ਡਾ.ਦੇਵਿੰਦਰ ਮਹਿੰਦਰੂ
ਹੱਸਦੇ -ਵੱਸਦੇ ਵਿਹੜੇ ਆਕਾਸ਼ਵਾਣੀ ਜਲੰਧਰ ਦੇ
ਹੁਣੇ- ਹੁਣੇ ਅਮਰਜੀਤ ਵੜੈਚ ਨਾਲ ਗੱਲ ਹੋ ਕੇ ਹਟੀ ਹੈ। ਉਹਨੇ ਕਿਹਾ, ”ਬੇਬੇ ਤੇਰੀ ਮਿਸਡ ਕਾਲ ਦੇਖੀ? ”ਮੈ ਆਖਦੀ ਹਾਂ, ”ਝੂਠ, ਤੂੰ ਕੀਤਾ ਸੀ ਫ਼ੋਨ, ਤੇਰੀ ਮਿਸਡ ਕਾਲ ਦੇਖੀ ਸੀ ਮੈਂ।”
ਸਹਿਮਤੀ ਇਸ ਗੱਲ ‘ਤੇ ਬਣੀ ਕਿ ਫ਼ੋਨ ਸਮਾਰਟ ਨੇ, ਆਪ ਹੀ ਬੋਲ ਪਏ ਹੋਣੇ ਕਿ ਕਦੇ-ਕਦੇ ਗੱਲ ਕਰ ਲੈਣੀ ਚਾਹੀਦੀ ਹੈ ਭਾਈ! ਕਿੱਥੇ ਉਲਝੇ ਰਹਿੰਦੇ ਹੋਂ ਤੁਸੀਂ ਸਾਰੇ। ਦੱਸ ਦੇਵਾਂ ਅਸੀਂ ਬੈਚਮੇਟ ਹਾਂ, ਤੇ ਉਹ ਪਹਿਲੇ ਦਿਨੋਂ ਮੈਨੂੰ ਬੇਬੇ ਕਹਿੰਦੈ ਤੇ ਮੈਨੂੰ ਮੌਕਾ ਮਿਲ ਜਾਂਦੈ ਉਹਦੇ ‘ਤੇ ਰੋਅਬ ਪਾਉਣ ਦਾ ਵੱਡੀ ਭੈਣ ਬਣ ਕੇ।
ਗੱਲਾਂ-ਗੱਲਾਂ ‘ਚ ਸਭ ਦਾ ਹਾਲ ਚਾਲ ਪੁੱਛਿਆ ਗਿਆ। ਦੇਵਿੰਦਰ ਜੌਹਲ ਜਿਹੜਾ ਪਿਛਲੇ ਦਿਨੀਂ ਠੀਕ ਨਹੀਂ ਸੀ, ਓਹਦਾ ਪੁੱਛਿਆ। ਵੋਹਰਾ ਸਾਹਿਬ ਬਾਰੇ ਗੱਲ ਹੋਈ ਅਤੇ ਨਾਲ ਹੀ ਯਾਦ ਆ ਗਿਆ ਦਿਹਾਤੀ ਸੈਕਸ਼ਨ। ਕਦੇ ਉੱਥੇ ਕਮਿਊਨਿਟੀ ਲੰਚ ਹੋ ਰਿਹਾ ਹੁੰਦਾ, ਕਦੇ ਚਾਹ ਪਾਰਟੀ ਚਲਦੀ ਹੁੰਦੀ। ਐੱਮ.ਐੱਸ.ਰੰਧਾਵਾ ਸਾਹਿਬ ਨੂੰ ਮੈਂ ਪਹਿਲੀ ਵਾਰ ਇਸੇ ਸੈਕਸ਼ਨ ‘ਚ ਹੀ ਦੇਖਿਆ ਸੀ। ਬੜੀਆਂ ਰੌਣਕਾਂ ਲੱਗਦੀਆਂ ਸਨ ਇਸ ਵਿਹੜੇ ਵਿੱਚ। ਪਰਕਾਸ਼ ਢਿੱਲੋਂ ਦੀਦੀ, ਸੱਤਪਾਲ ਤਾਲਿਬ ਸਾਹਿਬ, ਹੇਮਰਾਜ ਸ਼ਰਮਾ, ਭਾਰਦਵਾਜ ਸਾਹਿਬ, ਅਵਿਨਾਸ਼ ਭਾਖੜੀ, ਤੁੱਲੀ, ਸੁੱਖੀ।
