ਕੋਚੀ – ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਯਕੀਨੀ ਰੂਪ ਨਾਲ ਕਾਂਗਰਸ ਦੇ ਪ੍ਰਧਾਨ ਅਹੁਦੇ ਦੀ ਚੋਣ ਲੜਨਗੇ। ਗਹਿਲੋਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਕਾਂਗਰਸ ਪ੍ਰਧਾਨ ਚੁਣੇ ਜਾਣ ਦੀ ਸੂਰਤ ‘ਚ ਉਨ੍ਹਾਂ ਦੇ ਉੱਤਰਾਧਿਕਾਰੀ ਨੂੰ ਲੈ ਕੇ ਕੋਈ ਵੀ ਫ਼ੈਸਲਾ ਪਾਰਟੀ ਦੀ ਮੌਜੂਦਾ ਪ੍ਰਧਾਨ ਸੋਨੀਆ ਗਾਂਧੀ ਵਲੋਂ ਕੀਤਾ ਜਾਵੇਗਾ। ਪਾਰਟੀ ‘ਚ ਏਕਤਾ ‘ਤੇ ਜ਼ੋਰ ਦਿੰਦੇ ਹੋਏ ਗਹਿਲੋਤ ਨੇ ਕਿਹਾ ਕਿ ਭਾਵੇਂ ਜੋ ਵੀ ਚੋਣਾਂ ਜਿੱਤੇ, ਕਾਂਗਰਸ ਨੂੰ ਸਾਰੇ ਪੱਧਰਾਂ ‘ਤੇ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।
ਕਾਂਗਰਸ ਦੀ ਅਗਵਾਈ ਦੇ ਸੰਦਰਭ ‘ਚ ਰਾਹੁਲ ਗਾਂਧੀ ਦੇ ‘ਇਕ ਵਿਅਕਤੀ, ਇਕ ਅਹੁਦਾ’ ਵਾਲੇ ਬਿਆਨ ਅਤੇ ਚੋਣਾਂ ਜਿੱਤਣ ਦੀ ਸੂਰਤ ‘ਚ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਸੰਭਾਵਿਤ ਉੱਤਰਾਧਿਕਾਰੀ ਬਾਰੇ ਪੁੱਛੇ ਜਾਣ ‘ਤੇ ਗਹਿਲੋਤ ਨੇ ਕਿਹਾ ਕਿ ਮੌਜੂਦਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਜਸਥਾਨ ‘ਚ ਪਾਰਟੀ ਮਾਮਲਿਆਂ ਦੇ ਇੰਚਾਰਜ ਅਜੇ ਮਾਕਨ ਇਸ ਸੰਬੰਧ ‘ਚ ਫ਼ੈਸਲਾ ਲੈਣਗੇ।