ਹਰਚਰਨ ਬਰਾੜ ਦੀਆਂ ਬਾਤਾਂ – 4

ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
ਦੇਵੀ ਵਾਲੇ ਦੇ ਭੋਲਾ ਸਿੰਘ ਢਿਲੋਂ ਨੇ ਹਰਚਰਨ ਸਿੰਘ ਬਰਾੜ ਦਾ ਮਨ ਮੋਹ ਲਿਆ ਸੀ। ਇੱਕ ਸਮੇਂ ਬਰਾੜ ਨੇ ਭੋਲਾ ਸਿੰਘ ਨੂੰ ਕਿਹਾ ਸੀ ਕਿ ਭੋਲਿਆ, ”ਤੂੰ ਮੈਨੂੰ ਮੇਰੇ ਬੇਟੇ ਸਨੀ (ਕੰਵਲਜੀਤ) ਵਰਗਾ ਹੀ ਲੱਗਦੈਂ।”
ਭੋਲਾ ਸਿੰਘ ਫ਼ਰੀਦਕੋਟ ਵਿਖੇ ਜ਼ਿਲ੍ਹਾ ਸਿੱਖਿਆ ਦਫ਼ਤਰ ‘ਚ ਲੰਮੇ ਸਮੇਂ ਤੋਂ ਤਾਇਨਾਤ ਰਿਹੈ, ਅਤੇ ਕਦੇ ਉਹ ਡਿਪਟੀ ਸਿਖਿਆ ਅਫ਼ਸਰ ਵੀ ਬਣ ਗਿਆ ਸੀ। ਸੰਨ 1992 ਦੀਆਂ ਚੋਣਾਂ ਸਮੇਂ ਬਰਾੜ ਨੇ ਉਸ ਨੂੰ ਨੌਕਰੀ ਛੱਡ ਕੇ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਬਣਨ ਵਾਸਤੇ ਪੇਸ਼ਕਸ਼ ਕੀਤੀ ਪਰ ਉਹ ਨਾ ਮੰਨਿਆ। ਭੋਲਾ ਸਿੰਘ ਦੇ ਸਹੁਰੇ ਵੀ ਇਸ ਗੱਲ ‘ਤੇ ਰਾਜ਼ੀ ਨਹੀਂ ਸਨ। ਬਰਾੜ ਨੇ ਆਖਿਆ ਸੀ, ”ਭੋਲਿਆ, ਜੇ ਕਦੇ ਮੈਂ ਮੁੱਖ ਮੰਤਰੀ ਬਣਿਆ ਤਾਂ ਦੋ ਨੰਬਰ ‘ਤੇ ਮੇਰੇ ਨਾਲ ਸਹੁੰ ਚੁੱਕਣ ਵਾਲਾ ਤੂੰ ਹੋਵੇਂਗਾ।”ਭੋਲਾ ਸਿਘ ਸਿਆਸਤ ‘ਚ ਆਇਆ ਹੀ ਨਾ। ਜਿਸ ਦਿਨ ਬਰਾੜ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲੱਗੇ, ਗਵਰਨਵਰ ਹਾਊਸ ‘ਚ ਉਨਾਂ ਨੇ ਭੋਲਾ ਸਿੰਘ ਨੂੰ ਵੀ ਬੁਲਾਇਆ। ਪੀਪਲ ਟਰਾਂਸਪੋਰਟ ਵਾਲੇ ਗੁਰਪਾਲ ਸਿੰਘ ਬਰਾੜ ਵੀ ਨਾਲ ਸਨ। ਹਰਚਰਨ ਸਿੰਘ ਬਰਾੜ ਨੇ ਕੋਲ ਬੁਲਾ ਕੇ ਆਖਿਆ, ”ਭੋਲਿਆ, ਓਦੋਂ ਮੇਰਾ ਕਹਿਣਾ ਮੰਨ ਲੈਂਦਾ ਤਾਂ ਚੰਗਾ ਰਹਿੰਦਾ ਅਜ, ਪਰ ਤੂੰ ਜਲਦੀ ਹੀ ਸਹੁੰ ਚੁਕੇਂਗਾ।”
