ਪੁੱਤਾਂ ਤੋਂ ਦੁਖੀ ਬਜ਼ੁਰਗ ਜੋੜੇ ਨੇ ਭਗਵੰਤ ਮਾਨ ਸਰਕਾਰ ਅੱਗੇ ਲਗਾਈ ਇਨਸਾਫ਼ ਦੀ ਗੁਹਾਰ

ਘਨੌਰ : ਪਿੰਡ ਕਾਮੀ ਕਲਾਂ ਵਿਖੇ ਆਪਣੇ ਦੋ ਪੁੱਤਰਾਂ ਤੋਂ ਦੁਖੀ ਹੋ ਕੇ ਸੁਰਜੀਤ ਖਾਨ ਅਤੇ ਉਨ੍ਹਾਂ ਦੀ ਪਤਨੀ ਬਚਨੀ ਬੇਗਮ ਨੇ ਭਗਵੰਤ ਮਾਨ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰਜੀਤ ਖਾਨ ਨੇ ਦੱਸਿਆ ਕਿ ਉਸ ਨੇ ਹੱਡਭੰਨਵੀ ਮਿਹਨਤ ਕਰਕੇ ਆਪਣੇ ਬੱਚਿਆਂ ਲਈ ਹਰ ਸੁੱਖ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਟਰੈਕਟਰ, ਬੋਰ ਕਰਨ ਵਾਲੀ ਮਸ਼ੀਨ, ਤੂੜੀ ਦੇ ਰੀਪਰ ਅਤੇ ਹੋਰ ਘਰ ਦੇ ਸਾਰੇ ਸੰਦ ਬਣਾਏ। ਸੁਰਜੀਤ ਖਾਨ ਨੇ ਭਰੇ ਮਨ ਨਾਲ ਕਿਹਾ ਕਿ ਮੈਨੂੰ ਨਹੀ ਪਤਾ ਸੀ ਕਿ ਇਕ ਦਿਨ ਇਨ੍ਹਾਂ ਵਸਤੂਆਂ ਦੀ ਵੰਡ-ਵੰਡਾਈ ਮੌਕੇ ਮੇਰੇ ਨਾਲ ਇਹ ਕੁੱਝ ਵਾਪਰੇਗਾ। ਉਨ੍ਹਾਂ ਦੱਸਿਆ ਕਿ ਸਾਰਾ ਕੁੱਝ ਵੰਡ ਕੇ ਦੇਣ ਮਗਰੋਂ ਵੀ ਮੇਰੇ ਦੋ ਮੁੰਡਿਆਂ ਦੇ ਮਨਾਂ ਵਿਚੋਂ ਲਾਲਚ ਨਹੀਂ ਗਿਆ। ਉਨ੍ਹਾਂ ਕਿਹਾ ਕਿ ਮੇਰਾ ਆਪਣਾ ਘਰ ਦਾ ਸਾਮਾਨ ਮੇਰੇ ਮੁੰਡੇ ਦਿਲਬਰ ਖਾਨ ਦੇ ਘਰ ਪਿਆ ਸੀ। ਇਸ ਸਬੰਧੀ ਪਿੰਡ ਦੇ ਕੁਝ ਪੰਚਾਇਤੀ ਅਤੇ ਮੋਹਤਬਰ ਵਿਅਕਤੀਆਂ ਨੇ ਫੈਸਲਾ ਕੀਤਾ ਕਿ ਜਿੰਨੀ ਦੇਰ ਤੱਕ ਮੈ ਆਪਣਾਂ ਘਰ ਨਹੀਂ ਬਣਾ ਲੈਂਦਾ ਮੇਰਾ ਸਮਾਨ ਦਿਲਬਰ ਖਾਨ ਦੇ ਘਰ ਰੱਖਿਆ ਰਹੇਗਾ।
ਹੁਣ ਜਦੋਂ ਮੈ ਆਪਣੇ ਰਹਿਣ ਵਾਸਤੇ ਘਰ ਬਣਾ ਲਿਆ ਤਾਂ ਮੇਰਾ ਮੁੰਡਾ ਦਿਲਬਰ ਖਾਨ ਮੈਨੂੰ ਸਾਮਾਨ ਨਹੀਂ ਚੁੱਕਣ ਦੇ ਰਿਹਾ। ਜਿਸ ਵਿਚ ਮੇਰਾ ਇੱਕ ਮੁੰਡਾ ਕਾਲਾ ਖਾਨ ਉਸਦੀ ਮੱਦਦ ਕਰ ਰਿਹਾ ਹੈ, ਜਦੋਂ ਅਸੀਂ ਉਸਦੇ ਘਰ ਸਾਮਾਨ ਲੈਣ ਗਏ ਤਾਂ ਉਸਨੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਮੈਨੂੰ ਅਪਸ਼ਬਦ ਵੀ ਬੋਲੇ। ਇਸ ਨੂੰ ਲੈਕੇ ਬਜ਼ੁਰਗ ਜੋੜੇ ਨੇ ਭਗਵੰਤ ਮਾਨ ਸਰਕਾਰ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਜਦੋਂ ਇਸ ਸਬੰਧੀ ਉਸ ਦੇ ਪੁੱਤਰ ਦਿਲਬਰ ਖਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ’ਤੇ ਲਗਾਏ ਸਾਰੇ ਇਲਜ਼ਾਮ ਝੂਠੇ ਹਨ। ਜਦੋਂ ਕਿ ਇਨ੍ਹਾਂ ਨੇ ਸਾਡੇ ਘਰ ਆ ਕੇ ਸਾਡੀ ਕੁੱਟਮਾਰ ਕੀਤੀ ਹੈ।