ਲੋਕ ਕਹਿੰਦੇ ਹਨ ਕਿ ਪੈਸਾ ਤੁਹਾਡੇ ਲਈ ਪਿਆਰ ਨਹੀਂ ਖ਼ਰੀਦ ਸਕਦਾ, ਪਰ ਇਹ ਸਿਰਫ਼ ਪਿਆਰ ਹੀ ਨਹੀਂ ਜਿਹੜਾ ਪੈਸੇ ਨਾਲ ਨਹੀਂ ਖ਼ਰੀਦਿਆ ਜਾ ਸਕਦਾ। ਸਿਹਤ ਵੀ ਉਨ੍ਹਾਂ ਚੀਜ਼ਾਂ ‘ਚੋਂ ਇੱਕ ਹੈ। ਸਲਾਮਤੀ। ਇੱਕ ਸਾਫ਼ ਜ਼ਮੀਰ। ਹਸਮੁਖ ਸੁਭਾਅ। ਜ਼ਾਇਕੇ ਦੀ ਤਮੀਜ਼। ਸਟਾਈਲ। ਸਲੀਕਾ। ਅਕਲ। ਸਿਆਣਪ। ਵਿਵੇਕ। ਕਿੰਨੀ ਹੈਰਾਨੀ ਵਾਲੀ ਗੱਲ ਹੈ ਨਾ? ਇਹ ਸਾਰੀਆਂ ਉਹ ਸ਼ੈਵਾਂ ਹਨ ਜਿਨ੍ਹਾਂ ਬਾਰੇ ਅੱਜ ਦੇ ਮੌਡਰਨ ਜ਼ਮਾਨੇ ‘ਚ ਬਹੁਤ ਹੀ ਘੱਟ ਕੋਈ ਪਰਵਾਹ ਕਰਦਾ ਜਾਪਦੈ। ਪਰ ਅਜਿਹਾ ਇਸ ਲਈ ਕਿਉਂਕਿ, ਜਿਵੇਂ ਪੈਸਾ ਉਨ੍ਹਾਂ ਨੂੰ ਖ਼ਰੀਦ ਨਹੀਂ ਸਕਦਾ, ਨਿਰਮਾਤਾ ਉਨ੍ਹਾਂ ਨੂੰ ਬਣਾ ਨਹੀਂ ਸਕਦੇ, ਸੋ ਇਸ਼ਤਿਹਾਰਬਾਜ਼ ਉਨ੍ਹਾਂ ਨੂੰ ਵੇਚ ਨਹੀਂ ਸਕਦੇ। ਤੁਹਾਨੂੰ ਕੋਈ ਅਜਿਹੀ ਚੀਜ਼ ਵੇਚੀ ਗਈ ਹੈ ਜਿਸ ਬਾਰੇ ਹੁਣ ਸਪੱਸ਼ਟ ਹੋ ਰਿਹੈ ਕਿ ਤੁਸੀਂ ਉਸ ਨੂੰ ਨਹੀਂ ਚਾਹੁੰਦੇ ਜਾਂ ਤੁਹਾਨੂੰ ਉਹ ਨਹੀਂ ਚਾਹੀਦੀ। ਛੇਤੀ ਵਾਪਰਣ ਵਾਲੀਆਂ ਘਟਨਾਵਾਂ ਤੁਹਾਡੇ ਲਈ ਉਸ ਤੋਂ ਕਿਤੇ ਬਿਹਤਰ ਅਤੇ ਘੱਟ ਮਹਿੰਗੀ ਕੋਈ ਸ਼ੈਅ ਲਿਆਉਣ ਵਾਲੀਆਂ ਹਨ! ਉਸ ਬਾਰੇ ਜ਼ਰਾ ਖ਼ਬਰਦਾਰ ਰਹਿਓ।
