ਅੰਮ੍ਰਿਤਸਰ : ਕੇਂਦਰੀ ਜੇਲ੍ਹ ‘ਚ ਸਜ਼ਾ ਕੱਟ ਰਹੇ ਕੈਦੀ ਹੁਣ ਪਰਿਵਾਰ ਨਾਲ ਮਿਲਦੇ ਸਮੇਂ ਘਰ ਵਰਗਾ ਮਹਿਸੂਸ ਕਰ ਸਕਣਗੇ। ਕੈਦੀ ਹੁਣ ਜਦੋਂ ਪਰਿਵਾਰਕ ਮੈਂਬਰਾਂ ਨੂੰ ਜੇਲ੍ਹ ਦੇ ਅੰਦਰ ਮਿਲਣਗੇ ਤਾਂ ਉਨ੍ਹਾਂ ਦੇ ਸਾਹਮਣੇ ਜਾਲੀ ਜਾਂ ਸ਼ੀਸ਼ੇ ਦੀ ਕੰਧ ਨਹੀਂ ਹੋਵੇਗੀ। ਵੀਰਵਾਰ ਨੂੰ ਜੇਲ੍ਹ ਦੇ ਬੰਦੀ ਆਪਣੇ ਪਰਿਵਾਰ ਵਾਲਿਆਂ ਨੂੰ ਗਲ਼ੇ ਲਗਾ ਸਕਣਗੇ ਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਣਗੇ ਪਰ ਸ਼ਰਤ ਇਹ ਹੈ ਕਿ ਕੈਦੀ ਦਾ ਵਿਵਹਾਰ ਬਾਕੀ ਕੈਦੀਆਂ ਤੇ ਜੇਲ੍ਹ ਕਰਮਚਾਰੀਆਂ ਨਾਲ ਚੰਗਾਂ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਨੇ ਪਰਿਵਾਰਕ ਮੁਲਾਕਾਤ ਪ੍ਰੋਗਰਾਮ ਤਹਿਤ ਨਵੀਂ ਵਿਵਸਥਾ ਦਾ ਪਹਿਲ ਕੀਤੀ ਹੈ।
ਇਸ ਤਹਿਤ ਜੇਲ੍ਹ ਪ੍ਰਸ਼ਾਸਨ ਨੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਲੋਹੇ ਦੀ ਜਾਲੀ ਜਾਂ ਸ਼ੀਸ਼ੇ ਦੀ ਕੰਧ ਹਟਾਉਣ ਦਾ ਫ਼ੈਸਲਾ ਲਿਆ ਹੈ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਵੀਰਵਾਰ ਨੂੰ ਸ਼ੁਰੂ ਹੋਣ ਇਸ ਵਿਸ਼ੇਸ਼ ਪ੍ਰੋਗਰਾਮ ਲਈ ਪੰਜਾਬ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ। ਜਿਨ੍ਹਾਂ ਕੈਦੀਆਂ ਦਾ ਵਿਵਹਾਰ ਤੇ ਚਾਲ-ਚਲਣ ਠੀਕ ਹੋਵੇਗਾ ਉਨ੍ਹਾਂ ਨੂੰ ‘ਜਾਦੂ ਦੀ ਜੱਫ਼ੀ’ ਪ੍ਰੋਗਰਾਮ ਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ। ਪਹਿਲਾਂ ਜੇਲ੍ਹ ‘ਚ ਮੁਲਾਕਾਤ ਦੌਰਾਨ ਕੈਦੀ ਪਰਿਵਾਰ ਦੇ ਇਕ ਜਾਂ ਦੋ ਮੈਂਬਰਾਂ ਨੂੰ ਹੀ ਮਿਲ ਸਕਦਾ ਸੀ ਪਰ ਪੰਜਾਬ ਸਰਕਾਰ ਦੇ ਇਸ ਵਿਸ਼ੇਸ਼ ਪ੍ਰੋਗਰਾਮ ਤਹਿਤ ਚੰਗੇ ਵਿਵਹਾਰ ਵਾਲੇ ਬੰਦੀ ਨੂੰ ਆਪਣੇ ਪੂਰੇ ਪਰਿਵਾਰ ਨਾਲ ਮਿਲ ਕੇ ਬੈਠਣ ਦਾ ਮੌਕਾ ਦਿੱਤਾ ਜਾਵੇਗਾ।
ਜੇਲ੍ਹ ‘ਚ ਬਣਾਏ ਗਏ ਵਿਸ਼ੇਸ਼ ਹਾਲ
ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਲਈ ਜੇਲ੍ਹ ਦੇ ਅੰਦਰ ਵਿਸ਼ੇਸ਼ ਹਾਲ ਬਣਾਏ ਗਏ ਹਨ। ਇਨ੍ਹਾਂ ‘ਚ ਨਾ ਤਾਂ ਜਾਲੀਆਂ ਹਨ ਤੇ ਨਾ ਹੀ ਸ਼ੀਸ਼ੇ ਦੀ ਕੰਧ।
– ਪੰਜਾਬ ਸਰਕਾਰ ਨੇ ਜੇਲ੍ਹ ਵਿਭਾਗ ਦੀ ਸੁਧਾਰ ਨੀਤੀ ਨੂੰ ਮੁੱਖ ਰੱਖਦੇ ਹੋਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਕੈਦੀਆਂ ਤੇ ਹਵਾਲਾਤੀਆਂ ਨੂੰ ਆਪਣਾ ਵਿਵਹਾਰ ਠੀਕ ਰੱਖਣ ਦੀ ਪ੍ਰੇਰਣਾ ਮਿਲੇਗੀ।
– ਕੈਦੀ ਜੇਲ੍ਹ ‘ਚ ਰਹਿੰਦੇ ਹੋਏ ਆਪਣੇ ਪਰਿਵਾਰ ਨਾਲ ਬੈਠ ਕੇ ਦੁੱਖ-ਸੁੱਖ ਸਾਂਝਾ ਕਰ ਸਕਣਗੇ ਤੇ ਜੇਲ੍ਹ ਦੇ ਬਾਹਰ ਨਿਕਲਣ ਤੱਕ ਪਰਿਵਾਰ ਨਾਲ ਇਕ ਕੜੀ ਦਾ ਕੰਮ ਕਰਣਗੇ।