ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
ਚੜਿੱਕਾਂ ਵਾਲਾ ਇਕਬਾਲ ਸਿੰਘ ਇੱਕ ਆਥਣ ਰੋਜ਼ ਗਾਰਡਨ ‘ਚ ਖਲੋਤਾ ਆਖ ਰਿਹਾ ਸੀ, ”ਇਹ 1970-71 ਦੀਆਂ ਗੱਲਾਂ ਨੇ, ਹਰਚਰਨ ਬਰਾੜ ਜੀਪ ‘ਚ ਕੁੱਤਿਆਂ ਨੂੰ ਸੈਰ ਕਰਵਾਉਂਦਾ ਹੁੰਦਾ ਸੀ, ਅਤੇ ਅਸੀਂ ਕਾਲਜੀਏਟ ਮੁੰਡੇ ਹਸਦੇ ਹੁੰਦੇ ਸਾਂ ਕਿ ਸਾਡੇ ਨਾਲੋਂ ਤਾਂ ਬਰਾੜ ਦੇ ਕੁੱਤੇ ਈ ਚੰਗੇ ਆ ਜੋ ਜੀਪਾਂ ‘ਚ ਸੈਰਾਂ ਕਰਦੇ ਆ, ਅਤੇ ਅਸੀਂ ਸੜਕਾਂ ‘ਤੇ ਧੂੜਾਂ ਫ਼ੱਕਦੇ ਫ਼ਿਰਦੇ ਆਂ।”ਉਹਨੇ ਦਸਿਆ ਕਿ ਲੋਕ ਅਕਸਰ ਕਹਿੰਦੇ ਹੁੰਦੇ ਸਨ ਕਿ ਬਰਾੜ ਦੇ ਕੁੱਤੇ ਤਾਂ ਏਸੀਆਂ ‘ਚ ਸੌਂਦੇ ਨੇ ਅਤੇ ਆਮ ਬੰਦੇ ਨੂੰ ਬਿਜਲੀ ਵਾਲਾ ਪੱਖਾ ਵੀ ਮਸਾਂ ਈ ਥਿਆਉਂਦੈ। ਬਰਾੜ ਇੱਕ ਖ਼ਾਨਦਾਨੀ ਸਰਦਾਰ ਸੀ ਪਰ ਚੁਸਤ ਫ਼ੁਰਤ ਨਹੀਂ ਸੀ ਬਹੁਤਾ।
****
ਬੀਬੀ ਗੁਰਵਿੰਦਰ ਕੌਰ ਬਰਾੜ ਪੰਜਾਬ ਸਰਕਾਰ ‘ਚ ਹਾਊਸਿੰਗ ਬੋਰਡ ਦੀ ਮੰਤਰੀ ਸੀ ਅਤੇ ਉਸ ਵੇਲੇ ਉਹ ਕੈਨੇਡਾ ਦੌਰੇ ‘ਤੇ ਗਈ ਹੋਈ ਸੀ। ਹੋਰਨਾਂ ਮੁਲਕਾਂ ਦੇ ਮੰਤਰੀ ਵੀ ਆਏ ਹੋਏ ਸਨ। ਮੈਨੂੰ ਨੱਥੂ ਵਾਲੇ ਅੰਕਲ ਗੁਰਦਿੱਤ ਸਿੰਘ ਬਰਾੜ ਨੇ ਵੈਨਕੂਵਰ ਤੋਂ ਫ਼ੋਨ ਕਰ ਕੇ ਦੱਸਿਆ, ”ਨਿੰਦਰ ਬੇਟਾ ਸਾਡੇ ਕੋਲ ਬੀਬੀ ਬਰਾੜ ਓਦੋਂ ਵੈਨਕੂਵਰ ਘਰ ਵੀ ਆਏ ਅਤੇ ਉਨਾਂ ਦੀ ਅਸੀਂ ਬੜੀ ਟਹਿਲ ਸੇਵਾ ਕੀਤੀ ਅਤੇ ਘੁੰਮਾਇਆ ਫ਼ਿਰਾਇਆ ਵੀ ਬਥੇਰਾ।”