ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1460

ਤਾਜ਼ੇ ਦੁੱਧ ਦੇ ਮੁਕਾਬਲੇ ਲੌਂਗ-ਲਾਈਫ਼ ਮਿਲਕ ਜਾਂ ਲੰਬੇ ਸਮੇਂ ਤਕ ਚੱਲਣ ਵਾਲੇ ਦੁੱਧ ਦੀ ਖ਼ੁਸ਼ਬੂ ਬਿਲਕੁਲ ਹੀ ਵੱਖਰੀ ਹੁੰਦੀ ਹੈ, ਅਤੇ ਉਸ ਨੂੰ ਪੈਕ ਕਰਨ ਤੋਂ ਪਹਿਲਾਂ 284 ਫ਼ੈਰਨਹਾਈਟ ਜਾਂ 140 ਡਿਗਰੀ ਸੈਲੀਅਸ ਦੇ ਅਲਟਰਾ ਹਾਈ ਟੈਂਪ੍ਰੇਚਰ (UHT) ‘ਤੇ ਦੋ ਤੋਂ ਚਾਰ ਸਕਿੰਟਾਂ ਲਈ ਗਰਮ ਕੀਤਾ ਜਾਂਦਾ ਹੈ ਤਾਂ ਕਿ ਉਸ ਅੰਦਰ ਮੌਜੂਦ ਸਾਰੇ ਜੀਵਾਣੂ-ਕੀਟਾਣੂ ਨਸ਼ਟ ਹੋ ਜਾਣ। ਇਹ ਦੁੱਧ ਛੇ ਮਹੀਨਿਆਂ ਤਕ ਵੀ ਤੁਹਾਡੀ ਕਲੌਜ਼ੈਟ ‘ਚ ਪਿਆ ਖ਼ਰਾਬ ਨਹੀਂ ਹੁੰਦਾ। ਬਹੁਤੇ ਲੋਕ, ਪਰ, ਹਾਲੇ ਵੀ ਤਾਜ਼ੇ ਦੁੱਧ ਦਾ ਸਵਾਦ ਹੀ ਪਸੰਦ ਕਰਦੇ ਨੇ, ਅਤੇ ਕੁਝ ਤਾਂ ਉੱਪਰ ਬਿਆਨ ਕੀਤੇ ਸ਼ੁੱਧ ਕੀਤੇ ਲੌਂਗ-ਲਾਈਫ਼ ਮਿਲਕ ਨੂੰ ਇੰਨਾ ਜ਼ਿਆਦਾ ਨਾਪਸੰਦ ਕਰਦੇ ਹਨ ਕਿ ਉਹ ਅਜਿਹੇ ਦੁੱਧ ਦਾ ਡੱਬਾ ਤਕ ਆਪਣੀ ਕਲੌਜ਼ੈੱਟ ‘ਚ ਰੱਖਣਾ ਪਸੰਦ ਨਹੀਂ ਕਰਦੇ ਕਿ ਮਤਾਂ ਗ਼ਲਤੀ ਨਾਲ ਉਨ੍ਹਾਂ ਤੋਂ ਉਹ ਪੀ ਨਾ ਹੋ ਜਾਏ। ਦੂਜੇ ਪਾਸੇ, ਕੁਝ ਲੋਕ ਇਸ ਵਧੇਰੇ ਹੰਢਣਸਾਰ ਕਿਸਮ ਦੇ ਜ਼ਾਇਕੇ ਨੂੰ ਸੱਚੀ ਪਸੰਦ ਕਰਦੇ ਹਨ। ਇਸ ਵਕਤ ਦੀ ਆਪਣੀ ਤਰਜੀਹੀ ਪਸੰਦ ਅਤੇ ਭਵਿੱਖੀ ਸੁਰੱਖਿਆ ਦੀ ਚਾਹਤ ਦਰਮਿਆਨ ਸੰਤੁਲਨ ਕਾਇਮ ਕਰਨਾ ਹੀ ਤੁਹਾਡੀ ਸਭ ਤੋਂ ਵੱਡੀ ਮੌਜੂਦਾ ਭਾਵਨਾਤਮਕ ਚੁਣੌਤੀ ਹੈ। ਕੋਈ ਵੀ ਸਮਝੌਤਾ ਕਰਨ ਦੀ ਸੋਚ ਤੁਹਾਨੂੰ ਕਤਈ ਪ੍ਰੇਰਿਤ ਨਹੀਂ ਕਰਦੀ, ਪਰ ਸ਼ਾਇਦ ਤੁਹਾਨੂੰ ਛੇਤੀ ਹੀ ਇਹ ਅਹਿਸਾਸ ਹੋਣ ਲੱਗੇਗਾ ਕਿ, ਸੱਚਮੁੱਚ, ਇਹ ਕੋਈ ਐਡੀ ਵੱਡੀ ਕੁਰਬਾਨੀ ਨਹੀਂ।