ਕਥਾ ਲੋਕ ਪ੍ਰੋਗਰਾਮ ਵਿੱਚ ਕਹਾਣੀਆਂ ਡਰਾਮੇਟਾਈਜ਼ ਕਰਦੀ ਮੈਂ ਦੋ ਤਿੰਨ ਐਪੀਸੋਡ ਇਕੱਠੇ ਰਿਕਾਰਡ ਕਰ ਲੈਂਦੀ ਸਾਂ। ਅਵਿਨਾਸ਼, ਤੁੱਲੀ, ਸੁੱਖੀ ਨੂੰ ਲੈ ਜਾਂਦੀ ਸਟੂਡੀਓਜ਼। ਵੋਹਰਾ ਸਾਹਿਬ ਲੱਭਦੇ ਰਹਿੰਦੇ ਆਪਣਾ ਸਟਾਫ਼। ਪਤਾ ਲੱਗਣ ‘ਤੇ ਗੁੱਸਾ ਕਰਦੇ, ”ਉਹਨੇ ਲਿਖਣੀ ਤੁਹਾਡੀ ਕੌਨਫ਼ੀਡੈਂਸ਼ਲ ਰਿਪੋਰਟ? ਦੱਸਦਾਂ ਤੁਹਾਨੂੰ ਮੈਂ।”
ਨਾ ਕਦੇ ਉਨ੍ਹਾਂ ਮੁੰਡਿਆਂ ਦੀ ਰਿਪੋਰਟ ਖ਼ਰਾਬ ਕੀਤੀ, ਨਾ ਕਦੇ ਮੇਰੇ ਕਲਾਕਾਰ ਮੇਰੀ ਪ੍ਰੋਡਕਸ਼ਨ ‘ਚ ਹਿੱਸਾ ਲੈਣੋਂ ਹੀ ਪਿੱਛੇ ਹਟੇ। ਬਹੁਤ ਕੁੱਝ ਸਿੱਖਿਆ ਵੋਹਰਾ ਸਾਹਿਬ ਤੋਂ, PR ਬਣਾਉਣੇ ਉਨ੍ਹਾਂ ਤੋਂ ਸਿੱਖੇ। ਪਰ ਕਦੇ ਕਹਿ ਨਹੀਂ ਸਕੀ। ਅੱਜ ਕਹਿ ਰਹੀ ਹਾਂ। ਕਿਸੇ ਤੋਂ ਫ਼ੋਨ ਨੰਬਰ ਲੈ ਕੇ ਗੱਲ ਕਰਦੀ ਆਂ। ਜੌਹਲ ਦਾ ਨੰਬਰ ਲੱਭ ਕੇ ਉਹਦਾ ਹਾਲ-ਚਾਲ ਪੁੱਛਣੈ। ਪਰਕਾਸ਼ ਢਿੱਲੋਂ ਦੀਦੀ ਨਾਲ ਤਾਂ ਮਨ ਹੀ ਮਨ ਹੀ ਗੱਲ ਕਰ ਸਕਦੀ ਹਾਂ। ਜੱਗ ਜਿਓਂਦਿਆਂ ਦੇ ਮੇਲੇ। ਬੰਦਾ ਪਤਾ ਨਹੀਂ ਕਿਹੜੇ ਗੁੱਸਿਆਂ-ਗਿਲਿਆਂ ‘ਚ ਫ਼ਸਿਆ ਰਹਿੰਦੈ।
ਰੱਬ ਪਤਾ ਨੀ ਕਿਹੜੀਆਂ ਗੱਲਾਂ ‘ਚ ਰਾਜ਼ੀ। ਸੋਚ ਰਹੀ ਸਾਂ ਉੱਥੇ ਸਿਰਫ਼ ਵੱਡੇ-ਵੱਡੇ ਲੇਖਕ, ਕਲਾਕਾਰ, ਅਫ਼ਸਰ ਹੀ ਕਿਓਂ ਆਉਂਦੇ ਸਨ?
