ਟੈਰਰ ਫੰਡਿੰਗ ਮਾਮਲਾ : ਐੱਸ. ਆਈ. ਏ. ਨੇ ਸ਼੍ਰੀਨਗਰ, ਬਡਗਾਮ ਅਤੇ ਕੁਪਵਾੜਾ ਜ਼ਿਲਿਆਂ ’ਚ ਮਾਰੇ ਛਾਪੇ

ਸ਼੍ਰੀਨਗਰ – ਸੂਬਾਈ ਜਾਂਚ ਏਜੰਸੀ (ਐੱਸ. ਆਈ. ਏ.) ਨੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਟੈਰਰ ਫੰਡਿੰਗ ਦੀ ਜਾਂਚ ਤਹਿਤ ਸ਼ਨੀਵਾਰ ਸਵੇਰੇ ਮੱਧ ਅਤੇ ਉੱਤਰੀ ਕਸ਼ਮੀਰ ਵਿਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।
ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਪੁਲਸ ਅਤੇ ਸੀ. ਆਰ. ਪੀ. ਐੱਫ. ਦੀ ਮਦਦ ਨਾਲ ਸ਼੍ਰੀਨਗਰ, ਬਡਗਾਮ ਅਤੇ ਕੁਪਵਾੜਾ ਜ਼ਿਲਿਆਂ ’ਚ ਛਾਪੇਮਾਰੀ ਕੀਤੀ।
ਸ਼੍ਰੀਨਗਰ ਦੇ ਆਲਮੰਡ ਲਾਲ ਮੰਡੀ ਹੋਟਲ ਦੇ ਕਮਰਾ ਨੰਬਰ 219 ’ਚ ਛਾਪੇਮਾਰੀ ਕੀਤੀ ਗਈ, ਜਿਸ ’ਚ ਇਕ ਵਿਅਕਤੀ ਕਿਸ਼ਤਵਾੜ ਨਿਵਾਸੀ ਗੁਲਜ਼ਾਰ ਅਹਿਮਦ ਮੀਰ ਪੁੱਤਰ ਗੁਲਾਮ ਨਬੀ ਮੀਰ ਰਹਿ ਰਿਹਾ ਹੈ। ਮੀਰ ਖੇਤੀਬਾੜੀ ਵਿਭਾਗ ’ਚ ਸੁਆਇਲ ਅਸਿਸਟੈਂਟ ਹੈ। ਐੱਸ. ਆਈ. ਏ. ਦੀ ਇਕ ਹੋਰ ਟੀਮ ਨੇ ਮੱਧ ਕਸ਼ਮੀਰ ਦੇ ਬਡਗਾਮ ਜ਼ਿਲੇ ਦੇ ਬਟਪੋਰਾ ਕਛਵਾੜੀ ਦੇ ਬਸ਼ੀਰ ਅਹਿਮਦ ਡਾਰ ਪੁੱਤਰ ਗੁਲਾਮ ਅਹਿਮਦ ਦੇ ਘਰ ਛਾਪਾ ਮਾਰਿਆ।
ਇਕ ਅਧਿਕਾਰੀ ਨੇ ਛਾਪੇਮਾਰੀ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਕੁਝ ਲੋਕ ਟੈਰਰ ਫੰਡਿੰਗ ’ਚ ਸ਼ਾਮਲ ਪਾਏ ਗਏ, ਉਨ੍ਹਾਂ ਨੂੰ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।