ਨਵੀਂ ਦਿੱਲੀ – ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਕੰਟਰੋਲ ਤੋਂ ਬਾਅਦ ਜੰਮੂ-ਕਸ਼ਮੀਰ ’ਚ ਵਿਦੇਸ਼ੀ ਅੱਤਵਾਦੀਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ, ਹਾਲਾਂਕਿ ਘਾਟੀ ‘ਚ ਉਨ੍ਹਾਂ ਦੀ ਗਿਣਤੀ 200 ਤੋਂ ਵੱਧ ਨਹੀਂ ਹੋਵੇਗੀ। ਸ਼ੁੱਕਰਵਾਰ ਨੂੰ ਸੇਵਾਮੁਕਤ ਹੋਣ ਵਾਲੇ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸੁਰੱਖਿਆ ਫ਼ੋਰਸ ਕਸ਼ਮੀਰ ’ਚ ਤਾਲਮੇਲ ਨਾਲ ਕੰਮ ਕਰ ਰਹੀ ਹੈ ਅਤੇ ਧਾਰਾ 370 ਦੇ ਖ਼ਤਮ ਕੀਤੇ ਜਾਣ ਤੋਂ ਬਾਅਦ 2019 ‘ਚ ਪੁਰਾਣੇ ਰਾਜ ਦੇ ਮੁਕਾਬਲੇ ਅੱਤਵਾਦੀ ਘਟਨਾਵਾਂ ’ਚ ਕਮੀ ਆਈ ਹੈ।
ਅਣਪਛਾਤੇ ਅੱਤਵਾਦੀਆਂ ਵੱਲੋਂ ਸਥਾਨਕ ਲੋਕਾਂ ਅਤੇ ਕਸ਼ਮੀਰੀ ਪੰਡਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਕਤਲਾਂ ਨਾਲ ਜੁੜੇ ਸਵਾਲ ’ਤੇ ਸੀ.ਆਰ.ਪੀ.ਐੱਫ. ਡਾਇਰੈਕਟਰ ਜਨਰਲ ਨੇ ਕਿਹਾ,”ਇਹ ਇਕ ਚੁਣੌਤੀ ਹੈ ਅਫਗਾਨਿਸਤਾਨ ਤੋਂ ਬਾਅਦ, ਇਹ ਚੁਣੌਤੀ ਕਈ ਰੂਪਾਂ ’ਚ ਵਧੀ ਹੈ ਅਤੇ ਤੁਸੀਂ ਇਸ ਨੂੰ ਦੇਖ ਸਕਦੇ ਹੋ, ਜਿਵੇਂ ਵਿਦੇਸ਼ੀ ਅੱਤਵਾਦੀਆਂ ਦੀ ਗਿਣਤੀ ਵਧਦੀ ਅਤੇ ਘਟਦੀ ਜਾ ਰਹੀ ਹੈ।” ਹਾਲਾਂਕਿ, ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਦੀ ਕੁੱਲ ਗਿਣਤੀ ਹੁਣ ਘੱਟ ਹੈ ਪਹਿਲਾਂ ਦੇ ਮੁਕਾਬਲੇ ’ਚ ਇਹ ਹੁਣ 200 ਤੋਂ ਘੱਟ ਹੈ, ਜੋ ਪਹਿਲਾਂ 230-240 ਹੋਇਆ ਕਰਦੀ ਸੀ। ਤਾਲਿਬਾਨ ਨੇ ਪਿਛਲੇ ਸਾਲ ਅਗਸਤ ’ਚ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ।