ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਤੀਸਰੇ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਕਾਂਗਰਸ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਜੰਮ ਕੇ ਵਰ੍ਹੇ। ਵਿਰੋਧੀਆਂ ਵੱਲੋਂ ਕੁਲਤਾਰ ਸੰਧਵਾਂ ਨੂੰ ਨਕਲੀ ਸਪੀਕਰ ਕਹਿਣ ’ਤੇ ਗੁੱਸੇ ’ਚ ਆਏ ਮੁੱਖ ਮੰਤਰੀ ਮਾਨ ਨੇ ਕਾਂਗਰਸੀ ਵਿਧਾਇਕਾਂ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਕਿ ਕਾਂਗਰਸੀ ਵਿਧਾਇਕ ਖ਼ੁਦ ਨਕਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰ ਚੁੱਕੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਰਿੰਦਰ ਸਿੰਘ ਕਾਂਗਰਸ ਦੇ ਨਕਲੀ ਮੁੱਖ ਮੰਤਰੀ ਸਨ, ਕਿਉਂਕਿ ਉਹ ਬੀਜੇਪੀ ਦਾ ਬੰਦਾ ਸੀ। ਇਸ ਦੇ ਬਾਵਜੂਦ ਇਹ ਸਾਰੇ ਵਿਧਾਇਕ ਉਸ ਸਮੇਂ ਉਨ੍ਹਾਂ ਦੇ ਨਾਲ ਰਹੇ ਅਤੇ ਅੱਜ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਕਾਂਗਰਸ ’ਤੇ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਕਾਂਗਰਸ ਨਾਲ ‘ਆਈ’ ਲਿਖਦੇ ਹੁੰਦੇ ਸੀ ਪਰ ਹੁਣ ਕਾਂਗਰਸ ਦੇ ਨਾਲ ਬਰੈਕਟ ’ਚ ਬੀਜੇਪੀ ਲਿਖ ਲੈਣ।
ਮਾਨ ਨੇ ਕਿਹਾ ਕਿ ਇਹ ਲੋਕ ਇਸ ਵਿਧਾਨ ਸਭਾ ਦੀ ਥਾਂ ਬੀਜੇਪੀ ਦੀ ਵਿਧਾਨ ਸਭਾ ’ਚ ਜਾਣ, ਜੋ ਉਹ ਵੱਖ-ਵੱਖ ਥਾਵਾਂ ’ਤੇ ਲਗਾਉਂਦੇ ਹਨ। ਤੁਸੀਂ ਹਾਊਸ ਦਾ ਸਮਾਂ ਬਰਬਾਦ ਨਾ ਕਰੋ। ਮਾਨ ਨੇ ਕਿਹਾ ਕਿ ਇਸ ਵਿਧਾਨ ਸਭਾ ’ਚ ਲੋਕਾਂ ਦੀਆਂ ਸਮੱਸਿਆਵਾਂ ਦੇ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ ਦੇ ਬਾਰੇ ਵਿਚਾਰ ਚਰਚਾ ਹੋਣੀ ਅਜੇ ਬਾਕੀ ਹੈ। ਇਥੋਂ ਹੀ ਕਾਨੂੰਨ ਬਣਦੇ ਹਨ, ਜਿਸ ਨਾਲ ਲੋਕਾਂ ਨੇ ਘਰਾਂ ’ਚ ਮੌਜੂਦ ਚੁੱਲਿਆਂ ’ਚ ਅੱਗ ਬਲਣੀ ਹੈ।