SCO ਸੰਮੇਲਨ ਲਈ PM ਮੋਦੀ ਪਹੁੰਚੇ ਸਮਰਕੰਦ, ਪੁਤਿਨ ਨਾਲ ਕਰਨਗੇ ਦੁਵੱਲੀ ਬੈਠਕ

ਸਮਰਕੰਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਸੰਮੇਲਨ ਵਿੱਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਉਜ਼ਬੇਕਿਸਤਾਨ ਦੇ ਸਮਰਕੰਦ ਪਹੁੰਚੇ। ਇਸ ਸੰਮੇਲਨ ‘ਚ ਖੇਤਰੀ ਸੁਰੱਖਿਆ ਚੁਣੌਤੀਆਂ, ਵਪਾਰ ਅਤੇ ਊਰਜਾ ਸਪਲਾਈ ਵਧਾਉਣ ਸਮੇਤ ਹੋਰ ਮੁੱਦਿਆਂ ‘ਤੇ ਚਰਚਾ ਕੀਤੀ ਜਾਣੀ ਹੈ। 2 ਸਾਲਾਂ ‘ਚ ਪਹਿਲੀ ਵਾਰ ਐੱਸ.ਸੀ.ਓ. ਸੰਮੇਲਨ ਵਿੱਚ ਨੇਤਾਵਾਂ ਦੀ ਵਿਅਕਤੀਗਤ ਮੌਜੂਦਗੀ ਦੇਖਣ ਨੂੰ ਮਿਲੇਗੀ। ਇਸ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਸ਼ਾਮਲ ਹੋਣਗੇ। ਮੋਦੀ ਵੱਲੋਂ ਸਿਖਰ ਸੰਮੇਲਨ ਤੋਂ ਇਲਾਵਾ ਦੁਵੱਲੀ ਮੀਟਿੰਗ ਕਰਨ ਦੀ ਵੀ ਸੰਭਾਵਨਾ ਹੈ, ਜਿਸ ਵਿੱਚ ਉਹ ਪੁਤਿਨ ਅਤੇ ਉਜ਼ਬੇਕ ਰਾਸ਼ਟਰਪਤੀ ਸ਼ਵਕਤ ਮਿਰਜ਼ਿਓਯੇਵ ਸਮੇਤ ਹੋਰ ਨੇਤਾਵਾਂ ਨਾਲ ਗੱਲਬਾਤ ਕਰਨਗੇ। ਹਾਲਾਂਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਨ੍ਹਾਂ ਦੀ ਸੰਭਾਵਿਤ ਦੁਵੱਲੀ ਮੁਲਾਕਾਤ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ।
ਮੋਦੀ ਨੇ ਟਵੀਟ ਕੀਤਾ, ”ਐੱਸ.ਸੀ.ਓ. ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ ਸਮਰਕੰਦ ਪਹੁੰਚ ਗਿਆ ਹਾਂ।” ਪ੍ਰਧਾਨ ਮੰਤਰੀ ਮੋਦੀ ਦਾ ਹਵਾਈ ਅੱਡੇ ‘ਤੇ ਉਨ੍ਹਾਂ ਦੇ ਉਜ਼ਬੇਕ ਹਮਰੁਤਬਾ ਅਬਦੁੱਲਾ ਅਰਿਪੋਵ, ਮੰਤਰੀਆਂ, ਰਾਜਪਾਲਾਂ ਤੇ ਸਮਰਕੰਦ ਖੇਤਰ ਦੇ ਹੋਰ ਅਧਿਕਾਰੀਆਂ ਨੇ ਸਵਾਗਤ ਕੀਤਾ। ਰਵਾਨਾ ਹੋਣ ਤੋਂ ਪਹਿਲਾਂ ਆਪਣੇ ਬਿਆਨ ਵਿੱਚ ਮੋਦੀ ਨੇ ਕਿਹਾ, “ਐੱਸ.ਸੀ.ਓ. ਸਿਖਰ ਸੰਮੇਲਨ ਵਿੱਚ ਮੈਂ ਸਤਹੀ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ, ਐੱਸ.ਸੀ.ਓ. ਦਾ ਵਿਸਥਾਰ ਅਤੇ ਸੰਗਠਨ ਦੇ ਅੰਦਰ ਬਹੁਪੱਖੀ ਤੇ ਆਪਸੀ ਲਾਭਕਾਰੀ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਉਤਸੁਕ ਹਾਂ।”
