ਇੱਕ ਸ਼ਖਸ ਮੰਡਲੋਈ ਸਾਹਿਬ
ਕੋਈ ਮਹਾਨ ਵਿਅਕਤੀ ਹੀ ਬਣਦਾ ਹੈ ਭਾਰਤ ‘ਚ ਰੇਡੀਓ ਅਤੇ ਦੂਰਦਰਸ਼ਨ ਦਾ ਡਾਇਰੈਕਟਰ ਜਨਰਲ। ਸਾਡੇ ਵਰਗੇ ਛੋਟੇ-ਮੋਟੇ ਬੰਦੇ ਤਾਂ ਆਪੋ -ਆਪਣੇ ਕੇਂਦਰਾਂ ‘ਤੇ ਬੈਠੇ ਇਨ੍ਹਾਂ ਵੱਡੇ ਬੰਦਿਆਂ ਦੇ ਦਸਤਖ਼ਤ ਕੀਤੇ ਹੋਏ ਆਰਡਰ ਹੀ ਪੜ੍ਹਦੇ ਹਾਂ। ਪਰ ਸ਼ਿਮਲਾ ਵਾਲਿਆਂ ਨੂੰ ਉਨ੍ਹਾਂ ਨੂੰ ਮਿਲਣ ਦਾ ਸ਼ਰਫ਼ ਹਾਸਿਲ ਹੋ ਹੀ ਜਾਂਦਾ ਹੈ। ਕਿਸੇ ਨਾ ਕਿਸੇ ਬਹਾਨੇ ਸ਼ਿਮਲੇ ਆਉਣਾ ਹੋ ਜਾਂਦਾ ਹੈ ਸਾਰਿਆਂ ਦਾ। ਖਿੱਚ ਹੀ ਏਨੀ ਹੈ ਇਸ ਪਹਾੜਾਂ ਦੀ ਰਾਣੀ ਦੀ। ਧਰਮਸ਼ਾਲਾ ਵੀ ਆਉਂਦੇ ਸਨ ਰੇਡੀਓ/ਦੂਰਦਰਸ਼ਨ ਦੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਅਫ਼ਸਰ। ਇੱਕ ਵਾਰ ਮਿਨਿਸਟਰੀ ਔਫ਼ ਬ੍ਰੌਡਕਾਸਟਿੰਗ ਦੇ ਇੱਕ ਸੈਕਸ਼ਨ ਅਫ਼ਸਰ ਆਏ ਸਨ ਧਰਮਸ਼ਾਲਾ, ਅਤੇ ਜਾਂਦੇ ਹੋਏ ਉਹ ਕਹਿਣ ਲੱਗੇ, ”ਕਦੇ ਕੋਈ ਕੰਮ ਹੋਵੇ ਤਾਂ ਦੱਸਣਾ।”ਮੈਂ ਉਨ੍ਹਾਂ ਨੂੰ ਆਪਣੀ ਅਤੇ ਆਪਣੇ ਪਤੀ ਦੀ ਸ਼ਿਮਲਾ ਬਦਲੀ ਦਾ ਸਵਾਲ ਪਾ ਦਿੱਤਾ। ਉਨ੍ਹਾਂ ਕਿਹਾ, ”ਕੋਈ ਗੱਲ ਹੀ ਨਹੀਂ, ਅਰਜ਼ੀ ਬਣਾ ਕੇ ਭੇਜ ਦੇਣਾ ਇਸ ਪਤੇ ‘ਤੇ।”ਸੋ, ਅਸੀਂ ਦੋਵਾਂ ਨੇ ਰਿਕੁਐੱਸਟ ਲੈਟਰ ਭੇਜ ਦਿੱਤੀ ਅਤੇ ਪਹੁੰਚ ਗਏ ਅਸੀਂ ਵੀ ਸ਼ਿਮਲਾ।
****
ਓਦੋਂ ਚੰਦਰਚੂਹੜ ਦੀਆਂ ਪਹਾੜੀਆਂ ‘ਤੇ ਟਰਾਂਸਮੀਟਰ ਲਾਉਣ ਦੀ ਗੱਲ ਹੋ ਰਹੀ ਸੀ, ਅਤੇ ਵੱਡੇ ਵੱਡੇ ਅਫ਼ਸਰ ਆਉਣੇ ਸਨ ਦਿੱਲੀ ਤੋਂ। ਸ਼ਿਮਲਾ ਤੋਂ ਉਪਾਧਿਆਇ ਸਰ, ਜਗੋਤਾ ਸਰ ਅਤੇ ਮੈਂ ਟੂਰ ‘ਤੇ ਸਨ। ਭੰਗਿਆਨੀ ਦੇਵੀ ਦੇ ਮੰਦਰ ਦੇ ਵਿਹੜੇ ‘ਚ ਖੜ੍ਹੇ ਹੋ ਕੇ ਪਹਾੜੀਆਂ ਦਾ ਪੂਰਾ ਵਿਊ ਦਿਖਾਉਣਾ ਸੀ ਦਿੱਲੀ ਵਾਲਿਆਂ ਨੂੰ ਅਸਾਂ। ਮੇਰੀ ਸਮੱਸਿਆ ਡੇਢ ਸੌ ਪੌੜੀਆਂ ਚੜ੍ਹਨ ਦੀ ਸੀ। ਮੈਂ ਉਨ੍ਹਾਂ ਸਾਰਿਆਂ ਦੇ ਨਾਲ ਤਾਂ ਨਹੀਂ ਸੀ ਚੜ੍ਹ ਸਕਦੀ ਪੌੜੀਆਂ। ਨਾਹਨ ਤੋਂ ਮੰਦਰ ਤਕ ਆਉਂਦੇ ਮੈਂ ਆਪਣੇ ਡਰਾਈਵਰ ਨੂੰ ਕਿਹਾ ਕਿ ਉਹ ਮੈਨੂੰ ਉਨ੍ਹਾਂ ਸਭ ਤੋਂ ਘੱਟੋ-ਘੱਟ ਅੱਧਾ ਘੰਟਾ ਪਹਿਲਾਂ ਮੰਦਰ ਪਹੁੰਚਾ ਦੇਵੇ। ਜਦੋਂ ਸਾਰੀ ਟੀਮ ਮੰਦਰ ਆਈ, ਮੈਂ ਉਨ੍ਹਾਂ ਦੇ ਸਵਾਗਤ ਲਈ ਉੱਥੇ ਮੂਹਰੇ ਖੜ੍ਹੀ ਸੀ। ਬ੍ਰਿਜੇਸ਼ਵਰ ਸਰ ਕਹਿੰਦੇ, ”ਅਸੀਂ ਤੁਹਾਨੂੰ ਰਸਤੇ ‘ਚ ਲੱਭਦੇ ਆ ਰਹੇ, ਤੁਸੀਂ ਤਾਂ ਇੱਥੇ ਖੜ੍ਹੇ ਹੋ।”
ਰੇਡੀਓ ਦੇ ਡਾਇਰੈਕਟਰ ਜਨਰਲ ਮੰਡਲੋਈ ਸਾਹਿਬ ਸ਼ਿਮਲਾ ਅਕਸਰ ਆਉਂਦੇ ਰਹਿੰਦੇ ਸਨ। ਹਿੰਦੀ ਦੇ ਸਾਹਿਤਕਾਰਾਂ ਨਾਲ ਬੜਾ ਭਾਈਚਾਰਾ ਸੀ ਉਨ੍ਹਾਂ ਦਾ। 