ਰਜਿੰਦਰ ਕੌਰ ਭੱਠਲ ਦੇ ਬੰਦੇ
ਗੁਰਮੀਤ ਸਿੰਘ ਸਿੰਗਲ
9855072504
ਹਰੇਕ ਸਾਲ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਨੀਤੀ ਬਣਦੀ ਹੈ। ਇਹ ਬਦਲੀਆਂ ਹਰੇਕ ਸਾਲ ਤਕਰੀਬਨ ਮਾਰਚ ਅਪ੍ਰੈਲ ‘ਚ ਹੁੰਦੀਆਂ ਹਨ। ਸਰਕਾਰ ਵਲੋਂ ਮਿੱਥੀ ਮਿਤੀ ਤੋਂ ਬਾਅਦ ਬਦਲੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਫ਼ਿਰ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ‘ਚ ਸਥਿਤ ਮੰਤਰੀਆਂ ਦੇ ਕਮਰਿਆਂ ਸਾਹਮਣੇ ਬਦਲੀਆਂ ਬੰਦ ਹਨ ਦੀ ਤਖਤੀ ਲੱਗ ਜਾਂਦੀ ਹੈ, ਪਰ ਇਹ ਵੀ ਸੱਚ ਹੈ ਕਿ ਸਰਕਾਰ ਦੁਆਰਾ ਬਣਾਈ ਗਈ ਬਦਲੀਆਂ ਦੀ ਨੀਤੀ ‘ਤੇ ਕੋਈ ਨਹੀਂ ਚੱਲਦਾ। ਲਗਭਗ ਸਾਰੇ ਸਾਲ ਹੀ ਬਦਲੀਆਂ ਹੁੰਦੀਆਂ ਰਹਿੰਦੀਆਂ ਹਨ। ਇਹਨਾਂ ਬਦਲੀਆਂ ‘ਚ ਉਹ ਅਧਿਕਾਰੀ/ਕਰਮਚਾਰੀ ਸਿਰ ਧੜ ਦੀ ਬਾਜ਼ੀ ਲਾਉਣ ਤਕ ਜਾਂਦੇ ਹਨ ਜਿਹਨਾਂ ਨੇ ਪੈਸੇ ਵਾਲੀਆਂ ਥਾਵਾਂ ‘ਤੇ ਤੈਨਾਤ ਹੋਣਾਂ ਹੁੰਦਾ ਹੈ। ਇਹ ਬਦਲੀਆਂ ਸਬੰਧਤ ਮਹਿਕਮੇ ਦਾ ਮੰਤਰੀ ਹੀ ਕਰਦਾ ਹੈ, ਅਤੇ ਹਰ ਰੋਜ਼ ਬਦਲੀਆਂ ਸਬੰਧੀ ਲਿਸਟਾਂ ਹੇਠਾਂ ਭੇਜੀਆਂ ਜਾਂਦੀਆਂ ਹਨ।
ਜਿਹੜੇ ਅਧਿਕਾਰੀਆਂ/ਕਰਮਚਾਰੀਆਂ ਦੀ ਸਰਕਾਰੇ ਦਰਬਾਰੇ ਚੰਗੀ ਪਹੁੰਚ ਹੁੰਦੀ ਹੈ, ਉਹ ਆਪਣੀ ਮਨ ਪਸੰਦ ਥਾਂ ਤੇ ਲੱਗ ਜਾਂਦੇ ਹਨ। ਬਾਕੀ ਦੇ ਜਿਵੇਂ ਰੱਬ ਦਾ ਭਾਣਾਂ ਮੰਨਦੇ ਹੋਏ ਸਬਰ ਦਾ ਘੁੱਟ ਭਰ ਕੇ ਬਹਿ ਜਾਂਦੇ ਹਨ। ਕਈ ਵਾਰ ਅਜਿਹੀ ਵੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਚੰਗੀ ਜਗ੍ਹਾ ‘ਤੇ ਜੇਕਰ ਅੱਜ ਕਿਸੇ ਨੂੰ ਤੈਨਤੀ ਦੇ ਹੁਕਮ ਕਰ ਦਿੱਤੇ ਹਨ ਤਾਂ ਥੋੜ੍ਹੀ ਦੇਰ ਬਾਅਦ ਹੀ ਉੱਪਰਲੇ ਆਕਾ ਦਾ ਇਸ ਹੁਕਮ ਨੂੰ ਰੱਦ ਕਰਨ ਦਾ ਟੈਲੀਫ਼ੋਨ ਆ ਜਾਂਦਾ ਹੈ। ਜਿਸ ਦੇ ਹੁਕਮ ਰੱਦ ਕੀਤੇ ਜਾਂਦੇ ਹਨ, ਉਹ ਕਿਸੇ ਹੋਰ ਚੰਗੀ ਜਗ੍ਹਾ ਤੈਨਾਤ ਹੋਣ ਲਈ ਜ਼ੋਰ ਅਜ਼ਮਾਈ ਕਰਨ ਲਗਦਾ ਹੈ। ਇਹ ਕਸ਼ਮਕਸ਼ ਬਦਲੀਆਂ ਦੀ ਆਖਰੀ ਮਿਤੀ ਤਕ ਜਾਰੀ ਰਹਿੰਦੀ ਹੈ ਕਿਉਂਕਿ ਇਹਨਾਂ ਬਦਲੀਆਂ ਦੀ ਅਸਲ ਸਥਿਤੀ ਸੀਨੀਅਰ ਸਹਾਇਕ ਨੇ ਹੀ ਪੇਸ਼ ਕਰਨੀ ਹੁੰਦੀ ਹੈ। ਉਸ ਨੂੰ ਸਾਰੀ ਦਿਹਾੜੀ ਅੰਤਾਂ ਦੀ ਦੌੜ ਭੱਜ ਰਹਿੰਦੀ ਹੈ। ਇੱਥੋਂ ਤਕ ਕਿ ਬਦਲੀਆਂ ਸਬੰਧੀ ਲਿਸਟਾਂ ‘ਚ ਸੋਧ ਕਰਦਿਆਂ ਸਾਰੀ ਸਾਰੀ ਰਾਤ ਵੀ ਲੰਘ ਜਾਂਦੀ ਹੈ। ਕਈ ਵਾਰ ਅਜਿਹੀ ਸਥਿਤੀ ਵੀ ਆ ਜਾਂਦੀ ਹੈ ਕਿ ਦਫ਼ਤਰ ਤੋਂ ਘਰ ਆਉਂਦਿਆਂ ਨੂੰ ਰਸਤੇ ‘ਚ ਹੀ ਫ਼ੋਨ ਆ ਜਾਂਦਾ ਕਿ ਹੁਣੇ ਦਫ਼ਤਰ ਵਾਪਿਸ ਆਓ ਬਦਲੀਆਂ ਕਰਨੀਆਂ ਹਨ।
ਸਬੰਧਤ ਸ਼ਾਖਾ ਦੇ ਸੁਪਰਇੰਨਟੈਡੈਂਟ (ਸੁਪਰਡੰਟ) ਅਤੇ ਸੀਨੀਅਰ ਸਹਾਇਕ ਲਈ ਇਹ ਦਿਨ ਬਹੁਤ ਔਖੇ ਹੁੰਦੇ ਹਨ। ਇਵੇਂ ਹੀ ਬਦਲੀਆਂ ਦੇ ਦਿਨ ਚੱਲ ਰਹੇ ਸਨ। ਮੈਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਦੀਆਂ ਬਦਲੀਆਂ ਸਬੰਧੀ ਮੰਤਰੀ ਸਾਹਿਬ ਵਲੋਂ ਭੇਜੀ ਲਿਸਟ ਪ੍ਰਾਪਤ ਹੋ ਚੁੱਕੀ ਸੀ ਜਿਸ ਨੂੰ ਮੈਂ ਬਹੁਤ ਹੀ ਗਹੁ ਨਾਲ ਘੋਖ ਰਿਹਾ ਸਾਂ। ਅਚਾਨਕ ਮੇਰੇ ਸਾਹਮਣੇ ਤਿੰਨ ਚਿੱਟੇ ਕੁੜਤੇ ਪਜਾਮੇ ਵਾਲੇ ਮੁੰਡੇ ਆ ਖੜ੍ਹੇ। ਮੈਂ ਉਹਨਾਂ ਵੱਲ ਧਿਆਨ ਨਾਲ ਵੇਖਿਆ।
”ਅਸੀਂ ਰਜਿੰਦਰ ਕੌਰ ਭੱਠਲ ਦੇ ਬੰਦੇ ਹਾਂ … ਉਹਨਾਂ ਨੇ BDPO ਦੀਆਂ ਬਦਲੀਆਂ ਦੇ ਹੁਕਮਾਂ ਦੀ ਕਾਪੀ ਲੈ ਕੇ ਆਉਂਣ ਲਈ ਸਾਨੂੰ ਤੁਹਡੇ ਕੋਲ ਭੇਜਿਆ ਹੈ, ”ਉਹਨਾਂ ‘ਚੋਂ ਇੱਕ ਪੂਰੇ ਰੋਅਬ ਨਾਲ ਬੋਲਿਆ।
”ਬਦਲੀਆਂ ਦੇ ਹੁਕਮ ਤਾਂ ਅਜੇ ਹੋਏ ਨਹੀਂ … ਤੁਸੀਂ ਜਰਾ ਠਹਿਰ ਕੇ ਆ ਜਾਣਾ …, ”ਮੈਂ ਕਿਹਾ।
ਨਹੀਂ ਅਸੀਂ ਐਥੇ ਹੀ ਬੈਠੇ ਹਾਂ … ਇਹਨਾਂ ਬਦਲੀਆਂ ‘ਚ ਸਾਡੇ BDPO ਦਾ ਨਾਮ ਵੀ ਹੈ। ਅਸੀਂ ਹੁਕਮਾਂ ਦੀ ਕਾਪੀ ਲੈ ਕੇ ਹੀ ਜਾਵਾਂਗੇ। ਉਹ ਮੇਰੇ ਸਾਹਮਣੇ ਵਾਲੀਆਂ ਕੁਰਸੀਆਂ ‘ਤੇ ਸੱਜ ਕੇ ਬੈਠ ਗਏ। ਸ਼ਾਇਦ ਰਜਿੰਦਰ ਕੌਰ ਭੱਠਲ ਦੇ ਬੰਦੇ ਹੋਣ ਕਾਰਨ।
ਅਜਿਹੇ ਬੰਦਿਆਂ ਦੇ ਸਿਰ ‘ਤੇ ਸੱਤਾ ਦਾ ਨਸ਼ਾ ਚੜ੍ਹਿਆ ਹੁੰਦੈ। ਲੀਡਰਾਂ ਦਾ ਨਾਮ ਲੈ ਕੇ ਸਰਕਾਰੀ ਮੁਲਾਜ਼ਮਾਂ ਤੋਂ ਪੂਰੇ ਰੋਅਬ ਨਾਲ ਕੰਮ ਕਰਵਾਉਂਦੇ ਹਨ ਜਿਸ ਕਾਰਨ ਸਰਕਾਰੀ ਮੁਲਾਜ਼ਮਾਂ ਨੂੰ ਅਜਿਹੀਆਂ ਸੀਟਾਂ ‘ਤੇ ਕੰਮ ਕਰਨ ਲਈ ਬਹੁਤ ਸਾਰਾ ਰਾਜਨੀਤਕ ਬੋਝ ਝੱਲਣਾ ਪੈਂਦਾ ਹੈ।