ਪਰਸੰਗ। ਕਿੱਸੇ-ਕਹਾਣੀਆਂ। ਮਿਥਿਹਾਸ ਅਤੇ ਵੇਦਾਂ-ਪੁਰਾਣਾਂ ਦੀਆਂ ਕਥਾਵਾਂ। ਅਸੀਂ ਇਨ੍ਹਾਂ ਦਾ ਇਸਤੇਮਾਲ ਮਹੱਤਵਪੂਰਣ ਮੁੱਦਿਆਂ ਨੂੰ ਸਮਝਾਉਣ ਲਈ ਮਿਸਾਲਾਂ ਦੇ ਤੌਰ ‘ਤੇ ਕਰਦੇ ਹਾਂ। ਕੁਝ ਚਿਰ ਬਾਅਦ, ਸਾਡੇ ਆਪਣੇ ਅਤੀਤ ਦੀਆਂ ਘਟਨਾਵਾਂ ਵੀ ਇਹੋ ਮੰਤਵ ਪੂਰਾ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਅਸੀਂ ਆਪਣੇ ਅਤੀਤ ‘ਤੇ ਇੱਕ ਪਿੱਛਲ-ਝਾਤ ਮਾਰਦੇ ਹਾਂ ਅਤੇ ਚੇਤੇ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਵਿਚਲੀਆਂ ਮੁਖ਼ਤਲਿਫ਼ ਤਬਦੀਲੀਆਂ ਦਾ ਅੰਤ ‘ਚ ਨਤੀਜਾ ਕੀ ਨਿਕਲਿਆ ਸੀ। ਅਸੀਂ ਫ਼ੈਸਲਾ ਕਰ ਲੈਂਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਇੱਕ ਸਬਕ ਦੇ ਤੌਰ ‘ਤੇ ਯਾਦ ਰੱਖਾਂਗੇ। ਕਈ ਵਾਰ, ਪਰ, ਅਸੀਂ ਗ਼ਲਤ ਨਤੀਜੇ ਕੱਢ ਲੈਂਦੇ ਹਾਂ। ਅਸੀਂ ਗ਼ਲਤ ਸਬਕ ਸਿੱਖ ਲੈਂਦੇ ਹਾਂ। ਜਿਸ ਨਜ਼ਰੀਏ ਤੋਂ ਤੁਸੀਂ ਇਸ ਵੇਲੇ ਇਤਿਹਾਸ ਦੇ ਇੱਕ ਖ਼ਾਸ ਹਿੱਸੇ ਨੂੰ ਦੇਖ ਰਹੇ ਹੋ, ਉਹ ਤੁਹਾਨੂੰ ਆਉਣ ਵਾਲਾ ਇੱਕ ਬਿਹਤਰ ਕੱਲ੍ਹ ਸਿਰਜਣ ਤੋਂ ਰੋਕ ਰਿਹਾ ਹੈ।

