ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ‘ਚ ਸਾਲ 1984 ਦੌਰਾਨ ਹੋਏ ਸਿੱਖ ਕਤਲੇਆਮ ਵਾਲੇ ਸਾਲ ਪੰਜਾਬੀ ਗਾਇਕ ਅਤੇ ਅਦਾਕਾਰ ਦਾ ਜਨਮ ਹੋਇਆ ਸੀ। ਇਸ ਕਤਲੇਆਮ ਦੌਰਾਨ ਹਜ਼ਾਰਾਂ ਸਿੱਖ ਮਾਰੇ ਗਏ ਸਨ। ਇਸ ਘਟਨਾ ਨੂੰ ਨਸਲਕੁਸ਼ੀ ਦੱਸਦਿਆਂ ਦਿਲਜੀਤ ਨੇ ਕਿਹਾ ਕਿ ਉਹ ਉਸ ਵੇਲੇ ਦੀਆਂ ਦਰਦ ਭਰੀਆਂ ਕਹਾਣੀਆਂ ਸੁਣ ਕੇ ਵੱਡਾ ਹੋਇਆ ਹੈ। ਜਾਣਕਾਰੀ ਅਨੁਸਾਰ ਦਿਲਜੀਤ ਦਾ ਜਨਮ 1984 ‘ਚ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫ਼ਿਲੌਰ ਦੇ ਪਿੰਡ ਦੋਸਾਂਝ ਕਲਾਂ ‘ਚ ਹੋਇਆ ਸੀ। ਉਸ ਦੀ ਹਾਲੀਆ ਫ਼ਿਲਮ ਜੋਗੀ ਦੀ ਕਹਾਣੀ ਸਾਲ 1984 ਦੌਰਾਨ ਦਿੱਲੀ ‘ਚ ਵਾਪਰੇ ਸਿੱਖ ਕਤਲੇਆਮ ਬਾਰੇ ਹੈ।
ਦਿਲਜੀਤ ਨੇ ਕਿਹਾ, ”ਮੈਂ ਬਚਪਨ ‘ਚ ਉਸ ਵੇਲੇ ਦੀਆਂ ਕਹਾਣੀਆਂ ਸੁਣਿਆ ਕਰਦਾ ਸੀ। ਮੈਨੂੰ ਯਕੀਨ ਨਹੀਂ ਹੁੰਦਾ ਸੀ, ਪਰ ਜਦੋਂ ਮੈਂ ਵੱਡਾ ਹੋਇਆ ਤਾਂ ਉਸ ਵੇਲੇ ਦੀਆਂ ਕਿਤਾਬਾਂ ਪੜ੍ਹੀਆਂ ਜਿਨ੍ਹਾਂ ਨੂੰ ਪੜ੍ਹਨ ਮਗਰੋਂ ਮੈਨੂੰ ਅੰਦਾਜ਼ਾ ਹੋਇਆ ਕਿ ਉਹ ਘਟਨਾ ਬਹੁਤ ਦੁਖਦਾਈ ਸੀ। ਹੁਣ ਤਕ ਉਸ ਸਮੇਂ ਨਾਲ ਸਬੰਧਤ ਮੈਂ ਜਿੰਨੀਆਂ ਵੀ ਕਿਤਾਬਾਂ ਪੜ੍ਹੀਆਂ ਅਤੇ ਗੱਲਾਂ ਸੁਣੀਆਂ ਹਨ, ਇਹ ਫ਼ਿਲਮ ਉਨ੍ਹਾਂ ਦਾ ਹੀ ਇੱਕ ਸੁਮੇਲ ਹੈ।”ਜਾਣਕਾਰੀ ਅਨੁਸਾਰ 38 ਸਾਲਾ ਕਲਾਕਾਰ ਨੇ ਗੁਰਦੁਆਰਿਆਂ ‘ਚ ਕੀਰਤਨ ਕਰਨ ਨਾਲ ਗਾਇਕੀ ਦੇ ਖੇਤਰ ‘ਚ ਪੈਰ ਧਰਿਆ ਸੀ। ਅਦਾਕਾਰ ਦਾ ਕਹਿਣਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਮਨਘੜਤ ਨਹੀਂ ਸਗੋਂ ਅਸਲ ਘਟਨਾਵਾਂ ‘ਤੇ ਆਧਾਰਿਤ ਹੈ।