2012 ‘ਚ ਉਨ੍ਹਾਂ ਨੇ ਮੈਨੂੰ ਦੋ ਦਿਨ ਦਾ ਸਾਹਿਤਕ ਸੰਮੇਲਨ ਗੇਅਟੀ ‘ਚ ਆਯੋਜਿਤ ਕਰਵਾਉਣ ਲਈ ਕਿਹਾ। ਪਹਿਲਾ ਦਿਨ ਕਵਿਤਾ ਦਾ ਸੀ ਅਤੇ ਦੂਜਾ ਦਿਨ ਕਹਾਣੀ ਨੂੰ ਸਮਰਪਿਤ ਸੀ। ਪਹਾੜਾਂ ਦੇ ਕਵੀ ਤੇ ਕਹਾਣੀਕਾਰ ਬੁਲਾਉਣੇ ਸਨ, ਭਾਵੇਂ ਉਹ ਕਿਤੇ ਵੀ ਰਹਿੰਦੇ ਹੋਣ। ਬੜੀਆਂ ਰੌਣਕਾਂ ਲੱਗੀਆਂ ਸਨ ਮਾਲਰੋਡ ‘ਤੇ, ਪਰ ਮੇਰਾ ਦਿਲ ਕਰ ਰਿਹਾ ਪਹਿਲਾਂ ਇੱਕ ਹੋਰ ਵੱਡੇ ਸਾਹਬ ਦੀ ਗੱਲ ਕਰ ਲਵਾਂ, ਇਹ ਗੱਲ ਬਾਅਦ ‘ਚ ਪੂਰੀ ਕਰਦੀ ਹਾਂ।
***
ਚੰਡੀਗੜ੍ਹ ਕਮਰਸ਼ੀਅਲ ਸਟੇਸ਼ਨ ਹੈ, ਉਹ ਪੂਰੇ ਨੌਰਥ ਜ਼ੋਨ ਦੀਆਂ ਮਾਰਕੀਟਿੰਗ ਅਤੇ ਕਮਰਸ਼ਲ ਕਾਰਗੁਜ਼ਾਰੀਆਂ ਦਾ ਧਿਆਨ ਰੱਖਦੈ। ਪ੍ਰੋਗਰਾਮ ਚੱਲਦੇ ਹਨ, ਪਰ ਜ਼ਿਆਦਾ ਜ਼ੋਰ ਗੀਤ ਸੰਗੀਤ ‘ਤੇ ਰਹਿੰਦਾ ਹੈ। ਮੈਂ 2008 ‘ਚ ਪ੍ਰੋਗਰਾਮ ਇੰਚਾਰਜ ਸੀ ਉੱਥੇ, CEO (ਚੀਫ਼ ਐਗਜੈਕਟਿਵ ਅਫ਼ਸਰ) ਪ੍ਰਸਾਰ ਭਾਰਤੀ ਟੂਰ ‘ਤੇ ਆਏ। ਕੇਂਦਰ ਸਰਕਾਰ ਦੇ ਬਹੁਤ ਸਾਰੇ ਬੁਲਾਰੇ ਵੀ ਸਨ ਉਸ ਮੀਟਿੰਗ ਵਿੱਚ। ਮੇਰੇ ਕੋਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਸਮੀਖਿਆ ਦੀ ਪ੍ਰੋਗਰਾਮਾਂ ਦੀ ਰਿਪੋਰਟ ਮੰਗੀ ਗਈ। ਮੇਰਾ ਜਵਾਬ ਸੀ ਕਿ ਚੰਡੀਗੜ੍ਹ ਸਟੇਸ਼ਨ ਦਾ ਨਾਂ ਉਨ੍ਹਾਂ ਸਟੇਸ਼ਨਾਂ ਦੀ ਲਿਸਟ ‘ਚ ਨਹੀਂ ਜਿੰਨ੍ਹਾਂ ਇਹ ਪ੍ਰੋਗਰਾਮ ਕਰਨੇ ਹਨ। ਲਾਲੀ ਸਰ ਨੂੰ ਮੇਰੀ ਗੱਲ ਬਹੁਤ ਬੁਰੀ ਲੱਗੀ। ਮੈਂ ਲਿਸਟ ਦਿਖਾਈ ਤਾਂ ਜਾ ਕੇ ਉਹ ਸ਼ਾਂਤ ਹੋਏ। ਉਨ੍ਹਾਂ ਨੇ ਰੇਡੀਓ ਤੇ ਦੂਰਦਰਸ਼ਨ ਨੂੰ ਬਹੁਤ ਉੱਚਾਈਆਂ ‘ਤੇ ਪੁਚਾਇਆ, ਪਰ ਮੇਰੀ ਇੱਕੋ ਇੱਕ ਮੁਲਾਕਾਤ ਉਨ੍ਹਾਂ ਨਾਲ ਅਸਹਿਜ ਰਹੀ। ਤੇ ਹਾਂ, ਮੰਡਲੋਈ ਸਾਹਿਬ ਦੀ ਗੱਲ ਨਾਲ ਹੀ ਇਸ ਐਪੀਸੋਡ ਨੂੰ ਖ਼ਤਮ ਕਰਨਾ ਚਾਹਾਂਗੀ। ਪਹਿਲੇ ਦਿਨ ਦਾ ਸੰਚਾਲਨ ਤੁਲਸੀ ਰਮਨ ਕਰ ਰਹੇ ਸਨ ਅਤੇ ਸੈਸ਼ਨ ਬਹੁਤ ਵਧੀਆ ਰਿਹਾ। ਸ਼ਾਮ ਦੇਰ ਤੱਕ ਸਾਰੇ ਸਾਹਿਤਕਾਰ ਮਾਲਰੋਡ ‘ਤੇ ਘੁੰਮਦੇ ਰਹੇ। ਤੁਲਸੀ ਰਮਨ ਜਾਂਦੇ-ਜਾਂਦੇ ਕਹਿ ਗਏ, ”ਉਹ ਕੱਲ੍ਹ ਨਹੀਂ ਆ ਸਕਣਗੇ।”ਹਾਏ! ਇਹ ਚੁਨੌਤੀ? ਏਨੇ ਘੱਟ ਨੋਟਿਸ ‘ਤੇ ਕਿਸਨੂੰ ਕਹਿੰਦੀ ਮੈਂ ਹੁਣ? , ਸੋ ਕਹਾਣੀ ਸੈਸ਼ਨ ਦਾ ਸੰਚਾਲਨ ਖੁਦ ਕਰਨ ਦਾ ਫ਼ੈਸਲਾ ਕੀਤਾ ਮੈਂ। ਸਾਰੀ ਰਾਤ ਜਾਗ ਕੇ ਨੋਟਿਸ ਬਣਾਏ। ਸਵੇਰੇ ਸਵੇਰੇ ਪਹੁੰਚ ਗਈ ਗੇਅਟੀ। ਸੰਮੇਲਨ ਸ਼ੁਰੂ ਹੋਣ ‘ਚ ਵਕਤ ਸੀ ਕਾਫ਼ੀ। ਮੰਡਲੋਈ ਸਾਹਿਬ ਸਾਰਿਆਂ ਨੂੰ ਬਾਲ ਜੀ ਲੈ ਗਏ। ਕਿਸੇ ਨੇ ਮੇਰੀ ਸ਼ਕਲ ਸੂਰਤ ‘ਤੇ ਟਿੱਪਣੀ ਕਰ ਦਿੱਤੀ। ਬੱਸ ਫ਼ੇਰ ਕੀ ਸੀ, ਮੰਡਲੋਈ ਸਰ ਔਖੇ ਹੋ ਕੇ ਕਹਿੰਦੇ, ”ਕਿਓਂ ਭਾਈ ਸੀਰਤ ਕਿਉਂ ਨਹੀਂ ਦੇਖ ਰਹੇ, ਉਸਕੀ ਪਰਸਨੈਲਿਟੀ ਕੀ ਬਾਤ ਕਰੋ। ਦੇਖੋ, ਸਭ ਕੈਸੇ ਸੰਭਾਲ ਰਹੀ ਹੈ। ਆਜ ਤੋ ਸੰਚਾਲਨ ਭੀ ਯਹੀ ਕਰੇਂਗੀ।”