ਮੈਂ ਮੰਤਰੀ ਸਾਹਿਬ ਦੁਆਰਾ ਭੇਜੀ ਗਈ ਬਦਲੀਆਂ ਦੀ ਲਿਸਟ ਨੂੰ ਚੰਗੀ ਤਰ੍ਹਾਂ ਘੋਖਿਆ। ਫ਼ਿਰ ਇਸ ਲਿਸਟ ਨੂੰ ਅੰਤਿਮ ਛੋਹ ਦੇ ਦਿੱਤੀ। ਫ਼ਾਈਨਲ ਹੁਕਮਾਂ ਦੀ ਕਾਪੀ ਦਾ ਪ੍ਰਿੰਟ ਕੱਢ ਕੇ ਆਪਣੇ ਟੇਬਲ ਰੱਖ ਲਿਆ। ਹੁਕਮ ਜਾਰੀ ਕਰਨ ਤੋਂ ਪਹਿਲਾਂ ਮੈਂ ਇਹਨਾਂ ਹੁਕਮਾਂ ਨੂੰ ਪ੍ਰਮੁੱਖ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤ ਜੀ ਨੂੰ ਵਿਖਾਉਣ ਜਾਣਾ ਸੀ। ਉਸ ਤੋਂ ਬਾਅਦ ਹੀ ਸੁਪਰਇਨਟੈਨਡੈਂਟ ਦੇ ਹਸਤਾਖਰ ਹੋਣ ਉਪਰੰਤ ਡਿਸਪੈਚ ਨੰਬਰ ਲੱਗ ਕੇ ਹੁਕਮ ਜਾਰੀ ਕੀਤੇ ਜਾਣੇ ਸਨ।
ਅਚਾਨਕ ਮੈਨੂੰ ਸੁਪਰਇਨਟੈਨਡੈਂਟ ਨੇ ਬੁਲਾ ਲਿਆ। ਅਸੀਂ ਦੋਵੇਂ ਕਿਸੇ ਨੁਕਤੇ ‘ਤੇ ਗੱਲ ਕਰਨ ਲੱਗ ਪਏ ਜਿਸ ਨੂੰ ਦਸ ਕੁ ਮਿੰਟ ਦਾ ਸਮਾਂ ਲੱਗ ਗਿਆ। ਜਦੋਂ ਮੈਂ ਮੁੜ ਕੇ ਆਪਣੀ ਸੀਟ ‘ਤੇ ਆਇਆ ਤਾਂ ਉਹ ਮੁੰਡੇ ਉੱਥੋਂ ਜਾ ਚੁੱਕੇ ਸਨ। ਮੈਂ ਹੁਕਮਾਂ ਦੀ ਫ਼ਾਈਨਲ ਲਿਸਟ ਅਤੇ ਸਬੰਧਤ ਫ਼ਾਈਲ ਚੁੱਕ ਕੇ ਪ੍ਰਮੁੱਖ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤ ਦੇ ਕਮਰੇ ਵੱਲ ਤੁਰ ਪਿਆ। ਤਕਰੀਬਨ ਸ਼ਾਮ ਦੇ ਸੱਤ ਵੱਜ ਚੁੱਕੇ ਸਨ। ਪ੍ਰਮੁੱਖ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤ ਛੁੱਟੀ ਕਰ ਕੇ ਜਾ ਚੁੱਕੇ ਸਨ। ਉਹਨਾਂ ਦੇ ਸਕੱਤਰ ਨੇ ਮੈਨੂੰ ਕਿਹਾ ਕਿ ਸਾਹਬ ਤੋ ਫ਼ਾਈਲ ਉਹਨਾਂ ਦੇ ਘਰੋਂ ਕਢਵਾ ਲਿਆਵਾਂ। ਮੈਂ ਗੱਡੀ ਸਾਹਬ ਦੇ ਘਰ ਵੱਲ ਭਜਾ ਲਈ।