ਅਸਲ ‘ਚ ਗਵਰਨਰ ਸਾਹਿਬ, ਮੁੱਖ ਮੰਤਰੀ ਸਾਹਿਬ ਦੀ ਰਿਕਾਰਡਿੰਗ ਚੰਡੀਗੜ੍ਹ ਸਟੇਸ਼ਨ ‘ਤੇ ਹੋ ਜਾਂਦੀ ਸੀ ਅਤੇ ਹੌਟਲਾਈਨ ਰਾਹੀਂ ਜਲੰਧਰ ਰੇਡੀਓ ‘ਤੇ ਪਹੁੰਚ ਜਾਂਦੀ ਸੀ। ਓਦੋਂ ਇਲੈਕਸ਼ਨ ਬਰਾਡਕਾਸਟ ਅਜੇ ਸ਼ੁਰੂ ਨਹੀਂ ਸੀ ਹੋਏ ਕਿਉਂਕਿ ਉਨ੍ਹਾਂ ਰਿਕਾਰਡਿੰਗਜ਼ ਲਈ ਤਾਂ ਫ਼ੇਰ ਆਉਣਾ ਹੀ ਪੈਂਦਾ ਸੀ ਜਲੰਧਰ ਕੇਂਦਰ ਉਨਾਂ ਨੂੰ।
ਹਰ ਸਾਲ ਦੋ ਚਾਰ ਕੌਨਸਰਟਸ ਆਕਾਸ਼ਵਾਣੀ ਦੇ ਵਿਹੜੇ ‘ਚ ਆਯੋਜਿਤ ਹੁੰਦੇ ਸਨ। ਦੇਸ਼ ਭਰ ਤੋਂ ਵੱਡੇ-ਵੱਡੇ ਕਲਾਕਾਰ ਆਉਂਦੇ। ਡਿਊਟੀ ਰੂਮ ‘ਚ ਡਿਊਟੀ ‘ਤੇ ਸਾਂ। ਉੱਥੇ ਬੈਠੇ ਬੈਠੇ ਹੀ ਅਹਿਮਦ ਹੁਸੈਨ ਮੁਹੰਮਦ ਹੁਸੈਨ ਨੂੰ ਸੁਣਿਆ। ਉਹ ਡਿਊਟੀ ਰੂਮ ‘ਚ ਚੈੱਕ ਲੈਣ ਆਏ ਤਾਂ ਅਹਿਮਦ ਹੁਸੈਨ ਬੋਲੇ, ”ਆਪ ਕਿਉਂ ਨਹੀਂ ਆਈਂ ਗ਼ਜ਼ਲ ਸੁਨਨੇ? ”
ਇਸ ਤੋਂ ਪਹਿਲਾਂ ਕਿ ਜਵਾਬ ਦਿੰਦੀ ਮੁਹੰਮਦ ਹੁਸੈਨ ਬੋਲੇ, ”ਯੇ ਤੋ ਬਜ਼ਾਤੇ ਖ਼ੁਦ ਗ਼ਜ਼ਲ ਹੈਂ, ਇਨਕੋ ਹਮਾਰੀ ਗ਼ਜ਼ਲ ਸੁਨਨੇ ਕੀ ਕਿਆ ਜ਼ਰੂਰਤ ਹੈ! ”ਜਦੋਂ ਵੀ ਇਨ੍ਹਾਂ ਮਹਾਨ ਕਲਾਕਾਰਾਂ ਨੂੰ ਸੁਣਦੀ ਹਾਂ ਤਾਂ ਇਹ ਗੱਲ ਯਾਦ ਆ ਜਾਂਦੀ ਹੈ ਆਪ ਮੁਹਾਰੇ। ਹਰ ਇੱਕ ਦਾ ਆਪਣਾ ਤਰੀਕਾ ਹੁੰਦਾ ਹੈ ਗੱਲ ਕਰਨ ਦਾ ਅਤੇ ਆਪੋ ਆਪਣੀ ਸਿਗਨੇਚਰ ਟਿਊਨ ਵੀ ਹੁੰਦੀ ਹੈ।
ਸੁਖਜਿੰਦਰ ਨੇ ਹਮੇਸ਼ਾ ਕਹਿਣਾ, ”ਆਹ ਦੇ ਆਪਣੇ ਵਰਗੀ ਇੱਕ ਸੋਹਣੀ ਜਿਹੀ ਟੇਪ।”ਮੀਸ਼ਾ ਜੀ ਨੇ ਕੋਲੋਂ ਲੰਘਦੇ, ਬਿਨਾਂ ਮੇਰੇ ਵੱਲ ਦੇਖੇ ਕਹਿਣਾ, ”ਜਿੰਦ ਗੁੱਡੀਆਂ ਪਟੋਲੇ ਖੇਡਣ ਵਾਲੀ,,, ਮਾਰ ਲਈ ਕਬੀਲਦਾਰੀਆਂ।”ਲੱਸ ਕੌਲ ਸਾਹਿਬ ਨੇ ਮਿਲਦੇ ਹੀ ਪੰਜਾਬੀ ‘ਚ ਬੋਲਣ ਦੀ ਕੋਸ਼ਿਸ਼ ਕਰਨੀ, ”ਕੀ ਹਾਲ ਹੈ ਸੋਹਨੀਏ? ”
