ਕੈਨੇਡਾ ‘ਚ ਤੂਫ਼ਾਨ ਤੋਂ ਬਾਅਦ ਬਿਜਲੀ ਸਪਲਾਈ ਬਹਾਲ ਕਰਨ ਲਈ ਸੰਘਰਸ਼ ਜਾਰੀ

ਟੋਰਾਂਟੋ – ਐਟਲਾਂਟਿਕ ਕੈਨੇਡਾ ਵਿੱਚ ਹਜ਼ਾਰਾਂ ਲੋਕ ਐਤਵਾਰ ਨੂੰ ਬਿਜਲੀ ਬੰਦ ਹੋਣ ਕਾਰਨ ਪ੍ਰੇਸ਼ਾਨ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਮੁੰਦਰ ਦੇ ਨੇੜੇ ਇਕ ਔਰਤ ਦੀ ਲਾਸ਼ ਵੀ ਮਿਲੀ ਹੈ। ਕੁਝ ਦਿਨ ਪਹਿਲਾਂ ਕੈਨੇਡਾ ‘ਚ ਆਏ ਤੂਫਾਨ ਫਿਓਨਾ ਦੀ ਲਪੇਟ ‘ਚ ਆਉਣ ਨਾਲ ਕਈ ਘਰ ਰੁੜ ਗਏ ਸਨ ਅਤੇ ਦੇਸ਼ ਦੇ ਐਟਲਾਂਟਿਕ ਸੂਬਿਆਂ ‘ਚ ਸੜਕਾਂ ਜਾਮ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਕੈਰੇਬੀਅਨ ਖੇਤਰ ਦੇ ਉੱਤਰ ਤੋਂ ਅੱਗੇ ਵਧਦੇ ਹੋਏ ‘ਫਿਓਨਾ’ ਸ਼ਨੀਵਾਰ ਸਵੇਰ ਤੋਂ ਪਹਿਲਾਂ ਇਕ ਤੱਟਵਰਤੀ ਚੱਕਰਵਾਤ ਦੇ ਰੂਪ ‘ਚ ਤੱਟ ‘ਤੇ ਪਹੁੰਚਿਆ ਸੀ।
ਇਸ ਦੌਰਾਨ ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਨਿਊਫਾਊਂਡਲੈਂਡ ਅਤੇ ਕਿਊਬਿਕ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਪਿਆ। ਕੈਨੇਡੀਅਨ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਫੌਜੀ ਡਿੱਗੇ ਦਰੱਖਤਾਂ ਨੂੰ ਹਟਾਉਣ, ਆਵਾਜਾਈ ਸੇਵਾਵਾਂ ਨੂੰ ਬਹਾਲ ਕਰਨ ਸਮੇਤ ਹਰ ਸੰਭਵ ਮਦਦ ਕਰਨਗੇ। ਤੂਫਾਨ ਫਿਓਨਾ ਨੇ ਕੈਰੇਬੀਅਨ ਖੇਤਰ ਵਿੱਚ ਘੱਟੋ-ਘੱਟ ਪੰਜ ਲੋਕਾਂ ਅਤੇ ਕੈਨੇਡਾ ਵਿੱਚ ਇੱਕ ਔਰਤ ਦੀ ਜਾਨ ਲੈ ਲਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ 73 ਸਾਲਾ ਔਰਤ ਦੀ ਲਾਸ਼ ਬਰਾਮਦ ਹੋਈ ਹੈ।
ਪੁਲਸ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਔਰਤ ਆਪਣੇ ਘਰ ‘ਚ ਸੀ। ਇਕ ਲਹਿਰ ਉੱਠਣ ਕਾਰਨ ਉਨ੍ਹਾਂ ਦਾ ਘਰ ਦਾ ਇਕ ਹਿੱਸਾ ਡਿੱਗ ਗਿਆ। ਉਥੇ ਹੀ ਪ੍ਰਿੰਸ ਐਡਵਰਡ ਆਈਲੈਂਡ ਸੂਬੇ ‘ਨੋਵਾ ਸਕੋਸ਼ੀਆ ਪਾਵਰ’ ਦੇ 2,11,000 ਤੋਂ ਵੱਧ ਖ਼ਪਤਕਾਰ ਅਤੇ ‘ਮੈਰੀਟਾਈਮ ਇਲੈਕਟ੍ਰਿਕ’ ਦੇ 81,000 ਤੋਂ ਵੱਧ ਖ਼ਪਤਕਾਰ ਐਤਵਾਰ ਸ਼ਾਮ ਤੱਕ ਬਿਜਲੀ ਨਾ ਹੋਣ ਕਾਰਨ ਪਰੇਸ਼ਾਨ ਰਹੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਹੋਣ ‘ਚ ਕੁਝ ਦਿਨ ਲੱਗ ਸਕਦੇ ਹਨ। ਪ੍ਰਿੰਸ ਐਡਵਰਡ ਆਈਲੈਂਡ ਦੇ ਪ੍ਰੀਮੀਅਰ ਡੇਨਿਸ ਕਿੰਗ ਨੇ ਕਿਹਾ ਕਿ ਐਤਵਾਰ ਨੂੰ 100 ਤੋਂ ਵੱਧ ਫੌਜੀ ਮਦਦ ਲਈ ਘਟਨਾ ਸਥਾਨ ‘ਤੇ ਪਹੁੰਚੇ। ਸੋਮਵਾਰ ਅਤੇ ਮੰਗਲਵਾਰ ਨੂੰ ਸਕੂਲ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਕਈ ਪੁਲ ਵੀ ਟੁੱਟ ਚੁੱਕੇ ਹਨ।