ਨਵੀਂ ਦਿੱਲੀ- ਅੱਤਵਾਦੀ ਗਤੀਵਿਧੀਆਂ ’ਚ ਸ਼ਮੂਲੀਅਤ ਕਾਰਨ ਪਾਪੂਲਰ ਫਰੰਟ ਆਫ਼ ਇੰਡੀਆ (PFI) ਅਤੇ ਉਸ ਨਾਲ ਸਬੰਧਤ ਕਈ ਹੋਰ ਸੰਗਠਨਾਂ ’ਤੇ ਕੇਂਦਰ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ। ਕੇਂਦਰ ਨੇ ਇਹ ਫ਼ੈਸਲਾ ਦੇਸ਼ ਦੇ ਵੱਖ-ਵੱਖ ਟਿਕਾਣਿਆਂ ’ਤੇ ਕਈ ਛਾਪੇ ਅਤੇ ਗ੍ਰਿਫ਼ਤਾਰੀਆਂ ਮਗਰੋਂ ਲਿਆ ਹੈ। ਸਰਕਾਰ ਨੇ UAPA ਤਹਿਤ ਇਸ ਸੰਗਠਨ ਨੂੰ ਗੈਰ-ਕਾਨੂੰਨੀ ਐਲਾਨ ਕਰ ਦਿੱਤਾ ਹੈ। ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ PFI ’ਤੇ 5 ਸਾਲ ਦੀ ਪਾਬੰਦੀ ਲਾ ਦਿੱਤੀ ਹੈ।
PFI ਤੋਂ ਇਲਾਵਾ ਉਸ ਨਾਲ ਜੁੜੇ ਹੋਰ 8 ਸੰਗਠਨਾਂ ’ਤੇ ਵੀ ਪਾਬੰਦੀ-
1. ਰੀਹੈਬ ਇੰਡੀਆ ਫਾਊਂਡੇਸ਼ਨ (RIF)
2. ਕੈਂਪਸ ਫਰੰਟ ਆਫ ਇੰਡੀਆ (CFI)
3. ਆਲ ਇੰਡੀਆ ਇਮਾਮ ਕੌਂਸਲ (AIIC)
4. ਨੈਸ਼ਨਲ ਕਨਫੈਡਰੇਸ਼ਨ ਆਫ਼ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ (NCHRO)
5. ਨੈਸ਼ਨਲ ਵੂਮੈਨ ਫਰੰਟ
6. ਜੂਨੀਅਰ ਫਰੰਟ
7. ਇੰਪਾਵਰ ਇੰਡੀਆ ਫਾਊਂਡੇਸ਼ਨ
8. ਰੀਹੈਬ ਫਾਊਂਡੇਸ਼ਨ
250 ਤੋਂ ਵੱਧ ਲੋਕ ਗ੍ਰਿਫ਼ਤਾਰ, ਟੈਰਰ ਲਿੰਕ ਦੇ ਮਿਲੇ ਸਬੂਤ
22 ਸਤੰਬਰ ਅਤੇ 27 ਸਤੰਬਰ ਨੂੰ ਰਾਸ਼ਟਰੀ ਜਾਂਚ ਏਜੰਸੀ (NIA), ਇਨਫੋਰਸਮੈਂਟ ਡਾਇਰੈਕਟੋਰੇਟ (ED) ਅਤੇ ਸੂਬਾ ਪੁਲਸ ਨੇ PFI ’ਤੇ ਛਾਪੇਮਾਰੀ ਕੀਤੀ। ਪਹਿਲੇ ਦੌਰ ‘ਚ PFI ਨਾਲ ਜੁੜੇ 106 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਛਾਪੇਮਾਰੀ ਦੇ ਦੂਜੇ ਦੌਰ ’ਚ PFI ਨਾਲ ਜੁੜੇ 247 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਾਂਚ ਏਜੰਸੀਆਂ ਨੂੰ ਸੰਗਠਨ ਦੇ ਖਿਲਾਫ਼ ਅੱਤਵਾਦੀ ਸੰਗਠਨਾਂ ਨਾਲ ਲਿੰਕ ਹੋਣ ਦੇ ਪੁਖ਼ਤਾ ਸਬੂਤ ਮਿਲੇ ਸਨ, ਜਿਸ ਦੇ ਆਧਾਰ ‘ਤੇ ਸੰਗਠਨ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ ਗਿਆ।
ਸਰਗਰਮ ਅੱਤਵਾਦੀ ਸੰਗਠਨਾਂ ‘ਚ ਸ਼ਾਮਲ ਹਨ ਕਾਰਕੁਨ
ਦੱਸਿਆ ਜਾ ਰਿਹਾ ਹੈ ਕਿ PFI ਦੇ ‘ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ’ (ISIS) ਵਰਗੇ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਦੇ ਕਈ ਮਾਮਲੇ ਵੀ ਸਾਹਮਣੇ ਆਏ ਹਨ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ PFI ਅਤੇ ਇਸ ਦੇ ਸਹਿਯੋਗੀ ਜਾਂ ਮੋਰਚੇ ਦੇਸ਼ ਵਿਚ ਅਸੁਰੱਖਿਆ ਦੀ ਭਾਵਨਾ ਫੈਲਾਉਣ ਲਈ ਗੁਪਤ ਰੂਪ ਵਿਚ ਕੰਮ ਕਰ ਰਹੇ ਹਨ। ਜਿਸ ਦੀ ਪੁਸ਼ਟੀ ਇਸ ਤੱਥ ਤੋਂ ਹੁੰਦੀ ਹੈ ਕਿ ਕੁਝ PFI ਕਾਰਕੁਨ ਅੰਤਰਰਾਸ਼ਟਰੀ ਪੱਧਰ ‘ਤੇ ਕੰਮ ਕਰ ਰਹੇ ਅੱਤਵਾਦੀ ਸੰਗਠਨਾਂ ਵਿਚ ਸ਼ਾਮਲ ਹੋ ਗਏ ਹਨ।