ਜਦੋਂ ਵੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸੁਣਨ ਲੱਗਦੀ ਹਾਂ ਤਾਂ ਖ਼ੁਸ਼ਵੰਤ ਸਿੰਘ ਦੀ ਇੱਕ ਸਟੇਟਮੈਂਟ ਯਾਦ ਆ ਜਾਂਦੀ ਹੈ, ਜਿਹੜੀ ਉਨ੍ਹਾਂ ਇਹ ਰਿਲੇਅ ਸ਼ੁਰੂ ਹੋਣ ਤੋਂ ਤਿੰਨ ਚਾਰ ਦਿਨ ਬਾਅਦ ਦਿੱਤੀ ਸੀ, ”ਝੂਠ, ਰਿਕਾਰਡਿੰਗ ਚਲਾ ਰਹੇ ਹਨ ਰੇਡੀਓ ਜਲੰਧਰ ਵਾਲੇ। ਹੋ ਹੀ ਨਹੀਂ ਸਕਦਾ ਸਿੱਧਾ ਪ੍ਰਸਾਰਣ।”
ਕਿੰਨੇ ਸਿਆਣੇ -ਬਿਆਣੇ ਵੀ ਟਪਲਾ ਖਾ ਜਾਂਦੇ ਹਨ ਕਦੇ-ਕਦੇ। 1980 ਵਿੱਚ ਮਦੂਰੲਏ ਸਥਿਤ ਮੀਨਾਕਸ਼ੀ ਟੈਂਪਲ ‘ਚ ਸਿੱਧਾ ਰਿਲੇਅ ਹੁੰਦਾ ਦੇਖ ਕੇ ਧਿਆਨ ਆਇਆ ਸੀ ਕਿ ਸਾਡੀ ਮੰਗ ਜੇ ਦਰਬਾਰ ਸਾਹਿਬ ਤੋਂ ਸਿੱਧੇ ਪ੍ਰਸਾਰਣ ਦੀ ਹੈ ਤਾਂ ਉਹ ਕਿਉਂ ਨਹੀਂ ਹੋ ਸਕਦੀ ਪੂਰੀ। ਕੀ ਜ਼ਰੂਰੀ ਸਨ ਉਹ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਜਿੰਨ੍ਹਾਂ ਤੋਂ ਬਾਅਦ ਇਹ ਪ੍ਰਸਾਰਣ ਸ਼ੁਰੂ ਹੋਇਆ?
ਅੱਜ ਇਹ ਕਾਲਮ ਵੀ ਦਰਬਾਰ ਸਾਹਿਬ ਤੋਂ ਕੀਰਤਨ ਸਰਵਣ ਕਰਦੇ ਕਰਦੇ ਹੀ ਲਿਖਿਆ ਹੈ। ਇਹ ਵੀ ਯਾਦ ਹੈ ਕਿ ਪਹਿਲਾ ਦਿਨ ਸੀ ਪ੍ਰਸਾਰਣ ਦਾ, ਅਤੇ ਮੈਂ ਸਵੇਰ ਦੀ ਡਿਊਟੀ ‘ਤੇ ਜਾਣ ਲਈ ਤਿੰਨ ਵਜੇ ਉੱਠ ਕੇ ਇਸ਼ਨਾਨ ਕੀਤਾ ਸੀ। 1984 ਦੇ ਨਵੰਬਰ ਦੀ ਗੱਲ ਹੈ। ਹਲਕੀ ਠੰਢ ਉਤਰਨੀ ਸ਼ੁਰੂ ਹੋ ਗਈ ਸੀ ਭਾਵੇਂ ਪੰਜਾਬੀ ਅਜੇ ਵੀ ਅੱਗ ਦਾ ਸੇਕ ਸਹਿ ਰਹੇ ਸਨ। ਵਕਤ ਲੱਗਣਾ ਸੀ ਅਜੇ ਉਨ੍ਹਾਂ ਦੇ ਜ਼ਖਮ ਭਰਨ ਨੂੰ ਅਤੇ ਮਰ੍ਹਮ ਦਾ ਪਹਿਲਾ ਫ਼ਿਹਾ ਹੀ ਲੱਗਿਆ ਸੀ ਅਜੇ ਤਾਂ …। ਖੈਰ, ਦੋਸਤੋ, ਜੇ ਤੁਸੀਂ ਅਸੀਂ ਕਿਸੇ ਨੂੰ ਦਿਲੋਂ ਦਿਮਾਗ਼ੋਂ ਸਮਝਦੇ ਹਾਂ, ਢੁੱਕਵਾਂ ਆਦਰ ਮਾਣ ਦਿੰਦੇ ਹਾਂ, ਤਦੇ ਹੀ ਤਾਂ ਇੱਕੋ ਕਾਲਮ ਵਿੱਚ ਏਨੇ ਸਾਰੇ ਲੋਕਾਂ ਨੂੰ ਚੇਤੇ ਕੀਤਾ ਜਾ ਸਕਦੈ, ਜਿਵੇਂ ਅੱਜ ਕੀਤਾ ਹੈ।