ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰਨੀਤ ਕੌਰ ਦਾ ਵੱਡਾ ਬਿਆਨ

ਸਮਾਣਾ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੇ ਵੱਡਾ ਬਿਆਨ ਦਿੱਤਾ ਹੈ। ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਸਣੇ ਪਰਿਵਾਰ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਪਰ ਉਨ੍ਹਾਂ ਦਾ ਫਿਲਹਾਲ ਅਜਿਹਾ ਕੋਈ ਵਿਚਾਰ ਨਹੀਂ ਹੈ। ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਸਥਾਨਕ ਅਗਰਵਾਲ ਗਊਸ਼ਾਲਾ ਵਿਖੇ ਵਿਸ਼ਵ ਭਲਾਈ ਲਈ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਮਹਾਪੁਰਾਣ ਦੇ ਆਖਰੀ ਦਿਨ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਇਸ ਸਮਾਗਮ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਮੈਂ ਭਾਜਪਾ ’ਚ ਨਹੀਂ ਜਾ ਰਹੀ ਪਰ ਮੇਰੇ ਪਰਿਵਾਰ ਦੇ ਬਾਕੀ ਮੈਂਬਰ ਅਮਰਿੰਦਰ ਸਿੰਘ, ਰਣਇੰਦਰ ਸਿੰਘ, ਉਨ੍ਹਾਂ ਦੀ ਬੇਟੀ ਆਦਿ ਸੋਮਵਾਰ ਨੂੰ ਭਾਜਪਾ ’ਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਈ ਸਾਬਕਾ ਮੰਤਰੀ ਅਤੇ ਕਈ ਸਾਬਕਾ ਵਿਧਾਇਕ ਵੀ ਭਾਜਪਾ ’ਚ ਸ਼ਾਮਲ ਹੋਣਗੇ।
‘ਆਪ’ ਸਰਕਾਰ ਬਾਰੇ ਬੋਲਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ’ਚ ਗੁੰਡਾਗਰਦੀ ਚੱਲ ਰਹੀ ਹੈ। ਕੇਜਰੀਵਾਲ ਪੰਜਾਬ ਸਰਕਾਰ ਚਲਾ ਰਿਹਾ ਹੈ। ਇਸ ਮੌਕੇ ਸਾਸ਼ਤਰੀ ਮਦਨ ਮਿੱਤਲ, ਡਾ. ਅਨਿਲ ਗਰਗ, ਦਿਨੇਸ਼ ਜੈਨ, ਵਰੁਣ ਗਰਗ, ਪ੍ਰਮੋਦ ਸਿੰਗਲਾ, ਠੇਕੇਦਾਰ ਸੁਦਰਸ਼ਨ ਮਿੱਤਲ, ਸੁਨੀਤਾ ਗਰਗ, ਨੈਨਸੀ ਗਰਗ, ਪਾਰੁਲ ਗਰਗ, ਨਿਸ਼ੀ ਗਰਗ, ਆਰਾਧਿਆ ਗਰਗ, ਆਸ਼ਾ ਗਰਗ, ਰੀਮਾ ਗਰਗ ਆਦਿ ਹਾਜ਼ਰ ਸਨ।