ਲਈ ਵਿਰੋਧੀ ਧਿਰ ’ਤੇ ਨਿਸ਼ਾਨਾ ਵਿਨ੍ਹਿਆ ਹੈ ਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਪੰਜਾਬ ’ਚ ਭਾਜਪਾ ਦੇ ਸ਼ੱਕੀ ਏਜੰਡੇ ਨੂੰ ਲਾਗੂ ਕਰਨ ਲਈ ਗੁਪਤ ਤੌਰ ’ਤੇ ਕੰਮ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਵਿਧਾਨ ਸਭਾ ਵਿਚ ਹੰਗਾਮਾ ਕਰਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਸਦਨ ਵਿਚ ਦੁਪਹਿਰ 3.30 ਵਜੇ ਤੱਕ ਕੰਮਕਾਜ ਚੱਲਣਾ ਸੀ ਪਰ ਕਾਂਗਰਸ ਨੇ ਸੈਸ਼ਨ ਵਿਚ ਕੋਈ ਮੁੱਦਾ ਉਠਾਉਣ ਦੀ ਬਜਾਏ ਪ੍ਰੇਸ਼ਾਨ ਕਰਨਾ ਪਸੰਦ ਕੀਤਾ।
ਜਦਕਿ ਵਿਰੋਧੀ ਧਿਰ ਦੀ ਬੇਨਤੀ ’ਤੇ ਹੀ ਸੈਸ਼ਨ ਨੂੰ ਚਾਰ ਦਿਨ ਲਈ ਵਧਾਇਆ ਗਿਆ। ਫਿਰ ਵੀ ਉਨ੍ਹਾਂ ਨੇ ਸੈਸ਼ਨ ਦੀ ਸੁਚੱਜੀ ਵਰਤੋਂ ਨਹੀਂ ਕੀਤੀ। ਇਹ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਉਨ੍ਹਾਂ ਦੀ ਰੂਚੀ ਦੀ ਕਮੀ ਨੂੰ ਦਰਸਾਉਂਦਾ ਹੈ।ਵਿਰੋਧੀ ਧਿਰ ਦੇ ਨੇਤਾ ’ਤੇ ਨਿਸ਼ਾਨਾ ਸਾਧਦਿਆਂ ਮੰਤਰੀ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੁਣ ਪ੍ਰਤਾਪ ਸਿੰਘ ‘ਭਾਜਪਾ’ ਬਣ ਗਏ ਹਨ। ਉਹ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ ਅਤੇ ‘ਆਪ੍ਰੇਸ਼ਨ ਲੋਟਸ’ ਨੂੰ ਲਾਗੂ ਕਰਵਾਉਣਾ ਚਾਹੁੰਦੇ ਹਨ।