ਇੱਕ ਅਜਿਹੇ ਅਧਿਆਪਕ ਵਾਂਗ ਜਿਹੜਾ ਬੇਲਗ਼ਾਮ ਵਿਦਿਆਰਥੀਆਂ ਨਾਲ ਭਰੀ ਇੱਕ ਕਲਾਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਤੁਹਾਨੂੰ ਲੱਗਦੈ ਕਿ ਅਨੁਸ਼ਾਸਨ ਬਣਾਈ ਰੱਖਣ ਦਾ ਇੱਕੋ ਇੱਕ ਢੰਗ ਸਖ਼ਤ ਕਾਰਵਾਈ ਕਰ ਕੇ ਆਪਣਾ ਦਬਦਬਾ ਕਾਇਮ ਕਰਨਾ ਹੈ। ਕਿਸੇ ਡਾਵਾਂਡੋਲ ਵਿਵਸਥਾ ਤੋਂ ਤੁਸੀਂ ਬਹੁਤ ਅੱਕ ਚੁੱਕੇ ਹੋ। ਤੁਹਾਨੂੰ ਇੰਝ ਜਾਪਦੈ ਜਿਵੇਂ ਤੁਸੀਂ ਕਿਸੇ ਵਿਅਕਤੀ ਜਾਂ ਸ਼ੈਅ ਨਾਲ ਇੱਕ ਬਹੁਤ ਲੰਬਾ ਅਰਸਾ ਸਬਰ ਕਰ ਕੇ ਦੇਖ ਲਿਐ। ਪਰ ਖ਼ੁਦ ਨੂੰ ਇੱਕ ਵਾਰ ਇਹ ਪੁੱਛੋ ਕਿ ਕੀ ਚੀਜ਼ਾਂ ਵਾਕਈ ਓਨੀਆਂ ਅਪ੍ਰਵਾਨਿਤ ਹਨ ਜਿੰਨਾ ਤੁਸੀਂ ਸੋਚਦੇ ਹੋ … ਜਾਂ ਫ਼ਿਰ ਕੀ ਤੁਸੀਂ ਆਪਣੇ ਦ੍ਰਿਸ਼ਟੀਕੋਣ ‘ਚ ਥੋੜ੍ਹੀ ਜਿਹੀ ਤਬਦੀਲੀ ਕਰ ਕੇ ਮੁਕਾਬਲਤਨ ਹਲਕੇ ਬੱਦਲਾਂ ਪਿੱਛੇ ਛੁਪੀ ਰੌਸ਼ਨੀ ਦੀ ਇੱਕ ਵਿਸ਼ਾਲ ਕਿਰਣ ਨੂੰ ਭਾਲ ਸਕਦੇ ਹੋ।

ਦੂਸਰੇ ਲੋਕਾਂ ‘ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਜ਼ਰਾ ਦੇਖੋ ਤਾਂ ਸਹੀ ਉਹ ਸਾਰਾ ਵਖਤ ਅਤੇ ਖਿਲਾਰਾ ਜਿਹੜਾ ਉਹ ਲੋਕ ਪਾਉਂਦੇ ਨੇ। ਦੇਖੋ ਉਹ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਨੇ। ਦੇਖੋ ਕਿਹੜੀ ਚੀਜ਼ ਨੂੰ ਸਮਝਣੋਂ ਉਹ ਬਿਲਕੁਲ ਅਸਮਰਥ ਹਨ। ਆਏ ਕਿੱਥੋਂ ਨੇ ਉਹ ਲੋਕ? ਉਹ ਇਥੇ ਆ ਕੇ ਆਖ਼ਿਰ ਕਿਹੜੇ ਮਕਸਦ ਦੀ ਪੂਰਤੀ ਕਰ ਰਹੇ ਨੇ? ਜ਼ਰਾ ਸੋਚੋ ਉਨ੍ਹਾਂ ਬਗ਼ੈਰ ਇਹ ਸੰਸਾਰ ਕਿੰਨੀ ਬਿਹਤਰ ਸਥਿਤੀ ‘ਚ ਹੁੰਦਾ। ਦਰਅਸਲ, ਇਹ ਇੱਕ ਬਹੁਤ ਹੀ ਤਨਹਾ ਸਥਾਨ ਬਣ ਗਿਆ ਹੁੰਦਾ। ਇੱਥੇ ਕੋਈ ਅਜਿਹਾ ਵਿਅਕਤੀ ਨਾ ਹੁੰਦਾ ਜਿਸ ਦੀ ਅਸੀਂ ਨੁਕਤਾਚੀਨੀ ਕਰ ਸਕਦੇ ਜਾਂ ਜਿਸ ਨਾਲ ਅਸੀਂ ਨਾਰਾਜ਼ ਹੋ ਸਕਦੇ। ਭਾਵੇਂ ਇਹ ਚੰਗਾ ਹੈ ਜਾਂ ਬੁਰਾ, ਦੂਸਰੇ ਲੋਕ, ਦੂਸਰੇ ਵਿਚਾਰ ਅਤੇ ਵਿਹਾਰ ਇਸ ਸੰਸਾਰ ‘ਚ ਮੌਜੂਦ ਹਨ। ਕਈ ਕਾਰਨਾਂ ਪੱਖੋਂ ਤੁਸੀਂ ਛੇਤੀ ਹੀ ਇਹ ਗੱਲ ਸਮਝ ਜਾਓਗੇ, ਅਤੇ ਇਹ ਇੱਕ ਵਧੀਆ ਚੀਜ਼ ਹੋਵੇਗੀ।

”ਅਜਿਹਾ ਕੁਝ ਵੀ ਨਹੀਂ ਸੀ ਜੋ ਮੈਂ ਕਰ ਸਕਦਾ। ਮੇਰੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ ਬੱਚਿਆ।” ਅਸੀਂ ਕਈ ਵਾਰ ਖ਼ੁਦ ਨੂੰ ਅਜਿਹੀਆਂ ਗੱਲਾਂ ਕਹਿੰਦੇ ਹੋਏ ਪਾਉਂਦੇ ਹਾਂ। ਕੀ ਇਹ ਸੱਚ ਹਨ? ਜਾਂ ਫ਼ਿਰ ਇਹ ਕੇਵਲ ਸਾਡੀਆਂ ਦਲੀਲਾਂ ਹਨ? ਖ਼ੁਦ ਨੂੰ ਚੰਗਾ ਮਹਿਸੂਸ ਕਰਾਉਣ ਦੇ ਢੰਗ। ਸਾਨੂੰ ਕਦੇ ਵੀ ਇਹ ਪਤਾ ਨਹੀਂ ਚੱਲ ਸਕੇਗਾ। ਜੋ ਹੋਣਾ ਸੀ, ਉਹ ਹੋ ਚੁੱਕਾ। ਜੋ ਚਲਾ ਗਿਆ ਸੋ ਚਲਾ ਗਿਆ। ਅੰਗ੍ਰੇਜ਼ੀ ਦੀ ਇੱਕ ਕਹਾਵਤ ਹੈ, Hindsight is twenty-twenty, ਭਾਵ ਘਟਨਾ ਦੇ ਵਾਪਰ ਜਾਣ ਮਗਰੋਂ ਅਤੀਤ ਨੂੰ ਵਿਚਾਰਨ ‘ਤੇ ਸਭ ਨੂੰ ਇਹ ਪਤਾ ਚੱਲ ਜਾਂਦੈ ਕਿ ਉਹ ਕਿੱਥੇ ਗ਼ਲਤ ਸਨ। ਘਟਨਾਵਾਂ ਦੇ ਵਾਪਰਣ ਤੋਂ ਬਾਅਦ ਅਸੀਂ ਸਾਰੇ ਹੀ ਬਹੁਤ ਸਿਆਣੇ ਬਣ ਸਕਦੇ ਹਾਂ। ਪਰ ਜਦੋਂ ਅਸੀਂ ਅਤੀਤ ਨੂੰ ਵਿਚਾਰਣ ‘ਚ ਰੁੱਝੇ ਹੋਏ ਹੁੰਦੇ ਹਾਂ, ਵਰਤਮਾਨ ਤੇਜ਼ੀ ਨਾਲ ਭਵਿੱਖ ‘ਚ ਤਬਦੀਲ ਹੋ ਰਿਹਾ ਹੁੰਦੈ। ਜੋ ਅੱਜ ਵਾਪਰ ਰਿਹੈ, ਕੀਮਤ ਸਿਰਫ਼ ਉਸ ਦੀ ਹੈ। ਇੱਥੇ, ਹੁਣੇ, ਆਪਣੀ ਭਾਵਨਾਤਮਕ ਜ਼ਿੰਦਗੀ ‘ਚ, ਕੁਝ ਹੈ ਜੋ ਤੁਸੀਂ ਕਰ ਸਕਦੇ ਹੋ। ਅਤੇ ਉਹ ਤੁਹਾਨੂੰ ਕਰਨਾ ਵੀ ਚਾਹੀਦੈ।