ਬੀਬੀ ਰਾਣੋ ਜੀ ਸੁਭਾਓ ਦੀ ਚੰਗੀ ਸੀ, ਕੈਰੋਆਂ ਦੀ ਧੀ ਸੀ। ਜਦ ਵਾਪਿਸ ਜਾਣ ਲੱਗੇ ਤਾਂ ਬੀਬੀ ਜੀ ਕਹਿੰਦੇ, ”ਗੁਰਦਿੱਤ ਜੀ, ਜਦੋਂ ਵੀ ਇੰਡੀਆ ਆਏ ਤਾਂ ਸਾਨੂੰ ਮਿਲ ਕੇ ਆਇਓ।”ਵਾਪਿਸ ਇੰਡੀਆ ਆ ਕੇ ਉਨਾਂ ਬਰਾੜ ਸਾਹਬ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਗੁਰਦਿੱਤ ਸਿੰਘ ਹੁਰਾਂ ਦਾ ਪਰਿਵਾਰ ਬੜਾ ਚੰਗਾ ਹੈ, ਬੜੀ ਸੇਵਾ ਕੀਤੀ ਉਨਾਂ ਨੇ।
ਆਖਿਰ, ਦੇਰ ਬਾਅਦ ਜਦ ਗੁਰਦਿੱਤ ਸਿੰਘ ਇੰਡੀਆ ਆਇਆ ਤਾਂ ਉਸ ਦੇ ਕੋਈ ਖ਼ਾਸ ਰਿਸ਼ਤੇਦਾਰ ਨੇ ਆਣ ਆਖਿਆ, ”ਬਾਈ ਜੀ, ਆਪਣਾ ਮੁੰਡਾ ਸਿਪਾਹੀ ਆ ਅਤੇ ਹੌਲਦਾਰ ਬਣਵਾ ਦਿਓ ਕਿਸੇ ਨੂੰ ਕਹਿ ਕੁਹਾ ਕੇ। ਓਦੋਂ ਪੰਜਾਬ ਦਾ DGP ਨਹੀ ਸੀ ਹੁੰਦਾ ਸੀ ਅਤੇ ਕੇਵਲ ਇੱਕ IG ਦੀ ਪੋਸਟ ਹੀ ਹੁੰਦੀ ਸੀ। IG ਭਗਵਾਨ ਸਿੰਘ ਦਾਨੇਵਾਲੀਆ ਸੀ ਜੋ ਬਾਦਲ ਪਰਿਵਾਰ ਦਾ ਕਰੀਬੀ ਰਿਸ਼ਤੇਦਾਰ ਸੀ ਅਤੇ ਸਰਕਾਰ ਵੀ ਬਾਦਲ ਦੀ ਹੀ ਸੀ। ਗੁਰਦਿੱਤ ਸਿੰਘ ਦੀ ਵੀ ਦਾਨੇਵਾਲੀਆ ਪਰਿਵਾਰ ‘ਚ ਸਕੀਰੀ ਪੈਂਦੀ ਸੀ ਕਿਉਂਕਿ ਦਾਨੇਵਾਲੀਆ ਦਾ ਭਤੀਜਾ ਗੁਰਦਿੱਤ ਕੇ ਪਿੰਡ ਨੱਥੂ ਵਾਲੇ ਉਨਾਂ ਦੇ ਸਕਿਆਂ ਦੇ ਹੀ ਵਿਆਹਿਆ ਹੋਇਆ ਸੀ। ਜਾਣ ਪਛਾਣ ਚੋਖੀ ਸੀ ਉਨਾਂ ਦੀ।