ਬਹੁਤ ਡਰ ਲੱਗ ਰਿਹਾ ਸੀ, ਕਹਾਣੀ ‘ਤੇ ਗੱਲ ਕਰਨਾ ਸੌਖਾ ਨਹੀਂ ਸੀ ਮੇਰੇ ਲਈ। ਰੇਡੀਓ ‘ਤੇ ਸੰਚਾਲਨ ਕਰਨਾ ਹੋਰ ਗੱਲ ਹੁੰਦੀ ਹੈ। ਸਟੇਜ, ਉਹ ਵੀ ਇਤਿਹਾਸਕ ਗੇਅਟੀ ਦੀ। ਅਤੇ ਇੱਕ ਪੰਜਾਬੀ, ਹਿੰਦੀ ਪ੍ਰਦੇਸ਼ ਵਿੱਚ, ਕਹਿੰਦੇ-ਕਹਾਉਂਦੇ ਕਹਾਣੀਕਾਰਾਂ ਅਤੇ ਸਾਹਿਤਕਾਰਾਂ ਦੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ, ਪਤਾ ਨਹੀਂ ਕੀ ਹੋਣ ਵਾਲਾ ਸੀ। ਖੈਰ, ਤਾੜੀਆਂ ਨਾਲ ਹਾਲ ਗੂੰਜ ਉਠਿਆ। ਸਭ ਤੋਂ ਜ਼ਿਆਦਾ ਤਾਰੀਫ਼ ਸ਼੍ਰੀਨਿਵਾਸ ਜੋਸ਼ੀ ਸਰ ਨੇ ਕੀਤੀ। ਮੰਡਲੋਈ ਸਾਹਿਬ ਮੁਸਕੜੀਆਂ ਹੱਸ ਰਹੇ। ਵਧੀਆ ਨਿਬੜਿਆ ਸਾਰਾ ਕੁੱਝ।
ਫ਼ਿਰ ਉਨ੍ਹਾਂ ਨਾਲ ਅਗਲੀ ਮੁਲਾਕਾਤ ਕੋਚੀ ਦੀ ਕਾਨਫ਼ਰੰਸ ‘ਚ ਹੋਈ। ਲੰਚ ਬਰੇਕ ‘ਚ ਮੇਰੇ ਕੋਲ ਆਏ, ਅਤੇ ਉਨ੍ਹਾਂ ਨੇ ਮੇਰੇ ਪਤੀ ਬਾਰੇ ਪੁਛਿਆ, ”ਮਹਿੰਦਰੂ ਕਹਾਂ ਹੈ ਹੋਟਲ? ਲੰਚ ਸਾਥ ਕਰੇਂਗੇ।”
ਮੈਂ ਦਸਿਆ ਕਿ ਉਹ ਨਹੀਂ ਆਉਣਗੇ। ਉਹ ਚੰਗੇ ਦੋਸਤ ਸਨ ਮਹਿੰਦਰੂ ਜੀ ਦੇ। ਫ਼ਿਰ ਪੁਛਦੇ ਨੇ, ”ਫ਼ਿਰ ਮੈਂ ਮਿਲੂੰਗਾ ਕੈਸੇ, ਸ਼ਾਮ ਕੋ ਹੋਟਲ ਆ ਜਾਏਂ ਆਪ ਖਾਨਾ ਏਕ ਸਾਥ ਖਾਏਂਗੇ।”ਪਰ ਮਹਿੰਦਰੂ ਜੀ ਮੇਰੇ ਰੇਡੀਓ ਕਾਰਜਾਂ ‘ਚ ਦਖਲ ਨਹੀਂ ਸਨ ਦਿੰਦੇ।
