ਗੁਜਰਾਤ ’ਚ ਭਗਵੰਤ ਮਾਨ ਬੋਲੇ- ਜਨਤਾ ਲਈ ਖਜ਼ਾਨਾ ਖਾਲੀ ਹੋ ਜਾਂਦਾ ਹੈ, ਨੇਤਾਵਾਂ ਲਈ ਕਿਉਂ ਨਹੀਂ?

ਅਹਿਮਦਾਬਾਦ- ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਗੁਜਰਾਤ ਦੌਰੇ ’ਤੇ ਹਨ। ਅਹਿਮਦਾਬਾਦ ’ਚ ਆਯੋਜਿਤ ਟਾਊਨਹਾਲ ਪ੍ਰੋਗਰਾਮ ’ਚ ਗੁਜਰਾਤ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਆਪਣੇ ਅੰਦਾਜ਼ ’ਚ ਭਾਜਪਾ ’ਤੇ ਤਿੱਖਾ ਸ਼ਬਦੀ ਵਾਰ ਕੀਤਾ। ਮਾਨ ਨੇ ਕਿਹਾ ਕਿ ਭਾਜਪਾ ਜਿੱਥੇ ਚੋਣਾਂ ਤੋਂ ਸਰਕਾਰ ਨਹੀਂ ਬਣਾ ਪਾਉਂਦੀ ਹੈ, ਉੱਥੇ ਜ਼ਿਮਨੀ ਚੋਣਾਂ (By-election) ਨਾਲ ਸਰਕਾਰ ਬਣਾ ਲੈਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾ ’ਚ ਹੰਕਾਰ ਆ ਗਿਆ ਹੈ।
ਮਾਨ ਨੇ ਅੱਗੇ ਕਿਹਾ ਕਿ ਆਮ ਆਦਮੀ ਹਰ ਚੀਜ਼ ’ਚ ਟੈਕਸ ਦਿੰਦਾ ਹੈ। ਜੇਕਰ ਉਹ ਸੌਂ ਰਿਹਾ ਹੈ, ਪੱਖੇ ਦੇ ਹੇਠਾਂ ਹੈ ਤਾਂ ਟੈਕਸ ਹੈ। ਜੇਕਰ ਅਸੀਂ ਇੰਨਾ ਟੈਕਸ ਦਿੰਦੇ ਹਾਂ ਤਾਂ ਖਜ਼ਾਨਾ ਕਿਵੇਂ ਖਾਲੀ ਹੋ ਜਾਂਦਾ ਹੈ? ਮਾਨ ਨੇ ਅੱਗੇ ਕਿਹਾ ਕਿ ਨੇਤਾਵਾਂ ਲਈ ਖਜ਼ਾਨਾ ਖਾਲੀ ਨਹੀਂ ਹੁੰਦਾ ਹੈ ਤਾਂ ਫਿਰ ਜਨਤਾ ਲਈ ਖਜ਼ਾਨਾ ਖਾਲੀ ਕਿਉਂ ਹੋ ਜਾਂਦਾ ਹੈ। ਜੋ ਹੈ ਹੀ ਖਾਲੀ ਫਿਰ ਉਸ ਨੂੰ ਖਜ਼ਾਨਾ ਨਹੀਂ ਅਲਮਾਰੀ ਕਹੋ। ਮਾਨ ਨੇ ਕਿਹਾ ਕਿ ਕਈ ਵਾਰ ਗੱਲਾਂ-ਗੱਲਾਂ ’ਚ ਯੂਥ ਆਖ ਦਿੰਦਾ ਹੈ ਕਿ ਭ੍ਰਿਸ਼ਟਾਚਾਰ ਬਹੁਤ ਹੈ, ਬੇਰੁਜ਼ਗਾਰੀ ਹੈ, ਅਸੀਂ ਕੀ ਲੈਣਾ? ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਲੈਣਾ ਕਿਉਂ ਨਹੀਂ? ਸਾਡਾ ਦੇਸ਼ ਹੈ, ਅਸੀਂ ਹਿਸਾਬ ਲੈਣਾ ਹੈ। 28 ਸਤੰਬਰ ਨੂੰ ਭਗਤ ਸਿੰਘ ਦਾ ਜਨਮ ਦਿਨ ਹੈ। 23 ਸਾਲ ਦੀ ਉਮਰ ’ਚ ਉਨ੍ਹਾਂ ਨੂੰ ਫਾਂਸੀ ਹੋ ਗਈ। ਜੇਕਰ ਉਹ ਵੀ ਸੋਚ ਲੈਂਦੇ ਕੀ ਅਸੀਂ ਕੀ ਲੈਣਾ? ਕੀ ਅਸੀਂ ਇਵੇਂ ਆਜ਼ਾਦ ਬੈਠੇ ਹੁੰਦੇ? ਜਿਸ ਉਮਰ ’ਚ ਨੌਜਵਾਨ ਆਪਣੇ ਪਿਤਾ ਤੋਂ ਗੱਡੀ ਮੰਗਦੇ ਹਨ। ਸ਼ਹੀਦ ਭਗਤ ਸਿੰਘ, ਅੰਗਰੇਜ਼ਾਂ ਤੋਂ ਆਪਣਾ ਮੁਲਕ ਮੰਗ ਰਹੇ ਸਨ। ਸਾਨੂੰ ਉਨ੍ਹਾਂ ਦੇ ਕਦਮਾਂ ’ਤੇ ਚੱਲਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ’ਚ ਬਹੁਤ ਵੱਡੀ ਤਾਕਤ ਹੈ। ਪਹਿਲਾਂ ਇਕ ਦੌਰ ਸੀ ਜਦੋਂ ਘਰ ਦੇ ਵੱਡੇ ਬਜ਼ੁਰਗ ਦੇ ਕਹਿਣ ’ਤੇ ਵੋਟ ਪਾਉਂਦੇ ਸੀ ਪਰ ਹੁਣ ਸਮਾਂ ਬਦਲ ਗਿਆ ਹੈ, ਇਸ ਵਾਰ ਆਪਣੀ ਮਰਜ਼ੀ ਨਾਲ ਵੋਟ ਪਾਓ। ਗੁਜਰਾਤ ਤੋਂ ਭਾਜਪਾ ਦੀ ਸਰਕਾਰ ਜਾਣ ਵਾਲੀ ਹੈ। ਤੁਸੀਂ ਜਦੋਂ ਵੀ ਵੋਟ ਪਾਉਣ ਜਾਓਗੇ, ਵੋਟ ਵਾਲੇ ਦਿਨ। ਸੋਚ ਲੈਣਾ ਹੀ ਉਹ ਬਟਨ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਤਰੱਕੀ ਦਾ ਬਟਨ ਹੈ। ਹੁਣ ਵਕਤ ਸਕੂਲਾਂ ’ਚ ਚੰਗੀ ਸਿੱਖਿਆ ਦਾ ਹੈ, ਵਕਤ ਸਾਡੇ ਦੇਸ਼ ਨੂੰ ਨੰਬਰ-1 ਬਣਾਉਣ ਦਾ ਹੈ।