ਇਸੇ ਰਿਸ਼ਤੇਦਾਰੀ ਦੀ ਝਾਕ ‘ਚ ਉਹ ਦੋਵੇਂ ਜਣੇ ਅਤੇ ਨਾਲ ਕੰਮ ਵਾਲਾ ਵੀ ਮੁੰਡਾ ਵੀ, ਚੰਡੀਗੜ੍ਹ ਦਾਨੇਵਾਲੀਆ ਦੀ ਕੋਠੀ ਜਾ ਮੂਹਰੇ ਜਾ ਪੁੱਜੇ। ਦਾਨੇਵਾਲੀਆ ਦੀ ਪਤਨੀ ਨੇ ਘਰ ਦੇ ਗੇਟ ਤੋਂ ਹੀ ਮੋੜਦਿਆਂ ਆਖਿਆ, ”ਸਰਦਾਰ ਜੀ ਨੂੰ ਸੈਕਟਰੀਏਟ ਜਾ ਕੇ ਮਿਲ ਲੋ, ਉਹ ਘਰੇ ਨੀ ਕਿਸੇ ਨੂੰ ਮਿਲਦੇ ਹੁੰਦੇ।”ਉਹਨਾਂ ਦਾ ਮਨ ਟੁੱਟ ਗਿਆ ਅਤੇ ਸੋਚਿਆ ਕਿ ਇਹ ਟੱਟੂ ਦੀ ਰਿਸ਼ਤੇਦਾਰੀ ਹੋਈ ਕਿ ਬੀਬੀ ਨੇ ਫ਼ਿਟੇ ਮੂੰਹ ਵੀ ਨਾ ਆਖਿਆ, ਪਾਣੀ-ਧਾਣੀ ਕੀ ਸੁਆਹ ਪਿਆਉਣਾ ਸੀ, ਬੂਹੇ ਤੋਂ ਈ ਮੋੜਤਾ! ਉਹਨਾਂ ਦੇ ਮਨ ਮਸੋਸੇ ਗਏ। ਸੈਕਟਰ ਸੋਲਾਂ ਦੀਆਂ ਸੜਕਾਂ ‘ਤੇ ਤੁਰੇ ਜਾਂਦਿਆਂ ਨੂੰ ਚੇਤਾ ਆਇਆ ਕਿ ਜਦ ਬੀਬੀ ਗੁਰਵਿੰਦਰ ਕੌਰ ਜੀ ਕੈਨੇਡਾ ਗਏ ਸੀ ਤਾਂ ਵੈਨਕੂਵਰ ਫ਼ੇਰੀ ਸਮੇਂ ਉਹ ਕਹਿ ਕੇ ਆਏ ਸੀ ਕਿ ਜਦੋਂ ਇੰਡੀਆ ਆਏ ਤਾਂ ਮਿਲਣਾ ਆ ਕੇ। ਉਸ ਸਮੇਂ ਹਰਚਰਨ ਸਿੰਘ ਬਰਾੜ ਹਰਿਆਣਾ ਦੇ ਗਵਰਨਰ ਸਨ। ਇਹ ਉਨਾਂ ਨੂੰ ਮਿਲਣ ਵਾਸਤੇ ਹਰਿਆਣਾ ਦੇ ਗਵਰਨਰ ਹਾਊਸ ਚਲੇ ਗਏ। ਸੈਕਿਓਰਿਟੀ ਵਾਲਿਆਂ ਨੂੰ ਦੱਸਿਆ ਕਿ ਬੀਬੀ ਜੀ ਨੂੰ ਸੁਨੇਹਾ ਲਾ ਦਿਓ ਕਿ ਕੈਨੇਡਾ ਤੋਂ ਗੁਰਦਿੱਤ ਬਰਾੜ ਆਇਆ ਐ। ਸੁਨੇਹਾ ਮਿਲਦਿਆਂ ਹੀ ਬੀਬੀ ਜੀ ਨੇ ਉਨਾਂ ਨੂੰ ਝਟ ਪਟ ਅੰਦਰ ਸੱਦ ਲਿਆ ਅਤੇ ਆਮਲੇਟ ਅਤੇ ਪਰੌਂਠੇ ਖੁਵਾਏ ਤੇ ਖੂਬ ਚਾਹ ਪਾਣੀ ਵੀ ਪਿਲਾਇਆ।