****
ਕੋਚੀ ਕਾਨਫ਼ਰੰਸ ਦੀ ਇੱਕ ਗੱਲ ਹਮੇਸ਼ਾ ਯਾਦ ਰਹੇਗੀ। ਉੱਥੇ ਦੂਰਦਰਸ਼ਨ ਕੇਂਦਰ ਨਵਾਂ -ਨਵਾਂ ਖੁੱਲ੍ਹਿਆ ਸੀ। ਉਨ੍ਹਾਂ ਨੇ ਇੱਕ ਡਾਕੂਮੈਂਟਰੀ ਬਣਾਈ ਸੀ। ਤਜਰਬਾ ਨਹੀਂ ਸੀ। ਡੌਕਿਊਮੈਂਟਰੀ ਦਿਖਾਈ ਗਈ ਉਥੇ। ਲੋਕ ਮਜ਼ਾਕ ਉਡਾ ਰਹੇ ਸਨ ਅਤੇ ਹੱਸ ਰਹੇ ਸਨ। ਮੰਡਲੋਈ ਸਾਹਿਬ ਸ਼ਾਂਤੀ ਨਾਲ ਬੈਠੇ ਦੇਖ ਰਹੇ ਸਨ। ਡੌਕਿਊਮੈਂਟਰੀ ਖ਼ਤਮ ਹੋਣ ‘ਤੇ ਸਰ ਉਠੇ। ਉਨ੍ਹਾਂ ਬੋਲਣਾ ਸ਼ੁਰੂ ਕੀਤਾ। ਕਿੱਥੋਂ ਕਿੱਥੋਂ ਗੁਣ ਲੱਭੇ ਉਨ੍ਹਾਂ ਉਸ ਪ੍ਰੋਗਰਾਮ ਦੇ। ਅਸੀਂ ਸਾਰੇ ਸੁਣ ਰਹੇ ਸਾਂ, ਅਸ਼- ਅਸ਼ ਕਰ ਰਹੇ ਸਾਂ। ਉਹ ਚੰਗਿਆਈਆਂ ਲੱਭਣ ‘ਚ ਮਾਹਿਰ। ਬੁਰਾ ਕੁੱਝ ਤਾਂ ਉਨ੍ਹਾਂ ਨੂੰ ਕਦੇ ਕਿਤੇ ਨਜ਼ਰ ਆਇਆ ਹੀ ਨਹੀਂ ਸੀ।
ਬੁਰਾ ਜੋ ਦੇਖਨ ਮੈਂ ਚਲਾ, ਬੁਰਾ ਨਾ ਮਿਲਿਆ ਕੋਇ। ਸਾਡੇ ਵਕਤਾਂ ਦੇ ਕਬੀਰ। ਕਾਲਮ ਲਿਖਦੇ-ਲਿਖਦੇ ਰੁਕ ਕੇ ਫ਼ੋਨ ਕੀਤਾ, ਗੱਲ ਕੀਤੀ ਮੰਡਲੋਈ ਸਾਹਿਬ ਨਾਲ। ਓਹੀ ਖ਼ਲੂਸ, ਓਹੀ ਅੰਦਾਜ਼। ਫ਼ੋਟੋ ਤਾਂ ਨੈੱਟ ਤੋਂ ਵੀ ਮਿਲ ਜਾਣੀ ਸੀ, ਪਰ ਸਰ ਨੂੰ ਕਿਹਾ ਫ਼ੋਟੋ ਭੇਜ ਦੇਵੋ। ਉਸੇ ਵਕਤ ਫ਼ੋਟੋ ਆ ਗਈ। ਚੰਗੇ ਬੰਦੇ ਚੇਤੇ ਦੀ ਚੰਗੇਰ ਦਾ ਸ਼ਿੰਗਾਰ ਹਮੇਸ਼ਾ ਬਣੇ ਰਹਿੰਦੇ ਨੇ, ਇਨਾਂ ਵਿਚੋਂ ਇੱਕ ਨੇ ਸਰ ਮੰਡਲੋਈ ਸਾਹਿਬ।