***
26 ਜਨਵਰੀ ਦਾ ਦਿਨ ਆ ਗਿਆ। ਬਰਾੜ ਸਾਹਬ ਫ਼ਰੀਦਕੋਟ ਝੰਡਾ ਲਹਿਰਾਉਣ ਆਏ। ਭੋਲਾ ਸਿੰਘ ਵੀ ਗਿਆ ਹੋਇਆ ਸੀ ਸਟੇਡੀਅਮ। ਸੋਮ ਪ੍ਰਕਾਸ਼ IAS (ਹੁਣ ਕੇਂਦਰੀ ਮੰਤਰੀ) ਓਦੋਂ ਫ਼ਰੀਦਕੋਟ ਦਾ ਡਿਪਟੀ ਕਮਿਸ਼ਨਰ ਸੀ, ਨਾਲ ਐਸ ਐਸ ਪੀ ਵੀ ਖੜਾ ਸੀ, ਅਤੇ ਸਾਰੇ ਭੋਲਾ ਸਿੰਘ ਨੂੰ ਵਧਾਈਆਂ ਦੇ ਰਹੇ ਸਨ। ਪਰ ਭੋਲਾ ਸਿੰਘ ਨੂੰ ਹਾਲੇ ਕੋਈ ਚਿੱਠੀ ਜਾਂ ਫ਼ੋਨ ਨਹੀਂ ਸੀ ਆਇਆ। ਉਸ ਨੇ ਪੁੱਛਿਆ ਕਾਹਦੀ ਵਧਾਈ ਐ। DC ਸਾਹਿਬ ਆਖਣ ਲੱਗੇ ਕਿ ਆਪ ਨੂੰ SS ਬੋਰਡ ਦਾ ਮੈਂਬਰ ਲਾ ਦਿੱਤਾ ਹੈ CM ਸਾਹਿਬ ਨੇ। ਉਸੇ ਵਕਤ ਬਰਾੜ ਸਾਹਿਬ ਦੀ ਕਾਰ ਸਟੇਡੀਅਮ ‘ਚ ਵੜੀ। ਬਰਾੜ ਸਾਹਿਬ ਨੇ ਵਧਾਈ ਦਿੰਦਿਆ ਆਖਿਆ, ”ਭੋਲਾ ਸਿੰਘ ਕੱਲ੍ਹ ਸਹੁੰ ਚੁੱਕਣੀ ਐ ਤੂੰ ਇਕੱਲੇ ਨੇ ਪੰਜਾਬ ਭਵਨ ‘ਚ, ਤਿਆਰੀ ਵੱਟ ਲੈ। ਵੈਸੇ ਮੈਂ ਤੈਨੂੰ SS ਬੋਰਡ ਦਾ ਚੇਅਰਮੈਨ ਲਾਉਣਾ ਸੀ, ਪਰ ਸਾਡੇ ਓਹ ਮੁਕਤਸਰ ਵਾਲੇ ਐਡਵੋਕੇਟ ਪਿਆਰੇ ਲਾਲ ਗਰਗ ਨੂੰ ਮੈਂ ਵਾਇਦਾ ਕਰ ਬੈਠਾ ਸਾਂ ਸੋ ਉਸੇ ਨੂੰ ਲਾ ਦਿੱਤਾ। ਚਲੋ ਕੋਈ ਨਾ, ਮੈਂ ਤੈਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਲਾਊਂਗਾ … ਵਾਇਦਾ ਰਿਹਾ ਤੇਰੇ ਨਾਲ।”
ਦੂਜੇ ਦਿਨ ਹੀ ਇਕੱਲੇ ਭੋਲਾ ਸਿੰਘ ਢਿਲੋਂ ਨੂੰ ਚੀਫ਼ ਸੈਕਟਰੀ ਵਲੋਂ ਪੰਜਾਬ ਭਵਨ ‘ਚ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੇ ਮੈਂਬਰ ਵਜੋਂ ਸਹੁੰ ਚੁਕਾਈ ਗਈ। ਬਰਾੜ ਸਾਹਿਬ ਦੀ ਸੈਕਟਰ 4 ਕੋਠੀ ਸੀ। ਕਹਿੰਦੇ, ”ਭੋਲਿਆ, ਤੂੰ ਐਥੇ ਰਹਿਣਾ ਐ।”ਉਨਾਂ ਵਿਧਾਇਕ ਬੱਬਲ ਸੰਧੂ ਵਾਲਾ MLA ਹੋਸਟਲ ‘ਚ ਕਮਰਾ ਲੈ ਦਿੱਤਾ। ਸਵੇਰੇ ਸਾਝਰੇ ਭੋਲਾ ਸਿੰਘ ਤਿਆਰ ਹੋ ਕੇ ਜਾ ਬੈਠਿਆ ਕਰੇ। ਜਿਹੜਾ ਬਰਾੜ ਸਾਹਬ ਨੂੰ ਮਿਲਣ ਆਵੇ, ਪਹਿਲਾਂ ਭੋਲਾ ਸਿੰਘ ਨੂੰ ਮਿਲ ਕੇ ਅੰਦਰ ਜਾਵੇ। ਹਰ ਮੀਟਿੰਗ ‘ਚ ਭੋਲਾ ਸਿੰਘ ਹਾਜ਼ਰ ਹੁੰਦਾ। ਇੱਕ ਦਿਨ ਆਖਿਆ, ”ਬਰਾੜ ਸਾਹਿਬ, ਇਓਂ ਠੀਕ ਨੀ ਲਗਦਾ, ਸਾਰੇ ਮੇਰੇ ਵੈਰੀ ਬਣ ਜਾਣਗੇ।”ਬਰਾੜ ਸਾਹਿਬ ਬੋਲੇ, ”ਭੋਲਿਆ, ਤੈਨੂੰ ਮੈਂ ਕਿਹਾ ਐ ਨਾ ਕਿ ਤੂੰ ਨਾਲ-ਨਾਲ ਰਹਿਣਾ ਐ।”ਦਸਦੇ ਨੇ ਕਿ ਬ੍ਰਹਮ ਮਹਿੰਦਰਾ, ਹੈਨਰੀ ਅਤੇ ਪਰਤਾਪ ਬਾਜਵਾ ਭੋਲਾ ਸਿੰਘ ਨਾਲ ਪੀਟਰ ਸਕੌਚ ਵੀ ਪੀਆ ਕਰਦੇ ਸਨ। ਮੁੱਖ ਮੰਤਰੀ ਬਰਾੜ ਸਾਹਿਬ ਨੇ ਭੋਲਾ ਸਿੰਘ ਦਾ ਨਾਂ ਗਵਰਨਰ ਨੂੰ PPSC ਦਾ ਮੈਂਬਰ ਲਾਉਣ ਵਾਸਤੇ ਭੇਜ ਦਿੱਤਾ। ਉਧਰੋਂ ਬੀਬੀ ਭੱਠਲ ਨੇ ਬਰਾੜ ਸਾਹਬ ਦੀ ਮੰਜੀ ਮੂਧੀ ਮਾਰਤੀ, ਅਤੇ ਭੋਲਾ ਸਿੰਘ ਦੀ ਫ਼ਾਈਲ ਵੀ ਵਿੱਚੇ ਈ ਰੁਲ ਗਈ। ਭੋਲਾ ਸਿੰਘ ਨੂੰ ਬਰਾੜ ਆਪਣਾ ਖਾਸਮ ਖਾਸ ਸਮਝਦੇ ਸਨ। ਇੱਕ ਸਿਆਸੀ ਬੰਦੇ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਭੋਲਾ ਸਿੰਘ ਉਸ ਦਾ ਇੱਕ ਦੋਸਤ ਫ਼ੋਨ ਕਰਕੇ ਪੁਛਦੈ ਕਿ ਹਰਚਰਨ ਬਰਾੜ ਕੇ ਪਰਿਵਾਰ ਦਾ ਕੀ ਹਾਲ ਚਾਲ ਐ? ਭੋਲਾ ਸਿੰਘ ਦਾ ਗੱਚ ਭਰ ਆਇਆ ਅਤੇ ਉਸਨੇ ਏਨਾ ਹੀ ਕਿਹਾ, ”ਬਾਈ ਜੀ, ਬੰਦਿਆਂ ਬਿਨਾਂ ਕਾਹਦੀ ਸਿਆਸਤ ਹੁੰਦੀ ਐ।”ਭੋਲਾ ਸਿੰਘ ਦਿਨ ‘ਚ ਗੱਲਾਂ ਕਰਦਾ ਕਰਦਾ ਹਰਚਰਨ ਸਿੰਘ ਬਰਾੜ ਨੂੰ ਹਰ ਪਲ ਚੇਤੇ ਕਰਦਾ ਝੁਰਦਾ ਅਤੇ ਖੁਰਦਾ ਰਿਹਾ।
***
ਭੋਲਾ ਸਿੰਘ ਦਾ ਮੁੰਡਾ ਤੇਜ ਢਿਲੋਂ ਦਸਦੈ ਕਿ ਜਿਸ ਦਿਨ ਬਰਾੜ ਸਾਹਿਬ PGI ‘ਚ ਪੂਰੇ ਹੋਏ ਤਾਂ ਉਨ੍ਹਾਂ ਦੀ ਬੇਟੀ ਬਬਲੀ, ਬੇਟਾ ਸਨੀ, ਨੂੰਹ ਕਰਨ ਕੌਰ ਵੀ ਉਥੇ ਹਾਜ਼ਰ ਸਨ, ਪਰ ਬਰਾੜ ਸਾਹਿਬ ਨੇ ਭੋਲਾ ਸਿੰਘ ਦੇ ਹੱਥਾਂ ‘ਚ ਸਵਾਸ ਤਿਆਗੇ। ਖੈਰ, 6 ਅਗਸਤ 2022 ਦੇ ਦਿਨ ਭੋਲਾ ਸਿੰਘ ਢਿਲੋਂ ਵੀ ਪੂਰੇ ਹੋ ਗਏ। ਮੈਂ ਉਹਨੀਂ ਦਿਨੀਂ ਪੰਜਾਬ ਤੋਂ ਬਾਹਰ ਸੀ, ਅਤੇ ਉਨਾਂ ਦੇ ਸੰਸਕਾਰ ਅਤੇ ਭੋਗ ਦੀਆਂ ਖਬਰਾਂ ‘ਚੋਂ ਮੈਂ ਹਰਚਰਨ ਸਿੰਘ ਬਰਾੜ ਦੇ ਕਿਸੇ ਪਰਿਵਾਰਕ ਮੈਂਬਰ ਦਾ ਨਾਂ ਭਾਲਦਾ ਰਿਹਾ ਪਰ ਥਿਆਇਆ ਨਹੀਂ! ਜੇ ਅਗੋਂ ਪਿਛੋਂ ਕੋਈ ਭੋਲਾ ਸਿੰਘ ਦਾ ਅਫ਼ਸੋਸ ਪ੍ਰਗਟਾਉਣ ਆਇਆ ਹੋਵੇ ਤਾਂ ਉਹ ਮੈਨੂੰ ਪਤਾ ਨਹੀਂ।
ਜਗ ਜਿਊਂਦਿਆਂ ਦੇ ਮੇਲੇ …