ਗੱਲਾਂ ਬਾਤਾਂ ਬਹੁਤ ਕੀਤੀਆਂ ਅਤੇ ਕੈਨੇਡਾ ਵਾਲਿਆਂ ਸਾਰਿਆਂ ਦੀ ਖੈਰ ਸੁਖ ਪੁੱਛੀ। ਬੀਬੀ ਜੀ ਨੇ ਪੁੱਛਿਆ ਕਿ ਕੋਈ ਸੇਵਾ ਦਸੋ, ਕੋਈ ਕੰਮ ਐ ਬਾਈ ਜੀ? ਗੁਰਦਿੱਤ ਸਿੰਘ ਨੇ ਸਿਪਾਹੀ ਤੋਂ ਹੌਲਦਾਰ ਬਣਾਉਣ ਵਾਲਾ ਕੰਮ ਦੱਸਿਆ ਤਾਂ ਬੀਬੀ ਜੀ ਨੇ ਆਪਣਾ ਇੱਕ ਖ਼ਾਸ ਬੰਦਾ ਉਨ੍ਹਾਂ ਨਾਲ ਭੇਜ ਕੇ ਕਿਹਾ ਕਿ ਆਹ ਨਾਲ ਕੈਂਪ ਆਫ਼ਿਸ ‘ਚ ਬਰਾੜ ਸਾਹਬ ਕੋਲ ਲੈ ਕੇ ਜਾ ਇਨਾਂ ਨੂੰ ਅਤੇ ਹੁਣੇ ਕੰਮ ਕਰਵਾ ਇਨਾਂ ਦਾ। ਅਗਾਂਹ ਗਏ ਤਾਂ ਬਰਾੜ ਸਾਹਿਬ ਕੋਲ ਕੁੱਝ ਅਫ਼ਸਰ ਬੈਠੇ ਹੋਏ ਸਨ ਅਤੇ ਬਰਾੜ ਸਾਹਿਬ ਫ਼ਾਈਲਾਂ ‘ਤੇ ਦਸਖ਼ਤ ਕਰ ਰਹੇ ਸਨ। ਗਵਰਨਰ ਸਾਹਿਬ ਦੀਆਂ ਮੁੱਛਾਂ ਐਨ ਪੂਰੀਆਂ ਖੜ੍ਹੀਆਂ ਸਨ। ਬੜੀ ਖ਼ੂਬਸੂਰਤ ਪੱਗ ਬੰਨ੍ਹੀ ਹੋਈ ਸੀ ਉਨ੍ਹਾਂ ਨੇ ਅਤੇ ਬਦਾਮੀ ਰੰਗਾ ਕੋਟ ਪੈਂਟ ਪਹਿਨੇ ਹੋਏ ਸਨ। ਕਾਲੇ ਬੂਟ ਲਿਸ਼ਕ ਰਹੇ ਸਨ। ਪੂਰੀ ਟੌਹਰ ਸੀ ਗਵਰਨਰ ਹਰਚਰਨ ਸਿੰਘ ਸਾਹਿਬ ਦੀ। ਅਫ਼ਸਰਾਂ ਤੋਂ ਵਿਹਲੇ ਹੋ ਕੇ ਬਰਾੜ ਸਾਹਬ ਉਨਾਂ ਨੂੰ ਪੁਛਦੇ, ”ਹੁਣ ਸੁਣਾਓ ਬਈ, ਕੈਨੇਡਾ ਦੀਆਂ ਗੱਲਾਂ ਬਾਤਾਂ ਅਤੇ ਨਾਲੇ ਆਪਣਾ ਕੰਮ ਦਸੋ ਕੀ ਐ? ”ਗੁਰਦਿੱਤ ਸਿੰਘ ਨੂੰ ਪੁਛਿਆ, ”ਤੇਰਾ ਪਿੰਡ ਓਹੀ ਨੱਥੂ ਵਾਲਾ ਐ ਜਿਥੋਂ ਦਾ ਈਸ਼ਰ ਸੀ ਮੂੰਗਲੀ ਸਿਟਦਾ ਹੁੰਦਾ ਸੀ, ਮੈਂ ਜਗਰਾਵਾਂ ਦੀ ਰੋਸ਼ਨੀ ਦੇ ਮੇਲੇ ‘ਤੇ ਬੜੀ ਵਾਰੀ ਵੇਖਿਆ ਸੀ ਮੂੰਗਲੀ ਸਿਟਦਿਆਂ ਉਹਨੂੰ। ਗੁਰਦਿੱਤ ਨੇ ਦੱਸਿਆ ਕਿ ਹਾਂਜੀ ਉਹੀ ਐ ਜੀ ਈਸ਼ਰ ਸਿੰਘ ਵਾਲਾ ਪਿੰਡ ਮੇਰਾ। ਬਰਾੜ ਸਾਹਿਬ ਖ਼ੁਸ਼ ਹੋ ਗਏ ਅਤੇ ਉਨਾਂ ਪਿੰਡ ਦੇ ਕੁੱਝ ਹੋਰ ਖ਼ਾਸ ਖ਼ਾਸ ਜਾਣੂ ਬੰਦਿਆਂ ਦੇ ਨਾਂ ਵੀ ਲਏ। ਆਖਣ ਲੱਗੇ, ”ਗੱਲਾਂ ਈ ਕਰੀ ਜਾਨੇ ਆਂ … ਚਾਹ ਵੀ ਪੀ ਲਓ ਹੁਣ।”ਉਨ੍ਹਾਂ ਕਿਹਾ, ”ਚਾਹ ਪਾਣੀ ਬੀਬੀ ਜੀ ਨੇ ਪਿਲਾ ਦਿੱਤਾ ਹੈ, ਬਸ ਆਪਣਾ ਆਹ ਇੱਕ ਕੰਮ ਕਰ ਦਿਓ ਅਤੇ ਏਹ ਮੁੰਡਾ ਵੀ ਆਪਣੇ ਇਲਾਕੇ ਤੋਂ ਵਾਂਦਰ ਜਟਾਣੇ ਪਿੰਡੋਂ ਆ, ਪਰਮੋਟ ਕਰਨਾ ਐ।”ਉਨ੍ਹਾਂ ਨੇ ਸੁਣਦੇ ਸਾਰ ਕਾਗ਼ਜ਼ ‘ਤੇ ਨਾਂ ਵਗੈਰਾ ਨੋਟ ਕੀਤਾ ਅਤੇ ਤੁਰੰਤ ਸੈਕਟਰੀ ਨੂੰ ਫ਼ੋਨ ਮਿਲਾਉਣ ਲਈ ਆਖਿਆ। ਫ਼ੋਨ ‘ਤੇ ਸਬੰਧਤ ਪੁਲੀਸ ਅਫ਼ਸਰ ਨੂੰ ਕਹਿੰਦੇ, ”ਇਨ੍ਹਾਂ ਦਾ ਮੁੰਡਾ ਹੌਲਦਾਰ ਪਰਮੋਟ ਕਰ ਦਿਓ … ਸਪੈਸ਼ਲ ਕੋਟੇ ‘ਚ, ਹੁਣੇ ਆ ਰਹੇ ਆਪ ਕੋਲ।”ਗਵਰਨਰ ਸਾਹਿਬ ਦੀ ਘੂੰ ਘੂੰ ਕਰਦੀ ਗੱਡੀ ਪੁਲੀਸ ਹੈੱਡਕੁਆਰਟਰ ਲੈ ਵੜੀ ਅਤੇ ਘੰਟੇ ਕੁ ‘ਚ ਹੀ ਮੁੰਡਾ ਸਿਪਾਹੀ ਤੋਂ ਹੌਲਦਾਰ ਦੇ ਆਰਡਰ ਹੱਥਾਂ ‘ਚ ਲੈ ਕੇ ਬਾਗੋਬਾਗ ਹੋ ਰਿਹਾ ਸੀ। ਉਹ ਬੜੇ ਖ਼ੁਸ਼ ਹੋਏ ਕਿ ਕਮਾਲ ਈ ਹੋਗੀ। ਮੂੰਹ ਮਿੱਠਾ ਕਰਵਾਉਣ ਗਵਰਨਰ ਹਾਊਸ ਇਹ ਫ਼ਿਰ ਚਲੇ ਗਏ। ਸਾਹਬ ਆਖਣ ਲੱਗੇ ਕਿ ਗੁਰਦਿੱਤ ਸਿੰਘ ਜਦ ਵੀ ਇੰਡੀਆ ਆਇਆ ਕਰੋ ਤਾਂ ਮਿਲਿਆ ਕਰੋ।
