ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਜਰੀਵਾਲ ਨੇ 15 ਸੂਤਰੀ ਕਾਰਜ ਯੋਜਨਾ ਦਾ ਕੀਤਾ ਐਲਾਨ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ 15 ਸੂਤਰੀ ਸਰਦ ਰੁੱਤ ਕਾਰਜ ਯੋਜਨਾ ਦਾ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ 2020 ‘ਚ ਇਲੈਕਟ੍ਰਿਕ ਵਾਹਨ ਨੀਤੀ ਲਿਆਉਣ ਅਤੇ 24 ਘੰਟੇ ਬਿਜਲੀ ਸਪਲਾਈ ਦੇਣ ਸਮੇਤ ਹੋਰ ਕਦਮ ਚੁੱਕਣ ਕਾਰਨ ਪਿਛਲੇ 4 ਸਾਲਾਂ ‘ਚ ਹਵਾ ਪ੍ਰਦੂਸ਼ਣ ਦਾ ਪੱਧਰ ਘੱਟ ਹੋਇਆ ਹੈ। ਉਨ੍ਹਾਂ ਨੇ ਕਾਰਜ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਸਾਲ ਸਰਕਾਰ 5000 ਏਕੜ ਜ਼ਮੀਨ ‘ਤੇ ਪਰਾਲੀ ਦੇ ਨਿਪਟਾਰੇ ਲਈ ਪੂਸਾ ਜੈਵ-ਅਪਘਟਕ ਸਪਰੇਅ ਦਾ ਛਿੜਕਾਅ ਕਰਵਾਏਗੀ। ਉਨ੍ਹਾਂ ਨੇ ਵੀਡੀਓ ਕਾਨਫਰੰਸ ‘ਚ ਕਿਹਾ,”ਦਿੱਲੀ ਸਰਕਾਰ ਪ੍ਰਦੂਸ਼ਣ ਨੂੰ ਰੋਕਣ ਲਈ 233 ਐਂਟੀ ਸਮੋਗ ਗਨ ਅਤੇ 150 ਮੋਬਾਈਲ ਐਂਟੀ ਸਮੋਗ ਗਨ ਲਗਾਏਗੀ। ਸਰਕਾਰ ਨੇ ਇਕ ਗ੍ਰੀਨ ਰੂਮ ਵੀ ਬਣਾਇਆ ਹੈ ਜਿਸ ‘ਚ 9 ਵਿਗਿਆਨਕ ਮਾਹਿਰ ਹੋਣਗੇ ਜੋ ਸਥਿਤੀ ‘ਤੇ ਨਜ਼ਰ ਰੱਖਣਗੇ।”
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਭਾਰਤੀ ਟੈਕਨਾਲੋਜੀ ਸੰਸਥਾ (ਆਈ.ਆਈ.ਟੀ.) ਖੜਗਪੁਰ ਨਾਲ ਮਿਲ ਕੇ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਲਈ ਰਾਊਜ਼ ਐਵੇਨਿਊ ‘ਚ ਕੰਟਰੋਲ ਕੇਂਦਰ ਬਣਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖੁੱਲ੍ਹੇ ‘ਚ ਕੂੜਾ ਸਾੜਨ ਤੋਂ ਰੋਕਣ ਲਈ 611 ਟੀਮਾਂ ਦਾ ਗਠਨ ਕੀਤਾ ਹੈ ਅਤੇ ਇਹ ਧੂੜ ਵਿਰੋਧੀ ਮੁਹਿੰਮ ਚਲਾਏਗੀ। ਸਰਕਾਰ ਨੇ ਪਟਾਕਿਆਂ ‘ਤੇ ਪਾਬੰਦੀ ਨੂੰ ਲਾਗੂ ਕਰਨ ਲਈ ਪਾਰਟੀਆਂ ਬਣਾਈਆਂ ਹਨ। ਕੇਜਰੀਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ, ਸਰਕਾਰ ਇਕ ਈ-ਵੇਸਟ ਪਾਰਕ ਵੀ ਸਥਾਪਤ ਕਰ ਰਹੀ ਹੈ, ਜਿੱਥੇ ਰਾਸ਼ਟਰੀ ਰਾਜਧਾਨੀ ਤੋਂ ਇਕੱਠੇ ਕੀਤੇ ਇਲੈਕਟ੍ਰਾਨਿਕ ਕੂੜੇ ਦਾ ਸੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਰਾਸ਼ਟਰੀ ਰਾਜਧਾਨੀ ਖੇਤਰ ਦੇ ਗੁਆਂਢੀ ਸ਼ਹਿਰਾਂ, ਕੇਂਦਰ ਅਤੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀਏਕਿਊਐਮ) ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀ ਹੈ। ਕੇਜਰੀਵਾਲ ਨੇ ਕਿਹਾ,”ਮੈਂ ਗੁਆਂਢੀ ਸ਼ਹਿਰਾਂ ਨੂੰ 24 ਘੰਟੇ ਬਿਜਲੀ ਦੇਣ ਦੀ ਬੇਨਤੀ ਕਰਦਾ ਹਾਂ ਤਾਂ ਕਿ ਡੀਜ਼ਲ ਜਨਰੇਟਰਾਂ ਦੀ ਵਰਤੋਂ ਨਾ ਕੀਤੀ ਜਾਵੇ। ਜਿਵੇਂ ਦਿੱਲੀ ਵਿੱਚ ਉਦਯੋਗਾਂ ਦੁਆਰਾ ਪਾਈਪ ਵਾਲੀ ਕੁਦਰਤੀ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਹੋਰ ਰਾਜਾਂ ਨੂੰ ਵੀ ਅਜਿਹਾ ਕਰਨਾ ਚਾਹੀਦਾ।”