ਹੁਸ਼ਿਆਰਪੁਰ ਪੁਲਸ ਨੂੰ ਮਿਲਿਆ ਗੈਂਗਸਟਰ ਮਨਪ੍ਰੀਤ ਰਈਆ ਅਤੇ ਮਨਦੀਪ ਤੂਫ਼ਾਨ ਦਾ ਟਰਾਂਜ਼ਿਟ ਰਿਮਾਂਡ

ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਮਨਪ੍ਰੀਤ ਰਈਆ ਅਤੇ ਮਨਦੀਪ ਤੂਫ਼ਾਨ ਦਾ 2 ਦਿਨਾ ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਹੁਣ ਹੁਸ਼ਿਆਰਪੁਰ ਪੁਲਸ ਨੂੰ ਇਨ੍ਹਾਂ ਦੋਵਾਂ ਦਾ 2 ਦਿਨਾਂ ਟਰਾਂਜ਼ਿਟ ਰਿਮਾਂਡ ਮਿਲ ਗਿਆ ਹੈ। ਦੱਸ ਦੇਈਏ ਕਿ ਇਨ੍ਹਾਂ ਦੋਵਾਂ ਨੂੰ ਅੱਜ ਮਾਨਸਾ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ , ਜਿੱਥੇ ਹੁਸ਼ਿਆਰਪੁਰ ਪੁਲਸ ਦੀ ਮੰਗ ‘ਤੇ 2021 ਦੇ ਅਗਵਾ ਮਾਮਲੇ ‘ਚ ਉਨ੍ਹਾਂ ਨੂੰ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਗਿਆ ਹੈ।
ਐਡਵੋਕੇਟ ਅਮਿਤ ਅਗਨੀਹੋਤਰੀ ਨੇ ਦੱਸਿਆ ਕਿ ਮਨਪ੍ਰੀਤ ਰਈਆ ਅਤੇ ਮਨਦੀਪ ਤੂਫ਼ਾਨ ਦਾ ਅੱਜ ਦੋ ਦਿਨਾ ਪੁਲਸ ਰਿਮਾਂਡ ਖ਼ਤਮ ਹੋ ਗਿਆ ਹੈ ਅਤੇ ਮਾਨਸਾ ਅਦਾਲਤ ‘ਚ ਪੇਸ਼ ਕਰਨ ਮਗਰੋਂ ਹੁਸ਼ਿਆਰਪੁਰ ਪੁਲਸ ਨੂੰ ਉਨ੍ਹਾਂ ਦਾ ਰਿਮਾਂਡ ਦੇ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਦੋਵਾਂ ਹੁਸ਼ਿਆਰਪੁਰ ਵਿਖੇ ਹੋਏ ਅਗਵਾ ਮਾਮਲੇ ਵਿਚ ਲੋੜੀਂਦੇ ਸਨ । ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਇਨ੍ਹਾਂ ‘ਤੇ ਦੋਸ਼ ਲੱਗੇ ਹਨ ਕਿ ਮੂਸੇਵਾਲਾ ਕਤਲਕਾਂਡ ਤੋਂ ਪਹਿਲਾਂ ਵੀ ਇਨ੍ਹਾਂ ਨੇ ਸਿੱਧੂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸੁਰੱਖਿਆ ਨੂੰ ਦੇਖ ਕੇ ਇਹ ਕਾਮਯਾਬ ਨਹੀਂ ਹੋ ਸਕੇ ਸਨ। ਹੁਣ ਹੁਸ਼ਿਆਰਪੁਰ ਪੁਲਸ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਅਗਵਾ ਮਾਮਲੇ ਦੀ ਕਾਰਵਾਈ ਕਰੇਗੀ।