ਜੇਕਰ ਤੁਸੀਂ ਕਿਸੇ ਨਵੀਂ ਲਹਿਰ ਲਈ ਹਿਮਾਇਤ ਨਹੀਂ ਜੁਟਾਣਾ ਚਾਹੁੰਦੇ ਤਾਂ ਕਬਰਿਸਤਾਨਾਂ ‘ਚ ਜਾ ਕੇ ਅੰਦੋਲਨ ਨਾ ਕਰੋ। ਮੋਇਆਂ ਦੀਆਂ ਕੋਈ ਸਿਆਸੀ ਧਾਰਣਾਵਾਂ ਨਹੀਂ ਹੁੰਦੀਆਂ। ਜਾਂ ਸ਼ਾਇਦ ਉਨ੍ਹਾਂ ਦੀਆਂ ਧਾਰਣਾਵਾਂ ਹੁੰਦੀਆਂ ਹਨ, ਪਰ ਜਦੋਂ ਤੋਂ ਉਹ ਜਿਊਂਦੇ ਸਨ, ਇਨ੍ਹਾਂ ਧਾਣਾਵਾਂ ਨਾਲ ਕੁਝ ਵੀ ਬਦਲਣਾ ਸੰਭਵ ਨਹੀਂ ਹੋਇਆ। ਅਤੇ ਵੈਸੇ ਵੀ, ਜਿਊਂਦਿਆਂ ਨੂੰ ਇਸ ਗੱਲ ਦੀ ਕੀ ਪਰਵਾਹ? ਬਾਕੀ ਸਭ ਗੱਲਾਂ ਤੋਂ ਉੱਪਰ, ਉਹ ਕੇਵਲ ਆਪਣੇ ਜ਼ਿੰਦਾ ਹੋਣ ਦੀ ਪਰਵਾਹ ਕਰਦੇ ਨੇ। ਅਸੀਂ, ਅਕਸਰ ਤੋਂ ਵੀ ਕੁਝ ਜ਼ਿਆਦਾ, ਮੁੱਦਿਆਂ ਨੂੰ ਖ਼ੁਦ ਨੂੰ ਤੰਗ ਕਰਨ ਦੀ ਇਜਾਜ਼ਤ ਦਿੰਦੇ ਹਾਂ। ਅਸੀਂ ਪਰੇਸ਼ਾਨ ਕਰਨ ਵਾਲੀਆਂ ਬਹਿਸਾਂ ‘ਚ ਉਲਝ ਜਾਂਦੇ ਹਾਂ। ਤੁੱਛ ਸਰਸਰੀ ਮਾਮਲੇ ਇਸ ਤੱਥ ਨੂੰ ਛੁਟਿਆਉਂਦੇ ਨੇ ਕਿ ਹਰ ਪਲ ਇੱਕ ਬਖ਼ਸ਼ਿਸ਼ ਹੈ। ਇਸ ਦਾਤ ਦੀ ਖ਼ੁਸ਼ੀ ਮਨਾਓ, ਅਤੇ ਤੁਹਾਨੂੰ ਉਹ ਸਾਰੀ ਹਮਾਇਤ ਮਿਲੇਗੀ ਜਿਹੜੀ ਤੁਹਾਨੂੰ ਦਰਕਾਰ ਹੈ।

ਉੱਚੇ ਸਥਾਨਾਂ ‘ਤੇ ਤੁਹਾਡੇ ਦੋਸਤ ਹਨ। ਬਹੁਤ ਉੱਚੇ ਸਥਾਨਾਂ ‘ਤੇ। ਬ੍ਰਹਿਮੰਡੀ ਸਥਾਨਾਂ ‘ਤੇ! ਸਾਰੇ ਗ੍ਰਹਿ ਤੁਹਾਡੀ ਭਲਾਈ ਅਤੇ ਤੁਹਾਡੇ ਹਿੱਤਾਂ ਨੂੰ ਆਪਣੇ ਦਿਲਾਂ ‘ਚ ਵਸਾਈ ਬੈਠੇ ਨੇ। ਉਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਕਿਵੇਂ ਤੁਸੀਂ ਕਿਸੇ ਇੱਕ ਖ਼ਾਸ ਸਥਿਤੀ ਤੋਂ ਨਿਰਾਸ਼ ਹੋ ਸਕਦੇ ਹੋ। ਉਨ੍ਹਾਂ ਨੂੰ ਇਸ ਦੀ ਵੀ ਖ਼ੂਬ ਸਮਝ ਹੈ ਕਿ ਤੁਹਾਡੇ ਲਈ ਆਪਣਾ ਵਿਸ਼ਵਾਸ ਬਰਕਰਾਰ ਰੱਖਣਾ ਕਿੰਨਾ ਮਹੱਤਵਪੂਰਣ ਹੈ। ਸੋ ਤੁਹਾਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨ ਲਈ ਜੋ ਕੁਝ ਵੀ ਉਹ ਕਰ ਸਕਦੇ ਹਨ, ਉਹ ਸਭ ਕੁਝ ਕਰ ਰਹੇ ਨੇ। ਤਕਰੀਬਨ ਸੱਤ ਬਿਲੀਅਨ ਹੋਰ ਲੋਕਾਂ ਦੇ ਇਸ ਧਰਤੀ ‘ਤੇ ਦੇਖਰੇਖ ਲਈ ਮੌਜੂਦ ਹੋਣ ਕਾਰਨ, ਦੇਵਤੇ ਵੀ ਹਮੇਸ਼ਾ ਤੁਹਾਨੂੰ ਉਹ ਸਭ ਕੁਝ ਠੀਕ ਉਸੇ ਵਕਤ ਨਹੀਂ ਦੇ ਸਕਦੇ ਜਦੋਂ ਤੁਹਾਨੂੰ ਉਹ ਚਾਹੀਦਾ ਹੋਵੇ। ਪਰ ਨਿਰਸੰਦੇਹ ਉਹ ਆਪਣੀ ਪੂਰੀ ਵਾਹ ਲਗਾਉਣ ਦਾ ਇਰਾਦਾ ਰੱਖਦੇ ਹਨ।

ਕਈ ਵਾਰ ਜੋ ਅਸੀਂ ਚਾਹੁੰਦੇ ਹਾਂ, ਉਹ ਹਾਸਿਲ ਹੋ ਜਾਂਦੈ ਕੇਵਲ ਸਾਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਲਈ ਕਿ ਉਹ ਆਖ਼ਰੀ ਸ਼ੈਅ ਸੀ ਜਿਹੜੀ ਅਸੀਂ ਸ਼ਾਇਦ ਕਦੇ ਵੀ ਚਾਹੀ ਹੋਵੇਗੀ। ਕਈ ਵਾਰ, ਸਾਨੂੰ ਉਹ ਨਹੀਂ ਮਿਲਦਾ ਜੋ ਅਸੀਂ ਚਾਹੁੰਦੇ ਹਾਂ। ਅਸੀਂ ਉਸ ਨੂੰ ਹਾਸਿਲ ਕਰਨ ਲਈ ਆਪਣੇ ਅੰਦਰ ਇੱਕ ਲਾਚਾਰ, ਅਤਿ ਜ਼ਰੂਰੀ ਤਾਂਘ ਮਹਿਸੂਸ ਕਰਦੇ ਹਾਂ ਸਿਰਫ਼ ਬਾਅਦ ‘ਚ ਇਹ ਜਾਣਨ ਲਈ ਕਿ ਸਾਡੀ ਸਾਰੀ ਨਿਰਾਸ਼ਾ ਅਤੇ ਮਾਯੂਸੀ ਦਾ ਕਾਰਨ ਦਰਅਸਲ ਇਸ ਸਾਰੇ ਵਕਤ ਦੌਰਾਨ ਸਾਡੇ ਲਈ ਇੱਕ ਛੁੱਪਿਆ ਹੋਇਆ ਵਰਦਾਨ ਬਣਿਆ ਰਿਹਾ ਹੈ। ਮੈਂ ਸੱਚਮੁੱਚ, ਇਸ ਵੇਲੇ, ਤੁਹਾਨੂੰ ਕਿਸੇ ਅਜਿਹੀ ਚੀਜ਼ ਬਾਰੇ ਚੰਗਾ ਮਹਿਸੂਸ ਕਰਾਉਣ ਦਾ ਯਤਨ ਨਹੀਂ ਕਰ ਰਿਹਾ ਜਿਹੜੀ ਤੁਹਾਨੂੰ ਪੇਰਸ਼ਾਨ ਕਰ ਰਹੀ ਸੀ। ਮੈਂ ਕੇਵਲ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣ ਲਓ ਕਿ ਇੱਕ ਸੁਆਦੀ ਅਚੰਭਾ ਤੁਹਾਡੀ ਜ਼ਿੰਦਗੀ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਲਈ ਖੁਲ੍ਹਦਿਲੇ ਬਣਨ ਦਾ ਯਤਨ ਕਰੋ।

ਜੋ ਕੁਝ ਵੀ ਅੱਜ ਹੈ, ਉਹ ਕੋਈ ਬੀਤਿਆ ਹੋਇਆ ਕੱਲ੍ਹ ਨਹੀਂ। ਤੁਹਾਡੀ ਚਲੰਤ ਸਥਿਤੀ ਤੁਹਾਨੂੰ ਕਿਸੇ ਲੰਘੇ ਹੋਏ ਵੇਲੇ ਬਾਰੇ ਚੇਤੇ ਕਰਾ ਰਹੀ ਹੋ ਸਕਦੀ ਹੈ, ਪਰ ਉਨ੍ਹਾਂ ਦਰਮਿਆਨ ਸਮਾਨਤਾ ਕੇਵਲ ਸਤਹੀ ਹੈ। ਹੁਣ ਦੇ ਵੱਖਰੇ ਹਾਲਾਤ ਇਸ ਗੱਲ ‘ਤੇ ਜ਼ੋਰ ਦੇ ਰਹੇ ਨੇ ਕਿ ਤੁਸੀਂ ਸਿਰਫ਼ ਕਿਸੇ ਬਹੁਤ ਹੀ ਜਾਣੇ-ਪਹਿਚਾਣੇ ਨਾਟਕ ਨੂੰ ਦੋਬਾਰਾ ਨਹੀਂ ਦੇਖ ਰਹੇ। ਹਾਂ, ਜੇਕਰ ਤੁਸੀਂ, ਗੁਪਤ ਤੌਰ ‘ਤੇ, ਉਸੇ ਪੁਰਾਣੇ ਪੈਟ੍ਰਨ ਨੂੰ ਦੋਹਰਾਉਣ ਦੀ ਮੰਦੀ ਇੱਛਾ ਪਾਲ ਰਹੇ ਹੋ ਤਾਂ ਫ਼ਿਰ ਗੱਲ ਹੋਰ ਹੈ। ਜੇਕਰ ਤੁਹਾਡੇ ਅੰਦਰਲਾ ਕੋਈ ਵੀ ਕਣ ਦਿਆਨਤਦਾਰੀ ਨਾਲ ਇੱਕ ਵੱਖਰਾ ਨਤੀਜਾ ਚਾਹੁੰਦੈ ਤਾਂ ਤੁਸੀਂ ਉਸ ਨੂੰ ਹਾਸਿਲ ਕਰ ਸਕਦੇ ਹੋ। ਜਿੱਥੇ ਤੁਸੀਂ ਪਹਿਲਾਂ ਕੋਸ਼ਿਸ਼ ਕੀਤੀ ਅਤੇ ਅਸਫ਼ਲ ਰਹੇ ਸੀ, ਉੱਥੇ ਵੀ ਤੁਸੀਂ ਸਫ਼ਲ ਹੋ ਸਕਦੇ ਹੋ ਬਸ਼ਰਤੇ ਤੁਸੀਂ ਬਾਰ-ਬਾਰ, ਹਰ ਵਾਰ ਕੋਸ਼ਿਸ਼ ਕਰਦੇ ਰਹੋ।