***
ਫ਼ਿਰ ਜਦ ਬਰਾੜ ਸਾਹਬ ਬੀਮਾਰ ਹੋਏ ਤਾਂ ਗੁਰਦਿੱਤ ਸਿੰਘ ਕੈਨੇਡਾ ਤੋਂ ਆਇਆ ਹੋਇਆ ਸੀ। ਮਿਲਣ ਲਈ ਗਿਆ। ਲੰਮੇ ਪਏ ਹੋਏ ਸਨ, ਉਠ ਕੇ ਬਹਿ ਗਏ। ਗੱਲਾਂ ਕਰਦੇ ਰਹੇ ਅਤੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਦਾ ਹਾਲ-ਚਾਲ ਪੁੱਛਣ ਲੱਗੇ। ਬੋਲੇ, ”ਆਪਣੇ ਬੰਦਿਆਂ ਨੇ ਉਥੇ ਜਾ ਕੇ ਬੜੀ ਸਖ਼ਤ ਮਿਹਨਤ ਕੀਤੀ ਐ ਗੁਰਦਿੱਤ ਸਿੰਆ।”ਫ਼ਿਰ ਪੁੱਛਿਆ ਕਿ ਕੰਮ ਤਾਂ ਨਹੀ ਐ ਕੋਈ? ਉਨ੍ਹਾਂ ਕਿਹਾ, ”ਬਸ ਜੀ, ਮੈਂ ਤਾਂ ਸਿਰਫ਼ ਹਾਲ ਚਾਲ ਪਤਾ ਕਰਨ ਆਇਆ ਸੀ ਆਪ ਜੀ ਦਾ।”ਗੁਰਦਿੱਤ ਸਿੰਘ ਨੇ ਦੱਸਿਆ, ”ਉਨਾਂ ਦੇ ਬੀਮਾਰ ਹੋਣ ਕਾਰਨ ਅਤੇ ਵਧਦੀ ਉਮਰ ਕਰ ਕੇ ਹੁਣ ਪਹਿਲਾਂ ਵਾਲੀ ਟੌਹਰ ਨੀ ਸੀ ਰਹੀ ਅਤੇ ਲੋਕਾਂ ਨਾਲ ਮੇਲ-ਜੋਲ ਵੀ ਘਟ ਗਿਆ ਸੀ। ਲੋਕ ਇਹ ਵੀ ਸੋਚਣ ਲੱਗ ਪਏ ਸੀ ਕਿ ਮਿਲਣਾ ਤਾਂ ਹੈਨੀ ਉਨ੍ਹਾਂ, ਛਡੋ ਪਰੇ, ਕੀ ਜਾਣਾ ਐ? ਪਰ ਬਹੁਤੇ ਨੇੜਲੇ ਤੇ ਚਹੇਤੇ ਤਾਂ ਉਨਾਂ ਨੂੰ ਮਿਲਦੇ -ਗਿਲਦੇ ਹੀ ਰਹਿੰਦੇ ਸਨ।
ਗੁਰਦਿੱਤ ਸਿੰਘ ਬਰਾੜ ਨੇ ਇਹ ਗੱਲਾਂ ਦੱਸ ਕੇ ਭਰੇ ਮਨ ਪਾਲ ਫ਼ੋਨ ਬੰਦ ਕੀਤਾ।
(ਖ਼ਤਮ)