PM ਮੋਦੀ ਨੇ ਸੂਰਤ ’ਚ ਕੀਤਾ ਰੋਡ ਸ਼ੋਅ, ਸਵਾਗਤ ਲਈ ਲੱਗੀ ਲੋਕਾਂ ਦੀ ਭੀੜ

ਸੂਰਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੇ ਗ੍ਰਹਿ ਸੂਬੇ ਗੁਜਰਾਤ ਦੇ ਦੋ ਦਿਨਾ ਦੌਰੇ ਤਹਿਤ ਸੂਰਤ ’ਚ ਪਹੁੰਚਣ ਮਗਰੋਂ ਰੋਡ ਸ਼ੋਅ ਕੀਤਾ। ਪ੍ਰਧਾਨ ਮੰਤਰੀ ਦੇ ਕਾਫਿਲੇ ਦੇ ਅੱਗੇ ਵਧਣ ਅਤੇ ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ’ਚ ਭੀੜ ਇਕੱਠੀ ਹੋ ਗਈ। ਦੱਸ ਦੇਈਏ ਕਿ ਆਪਣੇ ਗੁਜਰਾਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਲਈ ਸੂਰਤ, ਭਾਵਨਗਰ, ਅਹਿਮਦਾਬਾਦ ਅਤੇ ਅੰਬਾਜੀ ਨੂੰ ਕਵਰ ਕਰਨਗੇ।
ਪ੍ਰਧਾਨ ਮੰਤਰੀ 2900 ਕਰੋੜ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ, ਜਿਸ ’ਚ ਅਹਿਮਦਾਬਾਦ ਮੈਟਰੋ ਪੜਾਅ ਦਾ ਸ਼ੁੱਭ ਆਰੰਭ ਸ਼ਾਮਲ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸੂਰਤ ’ਚ 3400 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੇ ਚੋਣਾਵੀ ਸੂਬੇ ਦੇ ਦੌਰੇ ਦੌਰਾਨ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਉਹ ਨਰਾਤਿਆਂ ਦੇ ਸਮਾਰੋਹ ’ਚ ਵੀ ਸ਼ਾਮਲ ਹੋਣਗੇ।
ਦੱਸਣਯੋਗ ਹੈ ਕਿ ਗੁਜਰਾਤ ’ਚ ਇਸ ਸਾਲ ਦੇ ਅਖ਼ੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸੱਤਾਧਾਰੀ ਪਾਰਟੀ ਸੂਬੇ ’ਚ ਸੱਤਾ ਬਣਾ ਕੇ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਸੂਰਤ ਦੇ ਵਿਗਿਆਨ ਕੇਂਦਰ ’ਚ ਖੋਜ ਅਜਾਇਬਘਰ ਦਾ ਉਦਘਾਟਨ ਕਰਨ ਤੋਂ ਇਲਾਵਾ 87 ਹੈਕਟੇਅਰ ’ਚ ਬਣ ਰਹੇ ਜੈਵ ਵਿਭਿੰਨਤਾ ਪਾਰਕ ਦਾ ਨੀਂਹ ਪੱਥਰ ਵੀ ਰੱਖਣਗੇ।