ਰਾਜਸਥਾਨ: ਕੋਰਟ ਦੇ ਬਾਹਰ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ

ਜੈਪੁਰ- ਰਾਜਸਥਾਨ ਦੇ ਨਾਗੌਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੋਰਟ ’ਚ ਪੇਸ਼ੀ ਦੌਰਾਨ ਹਰਿਆਣਾ ਦੇ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਕੋਰਟ ਕੰਪਲੈਕਸ ਦੇ ਬਾਹਰ ਸ਼ੂਟਰਾਂ ਨੇ ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਓਧਰ ਪੁਲਸ ਮੁਤਾਬਕ ਸੰਦੀਪ ਨੂੰ ਪੇਸ਼ੀ ਲਈ ਨਾਗੌਰ ਕੋਰਟ ਲਿਆਂਦਾ ਗਿਆ ਸੀ। ਇਸ ਦੌਰਾਨ ਕਾਲੇ ਰੰਗ ਦੀ ਸਕਾਰਪੀਓ ’ਚ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਕਈ ਰਾਊਂਡ ਫਾਇਰਿੰਗ ਕੀਤੀ, ਜਿਸ ਨਾਲ ਸੰਦੀਪ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ੂਟਰ ਹਰਿਆਣਾ ਦੇ ਹੀ ਸਨ। ਉਨ੍ਹਾਂ ਨੇ ਕਰੀਬ 9 ਫਾਇਰ ਕੀਤੇ। ਬਦਮਾਸ਼ਾਂ ਦਾ ਪਤਾ ਲਾਉਣ ਲਈ ਪੁਲਸ ਨੇ ਨਾਗੌਰ ਦੇ ਆਲੇ-ਦੁਆਲੇ ਬੈਰੀਕੇਡਜ਼ ਲਾ ਦਿੱਤੇ ਹਨ। ਸਾਰੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਮਗਰੋਂ ਕੋਰਟ ਦੇ ਬਾਹਰ ਵੱਡੀ ਗਿਣਤੀ ’ਚ ਭੀੜ ਇਕੱਠੀ ਹੋ ਗਈ।
ਦੱਸਣਯੋਗ ਹੈ ਕਿ ਸੰਦੀਪ ਹਰਿਆਣਾ ਦਾ ਵਾਸੀ ਸੀ। ਉਹ ਗੈਂਗਸਟਰ ਅਤੇ ਸੁਪਾਰੀ ਕਿਲਰ ਸੀ। ਇਸ ਦੇ ਨਾਲ ਹੀ ਨਾਜਾਇਜ਼ ਸ਼ਰਾਬ ਤਸਕਰੀ ’ਚ ਵੀ ਸ਼ਾਮਲ ਸੀ। ਸੰਦੀਪ ਨੇ ਨਾਗੌਰ ’ਚ ਵੀ ਇਕ ਵਪਾਰੀ ਦਾ ਕਤਲ ਕੀਤਾ ਸੀ।