ਮਹਿਲਾ ਮੈਂਬਰਾਂ ਨੂੰ ਸਮਰਪਿਤ ਸੈਸ਼ਨ ਦੇਸ਼ ਲਈ ਉਦਾਹਰਣ ਬਣੇਗਾ: ਯੋਗੀ ਆਦਿੱਤਿਆਨਾਥ

ਲਖਨਊ- ਉੱਤਰ ਪ੍ਰਦੇਸ਼ ਵਿਧਾਨ ਸਭਾ ’ਚ ਵੀਰਵਾਰ ਨੂੰ ਮਹਿਲਾਵਾਂ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਦੀ ਪ੍ਰਸਤਾਵਨਾ ਰੱਖਦੇ ਹੋਏ ਕਿਹਾ ਕਿ ਭਾਰਤ ਦੇ ਸਭ ਤੋਂ ਵੱਡੇ ਵਿਧਾਨ ਸਭਾ ਦਾ ਇਹ ਸੈਸ਼ਨ ਦੇਸ਼ ਦੇ ਸਾਹਮਣੇ ਇਕ ਉਦਾਹਰਣ ਪੇਸ਼ ਕਰੇਗਾ ਕਿ ਆਖ਼ਰਕਾਰ ਮਹਿਲਾ ਮੈਂਬਰ ਕੀ ਬੋਲਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮਹਿਲਾ ਮੈਂਬਰਾਂ ਵੱਲੋਂ ਸੂਬੇ ਦੇ ਭਵਿੱਖ, ਵਰਤਮਾਨ ਅਤੇ ਸਵੈ-ਨਿਰਭਰਤਾ ਸਬੰਧੀ ਕੋਈ ਸਕਾਰਾਤਮਕ ਸੁਝਾਅ ਆਉਂਦਾ ਹੈ ਤਾਂ ਇਹ ਸਰਕਾਰ ਨੂੰ ਲੋੜੀਂਦੇ ਕਦਮ ਚੁੱਕਣ ਵਿਚ ਮਦਦ ਕਰੇਗਾ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਵੀਰਵਾਰ ਦਾ ਸੈਸ਼ਨ ਮਹਿਲਾ ਮੈਂਬਰਾਂ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਦੌਰਾਨ ਘਰ ਵਿਚ ਸਿਰਫ਼ ਮਹਿਲਾ ਮੈਂਬਰ ਹੀ ਆਪਣੀ ਗੱਲ ਰੱਖਣਗੀਆਂ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਦੇਸ਼ ਦੀ ਸਭ ਤੋਂ ਵੱਡੀ ਵਿਧਾਨ ਸਭਾ ਨਵਾਂ ਇਤਿਹਾਸ ਸਿਰਜਣ ਵੱਲ ਵਧ ਰਹੀ ਹੈ। ਆਜ਼ਾਦੀ ਦੇ 75 ਸਾਲਾਂ ਬਾਅਦ ਅੱਧੀ ਆਬਾਦੀ ਦੀ ਆਵਾਜ਼ ਇਸ ਸਦਨ ਰਾਹੀਂ ਸੂਬੇ ਦੀ 25 ਕਰੋੜ ਆਬਾਦੀ ਤੱਕ ਪਹੁੰਚੇਗੀ। ਉਨ੍ਹਾਂ ਨੂੰ ਸੂਬੇ ਦੀਆਂ ਸਮੱਸਿਆਵਾਂ ਅਤੇ ਪ੍ਰਾਪਤੀਆਂ ਤੋਂ ਇਲਾਵਾ ਹੋਰ ਮੁੱਦਿਆਂ ਨੂੰ ਇਸ ਸਦਨ ਵਿਚ ਰੱਖਣ ਦਾ ਮੌਕਾ ਮਿਲੇਗਾ। ਅਸਲ ’ਚ ਇਹ ਕੰਮ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਔਰਤਾਂ ਅਤੇ ਮਰਦਾਂ ਨੂੰ ਬਰਾਬਰੀ ਦਾ ਦਰਜਾ ਦੇਣ ਦੀ ਇਹ ਕੋਸ਼ਿਸ਼ ਪਹਿਲੀ ਵਾਰ ਨਹੀਂ ਹੋ ਰਹੀ। ਆਜ਼ਾਦੀ ਤੋਂ ਬਾਅਦ ਇਸ ਦਿਸ਼ਾ ਵਿਚ ਬਹੁਤ ਵਧੀਆ ਉਪਰਾਲੇ ਕੀਤੇ ਗਏ। ਕਾਫੀ ਤਰੱਕੀ ਵੀ ਹੋਈ ਹੈ।
ਯੋਗੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾਵਾਂ ਨੇ ਸ਼ੁਰੂ ਤੋਂ ਹੀ ਮਰਦਾਂ ਦੇ ਨਾਲ-ਨਾਲ ਔਰਤਾਂ ਨੂੰ ਵੀ ਵੋਟ ਦਾ ਅਧਿਕਾਰ ਦਿੱਤਾ ਸੀ। ਭਾਰਤ ਤੋਂ ਬਾਅਦ ਇੰਗਲੈਂਡ ਅਤੇ ਦੁਨੀਆ ਦੇ ਕਈ ਹੋਰ ਦੇਸ਼ਾਂ ’ਚ ਔਰਤਾਂ ਨੂੰ ਇਹ ਅਧਿਕਾਰ ਮਿਲਿਆ ਹੈ। ਅੱਜ ਸਦਨ ਦੀ ਜੋ ਵੀ ਕਾਰਵਾਈ ਹੋਵੇਗੀ, ਉਹ ਦਸਤਾਵੇਜ਼ ਬਣ ਜਾਵੇਗੀ ਅਤੇ ਜੋ ਲੋਕ 50 ਜਾਂ 100 ਸਾਲ ਬਾਅਦ ਇਸ ਦਸਤਾਵੇਜ਼ ਨੂੰ ਦੇਖਣਗੇ, ਉਨ੍ਹਾਂ ਨੂੰ ਇਸ ਤੋਂ ਪ੍ਰੇਰਨਾ ਮਿਲੇਗੀ। ਉਨ੍ਹਾਂ ਕਿਹਾ ਇਹ ਚਰਚਾ ਸੂਬੇ ਨੂੰ ਨਵੀਂ ਪਛਾਣ ਦੇਵੇਗੀ। ਮੈਂ ਬੇਨਤੀ ਕਰਦਾ ਹਾਂ ਕਿ ਨਿਯਮਾਂ ’ਚ ਢਿੱਲ ਦਿੰਦੇ ਹੋਏ, ਮਹਿਲਾ ਮੈਂਬਰਾਂ ਨੂੰ ਜਿੰਨਾ ਚਿਰ ਉਹ ਚਾਹੁਣ ਚਰਚਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਉਸੇ ਨੂੰ ਪ੍ਰਕਾਸ਼ਿਤ ਕੀਤਾ ਜਾਵੇ।