ਦਿੱਲੀ ‘ਚ ਭਾਰੀ ਮੀਂਹ ਦਾ ਕਹਿਰ ਜਾਰੀ, NCR ‘ਚ 8ਵੀਂ ਤੱਕ ਦੇ ਸਾਰੇ ਸਕੂਲ ਕੀਤੇ ਬੰਦ

ਨੈਸ਼ਨਲ ਡੈਸਕ – ਦਿੱਲੀ-ਐੱਨ.ਸੀ.ਆਰ. ‘ਚ ਭਾਰੀ ਬਾਰਿਸ਼ ਦਾ ਸਿਲਸਿਲਾ ਸ਼ੁੱਕਰਵਾਰ ਸਵੇਰੇ ਵੀ ਜਾਰੀ ਰਿਹਾ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 48 ਘੰਟਿਆਂ ਤੱਕ ਰਾਸ਼ਟਰੀ ਰਾਜਧਾਨੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਬਾਰਿਸ਼ ਹੋਵੇਗੀ। ਦਿੱਲੀ, ਨੋਇਡਾ, ਗ੍ਰੇਟਰ ਨੋਇਡਾ, ਗੁਰੂਗ੍ਰਾਮ ਆਦਿ ਇਲਾਕਿਆਂ ਵਿੱਚ ਮੀਂਹ ਕਾਰਨ ਆਵਾਜਾਈ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਅਤੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ।
ਇੱਕ ਅਧਿਕਾਰਤ ਆਦੇਸ਼ ਅਨੁਸਾਰ ਨੋਇਡਾ ਅਤੇ ਗ੍ਰੇਟਰ ਨੋਇਡਾ ਅਤੇ ਫਰੀਦਾਬਾਦ, ਗਾਜ਼ੀਆਬਾਦ ਵਿੱਚ ਪਹਿਲੀ ਕਲਾਸ ਤੋਂ 8ਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸ਼ੁੱਕਰਵਾਰ ਨੂੰ ਬੰਦ ਰਹਿਣਗੇ। ਮੌਸਮ ਵਿਭਾਗ ਨੇ ਇਲਾਕੇ ‘ਚ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਨੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਰਾਸ਼ਟਰੀ ਰਾਜਧਾਨੀ ਵਿੱਚ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਦੌਰਾਨ ਵੀਰਵਾਰ ਨੂੰ ਇੱਕ ਸੜਕ ਦਾ ਇੱਕ ਹਿੱਸਾ ਢਹਿ ਗਿਆ ਸੀ ਅਤੇ ਕਈ ਥਾਵਾਂ ‘ਤੇ ਦਰੱਖ਼ਤ ਉੱਖੜ ਗਏ ਹਨ। ਸੜਕਾਂ ’ਤੇ ਪਾਣੀ ਭਰਨ ਕਾਰਨ ਆਵਾਜਾਈ ਠੱਪ ਹੋ ਗਈ। ਭਾਰਤੀ ਮੌਸਮ ਵਿਭਾਗ (IMD) ਨੇ ‘ਯੈਲੋ ਅਲਰਟ’ ਜਾਰੀ ਕੀਤਾ ਹੈ ਅਤੇ ਅਲੱਗ-ਅਲੱਗ ਥਾਵਾਂ ‘ਤੇ ਭਾਰੀ ਬਾਰਿਸ਼ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਮੀਂਹ ਕਾਰਨ ਕੈਬ ਅਤੇ ਆਟੋਰਿਕਸ਼ਿਆਂ ਦੇ ਕਿਰਾਏ ਵਿੱਚ ਵੀ ਭਾਰੀ ਵਾਧਾ ਹੋਇਆ ਹੈ।