ਉਨ੍ਹਾਂ ਕਿਹਾ ਕਿ ਉਜ਼ਬੇਕ ਦੀ ਪ੍ਰਧਾਨਗੀ ਹੇਠ ਵਪਾਰ, ਅਰਥ ਵਿਵਸਥਾ, ਸੱਭਿਆਚਾਰ ਅਤੇ ਸੈਰ-ਸਪਾਟੇ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਲਈ ਕਈ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ। ਮੋਦੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਮਿਰਜ਼ਿਓਯੇਵ ਨੂੰ ਮਿਲਣ ਲਈ ਵੀ ਉਤਸੁਕ ਹਨ। ਉਹ ਸੰਮੇਲਨ ‘ਚ ਸ਼ਾਮਲ ਹੋਣ ਵਾਲੇ ਕੁਝ ਹੋਰ ਨੇਤਾਵਾਂ ਨਾਲ ਦੁਵੱਲੀ ਬੈਠਕ ਕਰਨਗੇ ਪਰ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਵੀਰਵਾਰ ਨੂੰ ਨਵੀਂ ਦਿੱਲੀ ‘ਚ ਪੱਤਰਕਾਰਾਂ ਨੂੰ ਕਿਹਾ, ”ਜਦੋਂ ਪ੍ਰਧਾਨ ਮੰਤਰੀ ਦੀਆਂ ਦੋ-ਪੱਖੀ ਬੈਠਕਾਂ ਦਾ ਪ੍ਰੋਗਰਾਮ ਸਾਹਮਣੇ ਆਵੇਗਾ, ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ।”
ਇਸ ਸੰਮੇਲਨ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੀ ਸ਼ਿਰਕਤ ਕਰ ਰਹੇ ਹਨ। ਯੂਕ੍ਰੇਨ ‘ਤੇ ਰੂਸੀ ਹਮਲੇ ਅਤੇ ਤਾਈਵਾਨ ਪ੍ਰਤੀ ਚੀਨ ਦੇ ਹਮਲਾਵਰ ਫੌਜੀ ਰੁਖ ਕਾਰਨ ਪੈਦਾ ਹੋਏ ਵੱਡੇ ਭੂ-ਰਾਜਨੀਤਕ ਉਥਲ-ਪੁਥਲ ਦੇ ਵਿਚਕਾਰ 8 ਦੇਸ਼ਾਂ ਦੇ ਪ੍ਰਭਾਵਸ਼ਾਲੀ ਸਮੂਹ ਦਾ ਇਹ ਸੰਮੇਲਨ ਹੋ ਰਿਹਾ ਹੈ। ਰੂਸੀ ਅਤੇ ਈਰਾਨੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਮੋਦੀ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਨਾਲ ਵੱਖ-ਵੱਖ ਦੁਵੱਲੀਆਂ ਬੈਠਕਾਂ ਕਰਨਗੇ।
ਸਮਰਕੰਦ ਵਿੱਚ SCO ਸਿਖਰ ਸੰਮੇਲਨ 2 ਸੈਸ਼ਨਾਂ ‘ਚ ਕੀਤਾ ਜਾਵੇਗਾ ਆਯੋਜਿਤ- ਇਕ ਸੀਮਤ ਸੈਸ਼ਨ, ਜੋ ਵਿਸ਼ੇਸ਼ ਤੌਰ ‘ਤੇ SCO ਮੈਂਬਰ ਦੇਸ਼ਾਂ ਲਈ ਹੈ ਅਤੇ ਫਿਰ ਇਕ ਵਿਸਤ੍ਰਿਤ ਸੈਸ਼ਨ, ਜਿਸ ਵਿਚ ਨਿਗਰਾਨ ਦੇਸ਼ ਅਤੇ ਪ੍ਰਧਾਨ ਦੇਸ਼ ਵੱਲੋਂ ਵਿਸ਼ੇਸ਼ ਤੌਰ ‘ਤੇ ਸੱਦੇ ਗਏ ਨੇਤਾਵਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਹੈ। SCO ਦੀ ਸ਼ੁਰੂਆਤ ਜੂਨ 2001 ਵਿੱਚ ਸ਼ੰਘਾਈ ‘ਚ ਹੋਈ ਸੀ ਅਤੇ ਇਸ ਦੇ 8 ਪੂਰਨ ਮੈਂਬਰ ਹਨ, ਜਿਸ ਵਿੱਚ ਇਸ ਦੇ 6 ਸੰਸਥਾਪਕ ਮੈਂਬਰ ਚੀਨ, ਕਜ਼ਾਕਿਸਤਾਨ, ਕਿਰਗਿਸਤਾਨ, ਰੂਸ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ। ਭਾਰਤ ਅਤੇ ਪਾਕਿਸਤਾਨ ਸਾਲ 2017 ‘ਚ ਇਸ ਵਿੱਚ ਪੂਰਨ ਮੈਂਬਰ ਵਜੋਂ ਸ਼ਾਮਲ ਹੋਏ।