ਮੈਂ ਹਾਲੇ ਸਾਹਬ ਦੇ ਘਰ ਵੀ ਨਹੀਂ ਸੀ ਪੁੱਜਾ ਕਿ ਸੁਪਰਇਨਟੈਨਡੈਂਟ ਦਾ ਫ਼ੋਨ ਆ ਗਿਆ। ਫ਼ੋਨ ਸੁਣ ਕੇ ਮੇਰੇ ਹੋਸ਼ ਉਡ ਗਏ। ਕਿਸੇ ਨੇ ਬਦਲੀਆਂ ਵਾਲੀ ਲਿਸਟ ਲੀਕ ਕਰ ਦਿੱਤੀ ਸੀ। ਇਹ ਲਿਸਟ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਦੇ ਵ੍ਹਾਟਸਐਪ ਗਰੁੱਪਾਂ ‘ਚ ਘੁੰਮ ਗਈ ਸੀ। ਜਦੋਂ ਕਿ ਅਜੇ ਤਕ ਪ੍ਰਮੁੱਖ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤ ਜੀ ਦੇ ਫ਼ਾਈਲ ਤੇ ਹਸਤਾਖਰ ਵੀ ਨਹੀਂ ਸਨ ਹੋਏ। ਭਾਵੇਂ ਇਸ ਲਿਸਟ ‘ਤੇ ਸੁਪਰਇਨਟੈਨਡੈਂਟ ਦੇ ਹਸਤਾਖਰ ਅਤੇ ਡਿਸਪੈਚ ਨੰਬਰ ਨਹੀਂ ਸੀ ਲੱਗਿਆ ਜਿਸ ਕਾਰਨ ਇਸ ਲਿਸਟ ‘ਚ ਦਿਖਾਈਆਂ ਗੱਈਆਂ ਬਦਲੀਆਂ ਦਾ ਕੋਈ ਆਧਾਰ ਨਹੀਂ ਸੀ। ਪਰ ਬਿਨਾਂ ਹਸਤਾਖਰਾਂ ਦੇ ਬਦਲੀਆਂ ਦੀ ਲਿਸਟ ਲੀਕ ਹੋਣ ਦੀ ਸਾਰੀ ਜਿੰਮੇਵਾਰੀ ਮੇਰੀ ਬਣਦੀ ਸੀ। ਮੇਰੇ ਹੱਥੋਂ ਗੱਡੀ ਦਾ ਸਟੇਅਰਿੰਗ ਛੁੱਟਦਾ ਜਾ ਰਿਹਾ ਸੀ। ਪ੍ਰਮੁੱਖ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤ ਬਹੁਤ ਹੀ ਸਖ਼ਤ ਮਿਜਾਜ਼ ਦੇ ਅਫ਼ਸਰ ਸਨ। ਉਹਨਾਂ ਨੇ ਮੈਨੂੰ ਹਰ ਹਾਲਤ ‘ਚ ਸਸਪੈਂਡ ਕਰ ਦੇਣਾ ਸੀ ਕਿਉਂਕਿ ਇਹ ਬਹੁਤ ਹੀ ਗੰਭੀਰ ਮਾਮਲਾ ਸੀ।
ਮੇਰੀ ਪਰੇਸ਼ਾਨੀ ਦੀ ਕੋਈ ਹੱਦ ਨਾ ਰਹੀ। ਮੈਂ ਸੋਚ ਰਿਹਾ ਸਾਂ ਕਿ ਇਹ ਲਿਸਟ ਕਿਵੇਂ ਲੀਕ ਹੋਈ? ਇਹੋ ਸੋਚਦਾ ਮੈਂ ਸਾਹਬ ਦੀ ਕੋਠੀ ਪੁੱਜ ਗਿਆ। ਅੱਗੋਂ ਸਾਹਬ ਕਿਸੇ ਹੋਰ ਪਾਸੇ ਚਲੇ ਗਏ। ਮੈਨੂੰ ਸੁੱਖ ਦਾ ਸਾਹ ਆਇਆ। ਮੈਂ ਫ਼ਾਈਲ ਲੈ ਕੇ ਆਪਣੇ ਘਰ ਆ ਗਿਆ। ਨਹਾ ਧੋ ਕੇ ਮੈਂ ਸੋਚਣ ਲੱਗਾ ਕਿ ਆਖ਼ਿਰ ਲਿਸਟ ਲੀਕ ਕਿਵੇਂ ਹੋ ਗਈ। ਅਚਾਨਕ ਮੈਨੂੰ ਮੈਡਮ ਰਜਿੰਦਰ ਕੌਰ ਭੱਠਲ ਵਲੋਂ ਭੇਜੇ ਮੁੰਡੇ ਯਾਦ ਆਏ। ਜਿਹੜੇ ਅਚਾਨਕ ਹੀ ਉਥੋਂ ਚਲੇ ਗਏ ਸਨ। ਜਦੋਂ ਮੈਂ ਸੁਪਰਇਨਟੈਨਡੈਂਟ ਸਾਹਿਬ ਕੋਲ ਕਿਸੇ ਨੁਕਤੇ ‘ਤੇ ਗੱਲਬਾਤ ਕਰਨ ਗਿਆ ਹੋਇਆ ਸੀ ਤਾਂ ਉਹਨਾਂ ਨੇ ਮੇਰੇ ਟੇਬਲ ‘ਤੇ ਪਏ ਹੁਕਮਾਂ ਦੀਆਂ ਕਾਪੀਆਂ ਦੀ ਆਪਣੇ ਮੋਬਾਈਲ ਨਾਲ ਫ਼ੋਟੋ ਖਿਚ ਲਈ ਹੋਵੇਗੀ। ਮੈਨੂੰ ਯਾਦ ਆਇਆ ਕਿ ਉਹਨਾਂ ਨੇ ਮੈਨੂੰ ਆਪਣਾ ਮੋਬਾਈਲ ਨੰਬਰ ਵੀ ਦਿੱਤਾ ਸੀ। ਕੁੱਝ ਸੋਚਦਿਆਂ ਮੈਂ ਉਹਨਾਂ ਨੂੰ ਮੋਬਾਈਲ ਮਿਲਾ ਲਿਆ। ਦੂਜੇ ਪਾਸੇ ਤੋਂ ਜੋ ਮੁੰਡਾ ਬੋਲਿਆ ਉਸ ਤੋਂ ਲੱਗ ਰਿਹਾ ਸੀ ਕਿ ਉਹ ਸ਼ਰਾਬ ਪੀ ਰਹੇ ਸਨ।
”ਓਹ ਭਾਈ ਤੁਸੀਂ ਬਦਲੀਆਂ ਦੇ ਹੁਕਮਾ ਦੀਆਂ ਕਾਪੀਆਂ ਦੀ ਫ਼ੋਟੋ ਖਿੱਚ ਕੇ ਸਾਰੇ ਪੰਜਾਬ ‘ਚ ਘੁੰਮਾ ਦਿੱਤੀ, ਸਾਹਬ ਨੇ ਤੁਹਾਡੇ ਖ਼ਿਲਾਫ਼ ਪੁਲਿਸ ‘ਚ ਕੰਪਲੇਂਟ ਕਰਨ ਦੇ ਹੁਕਮ ਕਰ ਦਿੱਤੇ ਹਨ, ”ਮੈਂ ਐਵੇਂ ਹਵਾ ‘ਚ ਤੀਰ ਮਾਰਿਆ। ਮੇਰਾ ਤੀਰ ਸਹੀ ਟਿਕਾਣੇ ਤੇ ਲੱਗ ਗਿਆ। ਉਹ ਅੰਤਾਂ ਦੇ ਡਰ ਗਏ। ਉਹ ਮੰਨ ਗਏ ਕਿ ਮੈਂ ਜਦੋਂ ਹੁਕਮਾਂ ਦੀ ਕਾਪੀ ਕੱਢ ਕੇ ਟੇਬਲ ‘ਤੇ ਰੱਖ ਕੇ ਸੁਪਰਇਨਟੈਨਡੈਂਟ ਸਾਹਿਬ ਨਾਲ ਗੱਲਬਾਤ ਕਰਨ ਗਿਆ ਸਾਂ, ਓਦੋਂ ਹੀ ਉਹਨਾਂ ਨੇ ਆਪਣੇ ਮੋਬਾਈਲ ਨਾਲ ਬਦਲੀ ਦੇ ਹੁਕਮਾਂ ਦੀ ਫ਼ੋਟੋ ਖਿੱਚ ਕੇ ਆਪਣੇ ਜਾਣਕਾਰ BDPO ਨੂੰ ਭੇਜੀ ਸੀ। ਉਸ BDPO ਨੇ ਅੱਗੋਂ ਹੋਰ ਦੂਜੇ BDPO ਨੂੰ ਇਹ ਹੁਕਮ ਭੇਜ ਦਿੱਤੇ। ਇਸ ਤਰ੍ਹਾਂ ਇਹ ਬਿਨਾਂ ਹਸਤਾਖਰਾਂ ਤੋਂ ਘੁੰਮਦੀ ਲਿਸਟ ਸਾਰੇ ਪੰਜਾਬ ‘ਚ ਫ਼ੈਲ ਗਈ, ਪਰ ਕਿਸੇ ਨੇ ਇਹ ਨਾ ਸੋਚਿਆ ਕਿ ਇਸ ਲਿਸਟ ‘ਤੇ ਤਾਂ ਸੁਪਰਇਨਟੈਨਡੈਂਟ ਦੇ ਹਸਤਾਖਰ ਹੀ ਨਹੀਂ ਸਨ ਜਿਸ ਕਾਰਨ ਇਹ ਲਿਸਟ ਕਿਸੇ ਕੰਮ ਦੀ ਨਹੀਂ ਸੀ।
ਦੂਜੇ ਦਿਨ ਜਦੋਂ ਮੈਂ ਦਫ਼ਤਰ ਪੁੱਜਾ ਤਾਂ ਮੈਨੂੰ ਪਤਾ ਲੱਗਿਆ ਕਿ ਇਸ ਗੰਭੀਰ ਕੁਤਾਹੀ ਕਰ ਕੇ ਮੇਰੇ ਤੋਂ ਪ੍ਰਮੁੱਖ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤ ਬਹੁਤ ਹੀ ਗੁੱਸੇ ‘ਚ ਸਨ। ਉਹਨਾਂ ਨੇ ਆਪਣੇ PA ਨੂੰ ਟੈਲੀਫ਼ੋਨ ਰਾਹੀਂ ਨੇ ਮੈਨੂੰ ਸਸਪੈਂਡ ਕਰਨ ਦੇ ਹੁਕਮ ਵੀ ਕਰ ਦਿੱਤੇ ਸਨ, ਪਰ ਇਹ ਹੁਕਮ ਅਜੇ ਤਕ ਪ੍ਰਸ਼ਾਸ਼ਨ ਨੂੰ ਨਹੀਂ ਸਨ ਭੇਜੇ ਗਏ। ਮੈਂ ਪ੍ਰਮੁੱਖ ਸਕੱਤਰ, ਸਾਹਿਬ ਦੇ ਕਮਰੇ ਅੱਗੇ ਜਾ ਖਲੋਤਾ। ਅਜੇ ਪ੍ਰਮੁੱਖ ਸਕੱਤਰ ਸਾਹਿਬ ਦਫ਼ਤਰ ਨਹੀਂ ਸਨ ਆਏ। ਉਹ ਦਸ ਕੁ ਵਜੇ ਦਫ਼ਤਰ ਆਏ। ਮੈਨੂੰ ਵੇਖਦੇ ਸਾਰ ਭੜਕ ਗਏ। ਉਹ ਜ਼ੋ ਮੂੰਹ ਆਇਆ ਬੋਲੀ ਗਏ। ਮੈਂ ਚੁੱਪਚਾਪ ਸੁਣਦਾ ਰਿਹਾ। ਆਖ਼ਿਰ ਉਹ ਜਦੋਂ ਬੋਲ-ਬੋਲ ਕੇ ਥੱਕ ਗਏ ਤਾਂ ਪਾਣੀ ਪੀ ਕੇ ਕੁੱਝ ਸਹਿਜ ਹੋਏ। ਮੈਂ ਨਿਮੋਝੂਣਾਂ ਜਿਹਾ ਹੋ ਕੇ ਉਹਨਾਂ ਦੇ ਸਾਹਮਣੇ ਵਾਲੀ ਕੁਰਸੀ ‘ਤੇ ਬਹਿ ਗਿਆ। ਉਹਨਾਂ ਨੂੰ ਮੈਂ ਮੈਡਮ ਰਜਿੰਦਰ ਕੌਰ ਭੱਠਲ ਵਲੋਂ ਭੇਜੇ ਮੁੰਡਿਆਂ ਵਾਲੀ ਗੱਲ ਦੱਸੀ। ਸੁਣ ਕੇ ਸਾਹਿਬ ਕੁੱਝ ਨਰਮੀ ਨਾਲ ਗੱਲ ਕਰਨ ਲੱਗੇ। ਮੇਰੇ ਦਿਮਾਗ਼ ਦੀਆਂ ਨਸਾਂ ਕੁੱਝ ਢਿਲੀਆਂ ਹੋਈਆਂ ਅਤੇ ਮੈਂ ਸੁੱਖ ਦਾ ਸਾਹ ਲਿਆ।
ਮੈਂ ਰਾਤ ਹੀ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ PA ਹਰਪਾਲ ਸਿੰਘ ਨੂੰ ਇਹ ਸਭ ਵਾਕਿਆ ਸੁਣਾ ਦਿੱਤਾ ਸੀ। ਮੈਂ ਉਹਨਾਂ ਨੂੰ ਮੇਰੀ ਮਦਦ ਕਰਨ ਲਈ ਬੇਨਤੀ ਵੀ ਕੀਤੀ। ਹਰਪਾਲ ਸਿੰਘ ਬਹੁਤ ਹੀ ਭਲਾ ਬੰਦਾ ਅਤੇ ਇੱਕ ਨੇਕ ਇੰਨਸਾਨ ਹੈ। ਉਸ ਨੇ ਮੇਰਾ ਕੋਈ ਵੀ ਨੁਕਸਾਨ ਨਾ ਹੋਣ ਦੇਣ ਦਾ ਜ਼ਿੰਮਾ ਲਿਆ ਸੀ। ਉਸ ਭਲੇ ਇੰਨਸਾਨ ਨੇ ਹੀ ਮੇਰੀ ਸਾਰੀ ਗੱਲਬਾਤ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤਕ ਪੁੱਚਾਈ। ਇਸ ਗੱਲ ਬਾਰੇ ਮੈਡਮ ਰਜਿੰਦਰ ਕੌਰ ਭੱਠਲ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਬੰਦਿਆਂ ਦੀ ਖ਼ੂਬ ਲਾਹ ਪਾਹ ਕੀਤੀ ਅਤੇ ਉਹਨਾਂ ਨੂੰ ਪਾਰਟੀ ‘ਚੋਂ ਵੀ ਕੱਢ ਦਿੱਤਾ, ਅਤੇ ਮੈਂ ਸਸਪੈਂਡ ਹੋਣ ਤੋਂ ਬਚ ਗਿਆ।
ਇਸ ਤਰਾਂ ਮੈਡਮ ਰਜਿੰਦਰ ਕੌਰ ਭੱਠਲ ਦੇ ਬੰਦਿਆਂ ਨੇ ਮੈਨੂੰ ਮੁਸੀਬਤ ‘ਚ ਫ਼ਸਾ ਦਿੱਤਾ ਸੀ।
ਸਮਾਪਤ