ਗੁਰਦਾਸਪੁਰ – ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸੂਬੇ ’ਚ ਹਾਰਸ ਟਰੇਡਿੰਗ ਦੇ ਦੋਸ਼ਾਂ ਨੂੰ ਲੈ ਕੇ ਭਾਜਪਾ ਵਿਰੁੱਧ ਠੋਸ ਸਬੂਤ ਪੇਸ਼ ਕਰਨ ਲਈ ਕਿਹਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਕ ਵਾਰ ਫਿਰ ਭਾਜਪਾ ’ਤੇ ‘ਆਪ’ ਦੇ ਵਿਧਾਇਕਾਂ ਨੂੰ ਕਰੋੜਾਂ ਰੁਪਏ ਦੀ ਪੇਸਕਸ਼ ਕਰ ਕੇ ਖਰੀਦਣ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲਾਏ ਗਏ ਹਨ। ਹਾਲਾਂਕਿ ਚੀਮਾ ਭਾਜਪਾ ਵਿਰੁੱਧ ਆਪਣੇ ਦਾਅਵਿਆਂ ਅਤੇ ਦੋਸ਼ਾਂ ਦੇ ਸਮਰਥਨ ’ਚ ਮੀਡੀਆ ਸਾਹਮਣੇ ਕੁਝ ਠੋਸ ਸਬੂਤ ਪੇਸ਼ ਕਰਨ ’ਚ ਅਸਫਲ ਰਹੇ ਹਨ।
ਬਾਜਵਾ ਨੇ ਕਿਹਾ ਕਿ ਭਾਵੇਂ ਚੀਮਾ ਨੇ ਕਿਹਾ ਕਿ ਭਾਜਪਾ ਨੇ ‘ਆਪ’ ਦੇ ਕਰੀਬ 35 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ’ਚੋਂ ਸਿਰਫ਼ 10 ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ। ਜੇਕਰ ਇਹ ਇਨ੍ਹਾਂ ਗੰਭੀਰ ਮੁੱਦਾ ਸੀ ਤਾਂ ‘ਆਪ’ ਵਿਧਾਇਕਾਂ ਦਾ ਪੂਰਾ ਸਮੂਹ ਮੀਡੀਆ ਸਾਹਮਣੇ ਕਿਉਂ ਨਹੀਂ ਪੇਸ਼ ਕੀਤਾ ਜਾ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅਤੇ ਦੇਸ਼ ਦੇ ਦੱਖਣੀ ਹਿੱਸਿਆਂ ’ਚ ਹੁਣ ਤੱਕ ਮਿਲੇ ਭਰਵੇਂ ਹੁੰਗਾਰੇ ਤੋਂ ਵੀ ਪ੍ਰੇਸ਼ਾਨ ਹਨ।
ਬਾਜਵਾ ਨੇ ਕਿਹਾ ਕਿ ‘ਆਪ’ ਵਿਧਾਇਕਾਂ ਦਾ ਪੰਜਾਬ ਦੇ ਡੀ. ਜੀ. ਪੀ. ਕੋਲ ਭਾਜਪਾ ਖ਼ਿਲਾਫ਼ ਕਥਿਤ ਖਰੀਦਦਾਰੀ ਦੀ ਸ਼ਿਕਾਇਤ ਕਰਨ ਲਈ ਲਿਜਾਣਾ ਵੀ ਖੋਖਲਾ ਅਤੇ ਤਰਕ ਵਿਹੂਣਾ ਕਦਮ ਹੈ। ਕਥਿਤ ਖਰੀਦ ਦੇ ਤੱਥ ਮੀਡੀਆ ਨਾਲ ਸਾਂਝੇ ਕਿਉਂ ਨਹੀਂ ਕੀਤੇ ਗਏ। ਦੂਜੇ ਪਾਸੇ ਪੰਜਾਬ ਸਮੇਤ ਕੌਮੀ ਪੱਧਰ ’ਤੇ ਭਾਜਪਾ ਦੇ ਆਗੂ ਦਾਅਵਾ ਕਰ ਰਹੇ ਹਨ ਕਿ ਚੀਮਾ ਵੱਲੋਂ ਲਾਏ ਦੋਸ਼ ਝੂਠੇ ਅਤੇ ਬੇਬੁਨਿਆਦ ਹਨ ਅਤੇ ਇਹ ਪੰਜਾਬ ਅਤੇ ਦਿੱਲੀ ਦੇ ਕੁਸ਼ਾਸਨ ਤੋਂ ਧਿਆਨ ਹਟਾਉਣ ਲਈ ਲਾਏ ਜਾ ਰਹੇ ਹਨ। ਬਾਜਵਾ ਨੇ ਕਿਹਾ ਕਿ ਜੇਕਰ ‘ਆਪ’ ਇਸ ਸਬੰਧੀ ਸਬੂਤ ਪੇਸ਼ ਕਰਨ ਵਿਚ ਅਸਫਲ ਰਹਿੰਦੀ ਹੈ ਤਾਂ ਭਾਜਪਾ ਲੀਡਰਸ਼ਿਪ ਨੂੰ ਤੁਰੰਤ ਅਪਰਾਧਿਕ ਮਾਮਲਾ ਦਰਜ ਕਰਨਾ ਚਾਹੀਦਾ ਹੈ ਅਤੇ ‘ਝੂਠੇ’ ਦੋਸ਼ ਲਗਾਉਣ ਲਈ ਏ. ਪੀ. ਪੀ. ਵਿਰੁੱਧ ਮਾਣਹਾਨੀ ਦਾ ਮੁਕੱਦਮਾ ਵੀ ਦਰਜ ਕਰਨਾ ਚਾਹੀਦਾ ਹੈ।